"/> ਸਾਇਨਾ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਇਨਾ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ

Published On: punjabinfoline.com, Date: Aug 05, 2012

ਲੰਡਨ, ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਵਰਗ ਦਾ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿੱਚ ਆਪਣੀਆਂ ਅਮਿੱਟ ਪੈੜਾਂ ਛੱਡ ਦਿੱਤੀਆਂ। ਭਾਵੇਂ ਸਾਇਨਾ ਸੈਮੀਫਾਈਨਲ ਮੈਚ ਦੇ ਪਹਿਲੇ ਸੈੱਟ ’ਚ 18-21 ਨਾਲ ਪਛੜ ਗਈ ਪਰ ਅੱਜ ਕਿਸਮਤ ਉਸ ਦੇ ਨਾਲ ਸੀ ਤੇ ਉਸ ਦੀ ਵਿਰੋਧੀ ਖਿਡਾਰਨ ਚੀਨ ਦੀ ਸ਼ਿਨ ਵੈਂਗ ਗੋਡੇ ਉੱਤੇ ਸੱਟ ਖਾ ਬੈਠੀ ਤੇ ਉਹ ਦੂਜਾ ਸੈੱਟ 0-1 ਨਾਲ ਸ਼ੁਰੂ ਹੁੰਦਿਆਂ ਸਾਰ ਗੇਮ ਛੱਡ ਗਈ। ਇਸ ਤਰ੍ਹਾਂ ਦੁਨੀਆਂ ਦੀ ਦੋ ਨੰਬਰ ਦੀ ਖਿਡਾਰਨ ਵੈਂਗ ਵੱਲੋਂ ਮੈਚ ਛੱਡਣ ਨਾਲ ਸਾਇਨਾ ਓਲੰਪਿਕ ਦੇ ਇਤਿਹਾਸ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ।
ਸਾਇਨਾ ਦੀ ਇਸ ਜਿੱਤ ਤੋਂ ਖੁਸ਼ ਹੋ ਕੇ ਹਰਿਆਣਾ ਸਰਕਾਰ ਨੇ ਉਸ ਨੂੰ ਇੱਕ ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਮੈਚ 26 ਮਿੰਟ ਤੋਂ ਬਾਅਦ ਰੋਕਣਾ ਪਿਆ। ਇਸ ਤਰ੍ਹਾਂ ਲੰਡਨ ਓਲੰਪਿਕ ਵਿੱਚ ਦੇਸ਼ ਲਈ ਤਗ਼ਮਾ ਜਿੱਤਣ ਵਾਲੀ ਸਾਇਨਾ ਤੀਜੀ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਭਾਰਤ ਦੇ ਗਗਨ ਨਾਰੰਗ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ ਵਰਗ ਵਿੱਚ ਕਾਂਸੀ ਦਾ ਤਮਗਾ ਤੇ ਵਿਜੈ ਕੁਮਾਰ ਨੇ 25 ਮੀਟਰ ਰੈਪਿਡ ਫਾਇਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਜ਼ਿਕਰਯੋਗ ਹੈ ਕਿ ਪੇਇਚਿੰਗ ਓਲੰਪਿਕ 2008 ਦੇ ਕੁਆਰਟਰਫਾਈਨਲ ਵਿੱਚ ਪੁੱਜਣ ਵਾਲੀ ਸਾਇਨਾ ਨੇ ਅੱਜ ਵੈਂਗ ਨੂੰ ਪਹਿਲੇ ਸੈੱਟ ਵਿੱਚ ਸਖ਼ਤ ਟੱਕਰ ਦਿੱਤੀ ਪਰ ਵੈਂਗ ਨੇ ਧੀਮੀ ਸ਼ੁਰੂਆਤ ਤੋਂ ਬਾਅਦ ਜਲਦੀ ਹੀ ਲੈਅ ਹਾਸਲ ਕਰ ਲਈ ਤੇ ਫਿਰ ਸਾਇਨਾ ’ਤੇ ਮੈਚ ਦੇ ਪੂਰੇ ਸਮੇਂ ਲਈ ਦਬਦਬਾ ਬਣਾ ਕੇ ਰੱਖਿਆ। ਵੈਂਗ ਦੇ ਡਰੌਪ ਸ਼ਾਟ ਤੇ ਕਰਾਸ ਸ਼ਾਟ ਦਮਦਾਰ ਸਨ ਤੇ ਸਾਇਨਾ ਨੇ ਰੈਲੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਇਨਾ ਨੇ ਇਸ ਦੌਰਾਨ ਕੁਝ ਗਲਤੀਆਂ ਵੀ ਕੀਤੀਆਂ ਤੇ ਅੰਕ ਵੀ ਗਵਾਏ। ਸਾਇਨਾ ਨੇ ਕੁਝ ਸ਼ਾਟ ਨੈੱਟ ਵਿੱਚ ਮਾਰੇ ਤੇ ਉਸ ਦੇ ਕੁਝ ਸ਼ਾਟ ਮੈਦਾਨ ਤੋਂ ਬਾਹਰ ਵੀ ਡਿੱਗੇ।
ਮੈਚ ਦੇ ਸ਼ੁਰੂ ਵਿੱਚ ਸਾਇਨਾ ਨੇ ਤੇਜ਼ ਸ਼ੁਰੂਆਤ ਕਰਦਿਆਂ ਪਹਿਲੇ ਸੈੱਟ ’ਚ 5-2 ਦੀ ਲੀਡ ਹਾਸਲ ਕੀਤੀ ਤੇ ਇਸ ਦੌਰਾਨ ਸਾਇਨਾ ਨੇ ਨੈੱਟ ’ਤੇ ਆਉਣ ਦੀ ਕੋਸ਼ਿਸ਼ ਕੀਤੀ ਪਰ ਵੈਂਗ ਨੇ ਲੰਮੇ ਸ਼ਾਟ ਖੇਡ ਕੇ ਉਸ ਦੀ ਰਣਨੀਤੀ ਨੂੰ ਇੱਕ ਤਰ੍ਹਾਂ ਪਛਾੜਦਿਆਂ 20-15 ’ਤੇ ਗੇਮ ਪੁਆਇੰਟ ਹਾਸਲ ਕਰ ਲਿਆ ਪਰ ਸਾਇਨਾ ਨੇ ਦ੍ਰਿੜਤਾ ਨਾਲ ਖੇਡਦਿਆਂ ਚਾਰ ਬਰੇਕ ਪੁਆਇੰਟ ਬਚਾਏ ਤੇ ਇਸ ਦੌਰਾਨ 18-20 ਦੇ ਸਕੋਰ ’ਤੇ ਵੈਂਗ ਦੇ ਗੋਡੇ ਨੂੰ ਜਰਕ ਆ ਗਈ ਤੇ ਉਸ ਦਾ ਮੈਦਾਨ ਵਿੱਚ ਇਲਾਜ ਕਰਨਾ ਪਿਆ ਤੇ ਇਸ ਤੋਂ ਬਾਅਦ ਵੈਂਗ ਨੇ ਮੈਚ ਸ਼ੁਰੂ ਹੁੰਦਿਆਂ ਸਾਰ ਇੱਕ ਅੰਕ ਹਾਸਲ ਕਰਕੇ ਪਹਿਲਾ ਸੈੱਟ ਆਪਣੇ ਨਾਂ ਕਰ ਲਿਆ ਪਰ ਵੈਂਗ ਦੇ ਚਿਹਰੇ ’ਤੇ ਸੱਟ ਦਾ ਦਰਦ ਸਾਫ ਝਲਕ ਰਿਹਾ ਸੀ ਤੇ ਆਖ਼ਰ ਉਸ ਨੇ ਮੈਚ ਵਿੱਚੋਂ ਹਟਣ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਸਾਇਨਾ ਨੇਹਵਾਲ ਕਾਂਸੀ ਦੇ ਤਗ਼ਮੇ ਦੀ ਹੱਕਦਾਰ ਬਣ ਗਈ ਤੇ ਭਾਰਤੀ ਬੈਡਮਿੰਟਨ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਲਈ ਮਾਰਗ ਦਰਸ਼ਕ ਬਣ ਗਈ।

Tags: ਲੰਡਨ ਸਾਇਨਾ ਨੇਹਵਾਲ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration