"/> ਗੁਰੂ ਨਾਨਕ ਦੇ ਸੰਦੇਸ਼ ’ਤੇ ਚੱਲਣਾ ਸਮੇਂ ਦੀ ਲੋੜ : ਮਮਤਾ ਬੈਨਰਜੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਨਾਨਕ ਦੇ ਸੰਦੇਸ਼ ’ਤੇ ਚੱਲਣਾ ਸਮੇਂ ਦੀ ਲੋੜ : ਮਮਤਾ ਬੈਨਰਜੀ

Published On: punjabinfoline.com, Date: Nov 28, 2012

ਕੋਲਕਾਤਾ, ਸ੍ਰੀ ਗੁਰੂ ਨਾਨਕ ਦੇਵ ਦੇ 544ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ੍ਰੀ ਗੁਰੂ ਸਿੰਘ ਸਭਾ ਕੋਲਕਾਤਾ ਵੱਲੋਂ ਸ਼ਹੀਦ ਮਿਨਾਰ ਮੈਦਾਨ ਵਿਖੇ ਸਜਾਏ ਦੀਵਾਨ ਵਿਚ ਗੁਰੂ ਜੀ ਨੂੰ ਸ਼ਰਧਾ ਭੇਟ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਗੁਰੂ ਨਾਨਕ ਨੇ ਸੇਵਾ, ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਹ ਇਸ ਸੰਦੇਸ਼ ਨੂੰ ਕਦੇ ਨਹੀਂ ਭੁਲਾ ਸਕਦੇ। ਉਨ੍ਹਾਂ ਕਿਹਾ ਕਿ ਅੱਜ ਗੁਰੂ ਨਾਨਕ ਦੇਵ ਦੇ ਸਿਧਾਂਤਾਂ ’ਤੇ ਚੱਲਣ ਅਤੇ ਉਨ੍ਹਾਂ ਨੂੰ ਅਪਣਾਉਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਪੰਜਾਬੀਆਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੰਜਾਬੀ ਬਹਾਦਰ ਕੌਮ ਹਨ ਅਤੇ ਇਨ੍ਹਾਂ ਅੰਦਰ ਕਾਫੀ ਜ਼ਾਬਤਾ ਹੈ।
ਇਹ ਹਰ ਕਿਸੇ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਧਰਮ ਮਾਨਵਤਾ ਦੀ ਸੇਵਾ ਕਰਨਾ ਸਿਖਾਉਂਦਾ ਹੈ ਤੇ ਸਿੱਖ ਆਪਣੇ ਗੁਰੂ ਦੇ ਸੰਦੇਸ਼ ਦੀ ਇਸ ਲਈ ਪਾਲਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਬੱਚਾ-ਬੱਚਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਜਾਣੂ ਹੈ। ਮੁੱਖ ਮੰਤਰੀ ਨੇ ਮਾਤਭਾਸ਼ਾ ਦੀ ਜਾਣਕਾਰੀ ਉਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਪੰਛਮੀ ਬੰਗਾਲ ਵਿਚ ਰਹਿਣ ਵਾਲੇ ਪੰਜਾਬੀ ਭਾਵੇਂ ਬੰਗਲਾ ਪੜ੍ਹ-ਲਿਖ ਅਤੇ ਬੋਲ ਸਕਦੇ ਹਨ ਪਰ ਇਹ ਕਿਤੇ ਆਪਣੀ ਮਾਤਾਭਾਸ਼ਾ ਪੰਜਾਬੀ ਨੂੰ ਨਾ ਭੁੱਲ ਜਾਣ। ਇਸ ਲਈ ਮਮਤਾ ਨੇ ਪੱਛਮੀ ਬੰਗਾਲ ’ਚ ਪੰਜਾਬੀ (ਗੁਰਮੁਖੀ) ਨੂੰ ਸਰਕਾਰੀ ਦਰਜਾ ਪ੍ਰਦਾਨ ਕੀਤਾ ਹੈ ਜੋ ਛੋਟੀ ਗੱਲ ਨਹੀਂ।
ਮਮਤਾ ਬੈਨਰਜੀ ਦਾ ਸਿੱਖ ਸੰਗਤਾਂ ਵੱਲੋਂ ਸਨਮਾਨ ਕਰਦਿਆਂ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਬਲਜੀਤ ਸਿੰਘ ਸੇਵਕ ਨੇ ਉਨ੍ਹਾਂ ਨੂੰ ਗੁਰੂ ਘਰ ਵੱਲੋਂ ਸਿਰੋਪਾ ਬਖਸ਼ਿਸ਼ ਕੀਤਾ। ਇਸ ਸਮੇਂ ਪੱਛਮੀ ਬੰਗਾਲ ਦੇ ਸ਼ਹਿਰੀ ਵਿਕਾਸ ਮੰਤਰੀ ਬਾਬੀ ਹਾਕਿਮ ਅਤੇ ਤ੍ਰਿਣਮੂਲ ਕਾਂਗਰਸ ਦੀ ਘੱਟਗਿਣਤੀ ਸੈੱਲ ਦੇ ਸੈਕਟਰੀ ਮਨਜੀਤ ਸਿੰਘ ਜੀਤੀ ਵੀ ਹਾਜ਼ਰ ਸਨ। ਸ੍ਰੀ ਗੁਰੂ ਸਿੰਘ ਸਭਾ ਵੱਲੋਂ ਇਸ ਮੌਕੇ ਸਰਬ ਧਰਮ ਸੰਮੇਲਨ ਵੀ ਕੀਤਾ ਗਿਆ ਜਿਸ ਵਿਚ ਮੁਸਲਿਮ, ਬੋਧੀ ਅਤੇ ਈਸਾਈ ਆਗੂਆਂ ਨੇ ਹਾਜ਼ਰੀ ਭਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਸ਼ਰਧਾ ਭੇਟ ਕੀਤੀ ਅਤੇ ਉਨ੍ਹਾਂ ਵੱਲੋਂ ਦਰਸਾਏ ਹੋਏ ਮਾਨਵ ਸੇਵਾ, ਸ਼ਾਂਤੀ ਅਤੇ ਸਦਭਾਵਨਾ ਦੇ ਮਾਰਗ ਉਪਰ ਚੱਲਣ ਲਈ ਕਿਹਾ, ਇਸ ਤੋਂ ਪਹਿਲਾਂ ਪ੍ਰਕਾਸ਼ ਦਿਹਾੜੇ ’ਤੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ।
ਨਗਰ ਕੀਰਤਨ ਸਵੇਰੇ 11 ਵਜੇ ਆਰੰਭ ਹੋ ਕੇ ਸ਼ਹਿਰ ਦੀਆਂ ਮੁੱਖ ਸੜਕਾਂ, ਮਹਾਤਮਾ ਗਾਂਧੀ ਰੋਡ, ਗਰੀਨ ਪਾਰਕ, ਵਿਵੇਕਾਨੰਦ ਰੋਡ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕਾ ਬਾਗ ਬਾਘਮਾਹੀ ਵਿਖੇ ਪਹੁੰਚ ਕੇ ਸਮਾਪਤ ਹੋਇਆ। ਪੱਛਮੀ ਬੰਗਾਲ ਦੇ ਯੋਜਨਾ ਅਤੇ ਵਿਕਾਸ ਮੰਤਰੀ ਰਛਪਾਲ ਸਿੰਘ ਨੇ ਵੀ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਵੀ ਨਗਰ ਕੀਰਤਨ ’ਚ ਹਿੱਸਾ ਲਿਆ। ਇਸ ਦੌਰਾਨ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ।
ਦਮਦਮ ਦੇ ਸਿੰਘਾਂ ਦਾ ਜਥਾ, ਜਿਸ ਦੀ ਅਗਵਾਈ ਕਾਰਜ ਸਿੰਘ ਸੁਹਾਵਾ, ਹਰਦੇਵ ਸਿੰਘ ਵਰਪਾਲ ਤੇ ਭਗਵੰਤ ਸਿੰਘ ਦੀਨਪੁਰ ਕਰ ਰਹੇ ਸਨ, ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ।

Tags: ਮਮਤਾ ਬੈਨਰਜੀ ਕੋਲਕਾਤਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration