"/> ਕਰਤਵਾਂ ਦੇ ਨਾਲ ਅਧਿਕਾਰਾ ਦੀ ਹੱਕਦਾਰ ਹੈ ਔਰਤ (8 ਮਾਰਚ ਔਰਤ ਦਿਵਸ਼ ਤੇ ਵਿਸ਼ੇਸ਼)
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਰਤਵਾਂ ਦੇ ਨਾਲ ਅਧਿਕਾਰਾ ਦੀ ਹੱਕਦਾਰ ਹੈ ਔਰਤ (8 ਮਾਰਚ ਔਰਤ ਦਿਵਸ਼ ਤੇ ਵਿਸ਼ੇਸ਼)

Published On: punjabinfoline.com, Date: Mar 04, 2015

ਇੱਕ ਔਰਤ ਮਾਂ, ਭੈਣ, ਪਤਨੀ ਅਤੇ ਬੇਟੀ ਦੇ ਰੂਪ ਵਿੱਚ ਹਮੇਸ਼ਾ ਆਪਣੇ ਕਰਤਵ ਨਿਭਾਉਾਦੀ ਹੈ, ਪਰ ਜਦੋਂ ਗੱਲ ਅਧਿਕਾਰਾਂ ਦੀ ਚੱਲਦੀ ਹੈ ਤਾਂ ਬਹੁਤ ਵਾਰੀ ਉਸ ਨੂੰ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਅਹਿਮ ਫ਼ੈਸਲੇ ਕਰਨ ਦਾ ਅਧਿਕਾਰ ਵੀ ਹਾਸਿਲ ਨਹੀਂ ਹੁੰਦਾ | ਮਰਦਾਂ ਦੁਆਰਾ ਕੀਤੇ ਫ਼ੈਸਲੇ ਔਰਤਾਂ ਉਪਰ ਥੋਪ ਦਿੱਤੇ ਜਾਂਦੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਹੱਸਦੇ ਹੋਏ ਸਵੀਕਾਰ ਕਰ ਲਵੇ | ਜੇਕਰ ਕੋਈ ਔਰਤ ਆਪਣੇ ਹੱਕਾਂ ਲਈ ਆਵਾਜ਼ ਉਠਾਉਦੀ ਹੈ ਤਾਂ ਉਸ ਦੀ ਆਵਾਜ਼ ਉਠਣ ਤੋਂ ਪਹਿਲਾ ਹੀ ਦਬਾ ਦਿੱਤੀ ਜਾਂਦੀ ਹੈ | ਅੱਜ ਬੇਸ਼ੱਕ ਅਸੀਂ ਇਕਵੀਂ ਸਦੀ ਵਿੱਚ ਪਹੁੰਚ ਗਏ ਹਾਂ ਪਰੰਤੂ ਤਰਾਸਦੀ ਇਹ ਹੈ ਕਿ ਔਰਤ ਦੀ ਸਥਿਤੀ ਵਿੱਚ ਅੱਜ ਵੀ ਬਹੁਤਾ ਸੁਧਾਰ ਨਹੀਂ ਹੋਇਆ | ਫਰਕ ਬੱਸ ਇਹ ਹੀ ਪਿਆ ਹੈ ਕਿ ਜਿੱਥੇ ਪੁਰਾਤਨ ਸਮਿਆਂ ਦੇ ਵਿੱਚ ਲੜਕੀ ਨੂੰ ਜਨਮ ਲੈਣ ਤੋਂ ਬਾਅਦ ਮਾਰਿਆ ਜਾਂਦਾ ਸੀ, ਉੱਥੇ ਅੱਜ ਦੇ ਆਧੁਨਿਕ ਯੁੱਗ ਵਿੱਚ ਲੜਕੀ ਨੂੰ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ | ਜਨਮ ਤੋਂ ਹੀ ਲੜਕੇ ਅਤੇ ਲੜਕੀ ਵਿੱਚ ਚੰਗੇ ਖਾਣ ਪੀਣ, ਪਹਿਨਣ ਅਤੇ ਪੜ੍ਹਾਈ ਲਿਖਾਈ ਦੇ ਸਬੰਧ ਵਿਚ ਅਨੇਕਾਂ ਵਿਤਕਰੇ ਕੀਤੇ ਜਾਂਦੇ ਹਨ | ਬਹੁਤ ਸਾਰੇ ਮਾਪਿਆ ਦੁਆਰਾ ਲੜਕੀ ਨੂੰ ਸਿਰਫ ਇਸ ਲਈ ਪੜਾਇਆ ਲਿਖਾਇਆ ਜਾਂਦਾ ਹੈ ਕਿ ਉਸ ਦਾ ਰਿਸ਼ਤਾ ਇੱਕ ਚੰਗੇ ਘਰ ਵਿੱਚ ਹੋ ਸਕੇ |ਅੱਜ ਵੀ ਬਹੁਤ ਸਾਰੀਆਂ ਲੜਕੀਆਂ ਦੀ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੀ ਚਾਹਤ ਕਿਤੇ ਅੱਧ ਵਾਟੇ ਹੀ ਦਮ ਤੋੜ ਜਾਂਦੀ ਹੈ | ਵਿਆਹ ਸਬੰਧੀ ਕੀਤੇ ਜਾਣ ਵਾਲੇ ਅਹਿਮ ਫ਼ੈਸਲੇ ਵਿੱਚ ਲੜਕੇ ਦੀ ਪਸੰਦ ਦਾ ਤਾਂ ਖਿਆਲ ਰੱਖਿਆ ਜਾਂਦਾ ਹੈ, ਪਰੰਤੂ ਇੱਕ ਲੜਕੀ ਦੀ ਰਾਏ ਜਾਨਣਾ ਜਰੂਰੀ ਨਹੀਂ ਸਮਝਿਆ ਜਾਂਦਾ | ਮਕਾਨ ਨੂੰ ਘਰ ਬਣਾ ਦੇਣ ਵਾਲੀ ਔਰਤ ਨੂੰ ਉਸੇ ਘਰ - ਪਰਿਵਾਰ ਨਾਲ ਜੁੜੇ ਅਹਿਮ ਫ਼ੈਸਲਿਆ ਵਿੱਚ ਨਜ਼ਰ - ਅੰਦਾਜ਼ ਕਰ ਦਿੱਤਾ ਜਾਂਦਾ ਹੈ | ਕਦੀ ਤਾਂ ਇੰਝ ਲੱਗਦਾ ਹੈ ਕਿ ਗ੍ਰਹਿਸਥ ਦੀ ਗੱਡੀ ਦੇ ਪਹੀਏ ਵੱਜੋਂ ਜਾਣੇ ਜਾਂਦੇ ਪਤੀ ਪਤਨੀ ਵਿੱਚੋਂ ਪਤਨੀ ਕਰਤਵਾਂ ਅਤੇ ਪਤੀ ਅਧਿਕਾਰਾਂ ਰੂਪੀ ਪਹੀਆ ਹੋਵੇ | ਔਰਤਾਂ ਕੇਵਲ ਘਰਾਂ ਵਿੱਚ ਹੀ ਨਹੀਂ ਸਗੋਂ ਕੰਮਕਾਰ ਦੇ ਸਥਾਨ ਦਫ਼ਤਰਾਂ ਅਤੇ ਸਮਾਜ ਵਿੱਚ ਵਿੱਚਰਦਿਆਂ ਅਨੇਕਾਂ ਤਰ੍ਹਾਂ ਨਾਲ ਵਿਤਕਰਿਆਂ ਦੀ ਸ਼ਿਕਾਰ ਹੁੰਦੀ ਹੈ |
ਅਸੀਂ ਹਰ ਸਾਲ 8 ਮਾਰਚ ਦਾ ਦਿਨ ਔਰਤ ਦਿਵਸ ਵੱਜੋਂ ਮਨਾਉਦੇ ਹਾਂ | ਇਸ ਦਿਨ ਔਰਤ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਸਭਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ, ਲੰਬੇ ਚੌੜੇ ਭਾਸ਼ਣ ਦਿੱਤੇ ਜਾਂਦੇ ਹਨ ਅਤੇ ਅਨੇਕਾਂ ਪ੍ਰਕਾਰ ਦੇ ਵਾਦੇ ਕੀਤੇ ਜਾਂਦੇ ਹਨ | ਪਰ ਕਦੀ ਕਿਸੇ ਨੇ ਪਿਛਲੇ ਸਾਲ ਕੀਤੇ ਵਾਦਿਆਂ ਤੇ ਝਾਤ ਨਹੀਂ ਮਾਰੀ ਕਿ ਉਹਨਾਂ ਵਿੱਚੋਂ ਕਿੰਨੇ ਵਾਦਿਆਂ ਨੂੰ ਮੰਜ਼ਿਲ ਨਸੀਬ ਹੋਈ ਤੇ ਕਿੰਨੇ ਰਾਹ ਵਿੱਚ ਦਮ ਤੋੜ ਗਏ | ਅੱਜ ਬੇਸ਼ੱਕ ਵੱਡੇ ਸ਼ਹਿਰਾ ਅਤੇ ਕਸਬਿਆਂ ਦੇ ਵਿੱਚ ਔਰਤ ਦੀ ਸਥਿਤੀ ਵਿੱਚ ਕੁੱਝ ਸੁਧਾਰ ਆਇਆ ਹੈ | ਪਰੰਤੂ ਸਾਡੇ ਦੇਸ਼ ਵਿੱਚ ਤਕਰੀਬਨ 70 ਪ੍ਰਤੀਸ਼ਤ ਅਬਾਦੀ ਪਿੰਡਾਂ ਵਿੱਚ ਰਹਿੰਦੀ ਹੈ, ਜਿੱਥੇ ਔਰਤ ਦੀ ਸਥਿਤੀ ਅੱਜ ਵੀ ਤਰਸਯੋਗ ਹੈ | ਪਿੰਡਾਂ ਵਿੱਚ ਰਹਿਣ ਵਾਲੀਆ ਬਹੁਤ ਸਾਰੀਆਂ ਔਰਤਾਂ ਨੂੰ ਤਾਂ ਸ਼ਾਇਦ ਇਹ ਵੀ ਪਤਾ ਨਹੀ ਕਿ ਸਾਲ ਵਿੱਚ ਇੱਕ ਦਿਨ ਅਜਿਹਾ ਹੈ ਜੋ ਔਰਤਾਂ ਲਈ ਰਾਖਵਾਂ ਹੈ | ਸਰਕਾਰ ਦੁਆਰਾ ਪਿੰਡਾਂ ਦੀਆਂ ਅਤੇ ਪਛੜੇ ਵਰਗ ਦੀਆਂ ਔਰਤਾਂ ਨੂੰ ਜਾਗਰੂਕ ਕਰਨ ਅਤੇ ਅੱਗੇ ਲਿਆਉਣ ਲਈ ਪਿੰਡ ਅਤੇ ਬਲਾਕ ਪੱਧਰ ਤੇ ਸੈਮੀਨਾਰ ਅਯੋਜਿਤ ਕਰਨੇ ਚਾਹੀਦੇ ਹਨ | ਸਰਕਾਰ ਦੁਆਰਾ ਅਜਿਹੀਆਂ ਨੀਤੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ, ਜਿੰਨ੍ਹਾਂ ਨਾਲ ਔਰਤਾਂ ਦਾ ਜੀਵਨ ਪੱਧਰ ਉੱਚਾ ਉਠ ਸਕੇ | ਸ਼ਾਇਦ ਤਾਂ ਹੀ ਇਹ ਔਰਤ ਦਿਵਸ ਮਨਾਉਣਾ ਸਹੀ ਮਾਨਿ੍ਹਆ ਵਿੱਚ ਸਾਰਥਕ ਸਿੱਧ ਹੋ ਸਕੇ |
ਔਰਤ ਹੋਣਾ ਕੋਈ ਗੁਨਾਹ ਨਹੀਂ ਹੈ,ਜਿਸਦੀ ਸ਼ਜਾ ਉਹ ਸਾਰੀ ਉਮਰ ਭੁਗਤਦੀ ਹੈ | ਲੋੜ ਹੈ ਔਰਤਾਂ ਪ੍ਰਤੀ ਰਵਈਆਂ ਤੇ ਨਜ਼ਰੀਆਂ ਬਦਲਣ ਦੀ ਉਹਨਾਂ ਨੂੰ ਬਣਦਾ ਮਾਨ ਅਤੇ ਸਤਕਾਰ ਦੇਣ ਦੀ | ਇੱਕ ਔਰਤ ਆਪਣੇ ਨਾਲ ਜੁੜੇ ਕਰਤਵਾਂ ਤੋਂ ਕਦੀ ਵੀ ਇਨਕਾਰੀ ਨਹੀਂ, ਪਰ ਜੇ ਉਸਨੂੰ ਜ਼ਿੰਦਗੀ ਜਿਉਣ , ਪੜ੍ਹ-ਲਿਖਕੇ ਪੈਰਾ ਤੇ ਖੜ੍ਹਾ ਹੋਣ ਅਤੇ ਆਪਣੀ ਜ਼ਿੰਦਗੀ ਨਾਲ ਜੁੜੇ ਅਹਿਮ ਫ਼ੈਸਲੇ ਕਰਨ ਦਾ ਅਧਿਕਾਰ ਦੇ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਉਹ ਆਪਣੇ ਕਰਤਵ ਹੋਰ ਸੁਚੱਜੇ ਢੰਗ ਨਾਲ ਨਿਭਾ ਸਕੇ |
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration