"/> ਰੱਲੀ ਸਕੂਲ ਬਾਰੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰੱਲੀ ਸਕੂਲ ਬਾਰੇ

Published On: punjabinfoline.com, Date: Nov 03, 2015

ਇੰਝ ਬਣਿਆ ਚਾਨਣ ਮੁਨਾਰਾ ਪਿੰਡ ਰੱਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ
ਪ੍ਰਾਇਵੇਟ ਸਕੂਲਾਂ ਨੂੰ ਮਾਤ ਦਿੰਦਾ ਜਿਲ੍ਹਾ ਮਾਨਸਾ ਦੇ ਪਿੰਡ ਰੱਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ
ਨਿਰੰਤਰ ਵੱਧ ਰਹੀ ਬੱਚਿਆ ਦੀ ਗਿਣਤੀ-
ਸ਼ੋਸਲ ਮੀਡੀਆਂ ਰਾਂਹੀ ਸ.ਪ.ਸਕੂਲ ਆਇਆ ਚਰਚਾ ਵਿੱਚ
ਇਹ ਗੱਲ ਕੋਈ ਅਚੰਭੇ ਵਾਲੀ ਗੱਲ ਹੀ ਹੈ ਕਿ ਕੋਈ ਸਰਕਾਰੀ ਸਕੂਲ ਕਿਸੇ ਪ੍ਰਾਇਵੇਟ ਸਕੂਲ ਦੀ ਬਰਾਬਰੀ ਕਰ ਸਕਦਾ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਪ੍ਰਾਇਵੇਟ ਸਕੂਲਾਂ ਵਾਂਗੂ ਉੱਚ ਪਾਏ ਦਾ ਨਹੀ ਹੁੰਦਾ ਕਿਊਕਿ ਨਾ ਹੀ ਕਿਸੇ ਸਰਕਾਰੀ ਸਕੂਲ ਦੀ ਦਿੱਖ ਪ੍ਰਾਈਵੇਟ ਸਕੂਲ ਦੇ ਬਰਾਬਰ ਦੀ ਹੁੰਦੀ ਹੈ ਅਤੇ ਨਾ ਹੀ ਉੱਚ ਪੱਧਰੀ ਸੁਵਿਧਾਵਾਂ ਸਰਕਾਰੀ ਸਕੂਲਾਂ ਵਿੱਚ ਮੌਜੂਦ ਹੁੰਦੀਆ ਹਨ ਪ੍ਰੰਤੂ ਇਹ ਵਿਚਾਰ ਸਰਕਾਰੀ ਪ੍ਰਾਇਮਰੀ ਸਕੂਲ ਰੱਲੀ ਲਈ ਢੁੱਕਵੇਂ ਨਹੀਂ ਹਨ।ਕੁੱਝ ਸਮਾਂ ਪਹਿਲਾਂ ਸ਼ੋਸਲ ਮੀਡੀਆਂ ਰਾਹੀਂ ਚਰਚਾ ਵਿੱਚ ਆਏ ਪਿੰਡ ਰੱਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਦੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ।ਇਹ ਸਕੂਲ ਪੜ੍ਹਾਈ,ਸੁਵਿਧਾਵਾਂ ਅਤੇ ਦਿੱਖ ਪੱਖੋਂ ਕਿਸੇ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਊਣਾ ਨਹੀ।ਕੁੱਝ ਦਿਨ ਪਹਿਲਾਂ ਮੇਰਾ ਇਸ ਸਕੂਲ ਵਿੱਚ ਜਾਣ ਦਾ ਸਬੱਬ ਬਣਿਆਂ ਤਾਂ ਦੇਖ ਕੇ ਇੰਝ ਲੱਗਿਆ ਕਿ ਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਹੋਵਾਂ।ਜਿਸ ਤੇ ਪਹਿਲੀ ਵਾਰ ਕਿਸੇ ਵੀ ਵਿਅਕਤੀ ਨੂੰ ਯਕੀਨ ਨਹੀ ਹੋਵੇਗਾ।ਲੱਗਭਗ 1800 ਦੇ ਕਰੀਬ ਦੀ ਆਬਦੀ ਵਾਲਾ ਮਾਨਸਾ ਜਿਲ੍ਹੇ ਦੀ ਤਹਿਸੀਲ ਬੁਢਲ਼ਾਡਾ ਵਿੱਚ ਪੈਂਦਾ ਪਿੰਡ ਰੱਲੀ ਜੋ ਬੁਢਲਾਡਾ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।ਇਹ ਪਿੰਡ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆਂ ਰਾਂਹੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਮਾਨਸਾ ਜਿਲ੍ਹੇ ਨੂੰ ਭਾਂਵੇ ਹੀ ਸਿਖਿਆ ਪੱਖੋਂ ਪਛੜਿਆ ਹੋਇਆ ਹੀ ਮੰਨਿਆ ਜਾਂਦਾ ਹੈ ਪ੍ਰੰਤੂ ਇਸ ਸਕੂਲ ਨੇ ਜਿੱਥੇ ਆਪਣੇ ਪਿੰਡ ਦਾ ਨਾਮ ਉੱਚਾ ਕੀਤਾ ਹੈ ਉਥੇ ਮਾਨਸਾ ਜਿਲ੍ਹੇ ਨੂੰ ਮਾਣ ਵੀ ਬਖਸ਼ਿਆ ਹੈ।ਹੁੱਣ ਕੋਈ ਵੀ ਇਹ ਕਹਿਣ ਤੋਂ ਪਹਿਲਾਂ ਜਰੂਰ ਸੋਚੇਗਾ ਕਿ ਮਾਨਸਾ ਜਿਲ੍ਹਾ ਹੁੱਣ ਸਿੱਖਿਆ ਦੇ ਪੱਖੋਂ ਪੱਛੜਿਆ ਹੋਇਆ ਨਹੀਂ।ਜਦੋਂ ਕਦੇ ਵੀ ਸਿੱਖਿਆ ਦੇ ਵਿੱਚ ਬਦਲਾਅ ਦਾ ਜਿਕਰ ਹੋਵੇਗਾ ਉੱਥੇ ਪਿੰਡ ਰੱਲੀ ਦੇ ਪ੍ਰਾਇਮਰੀ ਸਕੂਲ ਦਾ ਜਿਕਰ ਜਰੂਰ ਹੋਵੇਗਾ।ਇਸ ਸਕੂਲ ਦੇ ਨਾਲ ਜੁੜੀ ਸਾਰੀ ਕਹਾਣੀ ਸੰਬੰਧੀ ਮੈਂ ਸਕੂਲ ਦੇ ਹੈਡ ਟੀਚਰ ਸ੍ਰ. ਅਮਰਜੀਤ ਸਿੰਘ ਚਹਿਲ ਨਾਲ ਸਕੂਲ ਸਬੰਧੀ ਕੁੱਝ ਜਾਣਕਾਰੀ ਹਾਸਿਲ ਕੀਤੀ ਜੋ ਤੁਹਾਡੇ ਸਾਰਿਆ ਨਾਲ ਸਾਂਝੀ ਕਰ ਰਿਹਾ ਹਾਂ।
ਚਹਿਲ ਸਾਹਿਬ ਦੇ ਕਹਿਣ ਅਨੁਸਾਰ ਪ੍ਰਾਇਮਰੀ ਸਕੂਲ ਵਿਦਿਆਰਥੀ ਦੀ ਜਿੰਦਗੀ ਦਾ ਸਭ ਤੋਂ ਮਹੱਤਵਪੂਰਨ ਅਨਿੱਖੜਵਾਂ ਅੰਗ ਹੈ।ਸ਼ੁਰੂ ਵਿੱਚ ਪ੍ਰਾਇਮਰੀ ਸਕੂਲ ਦੀ ਸਿਖਿਆ ਹੀ ਬੱਚੇ ਦੇ ਜੀਵਨ ਦੀ ਸਹੀ ਨੀਹ ਰੱਖਦੀ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਦੀ ਸ਼ੁਰੂਆਤ ਹੁੰਦੀ ਹੈ।ਬੱਚਾ ਵੱਡਾ ਹੋ ਕੇ ਕੀ ਬਣੇਗਾ,ਉਸ ਦੇ ਜੀਵਨ ਦੇ ਕੀ ਉਦੇਸ਼ ਹਨ,ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਸਨੂੰ ਯੋਗ ਬਣਾਉਦੀ ਹੈ।ਜੇਕਰ 5-6 ਸਾਲ ਦੇ ਬੱਚੇ ਨੂੰ ਪ੍ਰਾਇਮਰੀ ਸਕੂਲ ਵਿੱਚ ਮਨੋਵਿਗਿਆਨਿਕ, ਰੰਗਦਾਰ, ਮੰਨੋਰੰਜਕ ਵਾਤਾਵਰਨ ਨਾ ਮਿਲੇ ਤਾਂ ਸ਼ਾਇਦ ਉਹ ਆਪਣੇ ਸਰਵਪੱਖੀ ਵਿਕਾਸ ਤੋਂ ਅਧੂਰਾ ਰਹਿ ਜਾਂਦਾ ਹੈ।ਇਸੇ ਕਰਕੇ ਪ੍ਰਾਇਮਰੀ ਸਿਖਿਆ ਦਾ ਬੱਚਿਆ ਦੀ ਜਿੰਦਗੀ ਵਿੱਚ ਬਹੁਤ ਪ੍ਰਭਾਵਸ਼ਾਲੀ ਰੋਲ ਹੈ।ਇਸ ਲਈ ਜੋ ਮਨੋਵਿਗਿਆਨਿਕ ਉਦੇਸ਼ਾ ਨੂੰ ਲੈ ਕੇ ਸ੍ਰੀ ਅਮਰਜੀਤ ਸਿੰਘ ਚਹਿਲ ਨੇ ਪ੍ਰਾਇਮਰੀ ਸਿੱਖਿਆ ਨੂੰ ਸਮੇਂ ਦੇ ਹਾਣਦਾ, ਰੌਚਕ ਅਤੇ ਗਿਆਨਮਈ ਬਣਾਉਣ ਦੇ ਲਈ ਜੋ ਇੱਕ ਸਾਰਥਕ ਕੋਸ਼ਿਸ਼ ਕੀਤੀ ਹੈ, ਕਾਬਿਲੇ ਤਾਰੀਫ ਹੈ।
ਸਾਲ 2006 ਵਿੱਚ ਜਦੋਂ 5752 ਜਿਲ੍ਹਾ ਪ੍ਰੀਸ਼ਦ ਸਕੂਲ ਹੋਂਦ ਵਿੱਚ ਆਏ ਤਾਂ ਰੱਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਨ੍ਹਾਂ ਵਿੱਚੋਂ ਇੱਕ ਸੀ। ਉਸ ਸਮੇਂ ਇਸ ਸਰਕਾਰੀ ਸਕੂਲ ਵਿੱਚ ਜਿਲ੍ਹਾ ਪ੍ਰੀਸ਼ਦ ਅਧੀਨ ੬ ਹੋਣਹਾਰ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਹੈਡ ਟੀਚਰ ਮਿਸ ਜੋਯਤੀ, ਸ੍ਰੀਮਤੀ ਸੁਖਪਾਲ ਕੌਰ, ਸ੍ਰੀਮਤੀ ਤ੍ਰਿਪਤਾ ਰਾਣੀ, ਸ੍ਰੀਮਤੀ ਕਿਰਨਪਾਲ ਕੌਰ, ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰ. ਜਰਨੈਲ ਸਿੰਘ ਸ਼ਾਮਿਲ ਸਨ।ਬਾਅਦ ਵਿੱਚ ਸਮੇਂ ਸਮੇਂ ਇਸ ਸਕੂਲ ਵਿੱਚ ਸ੍ਰ ਅਮਰਜੀਤ ਸਿੰਘ, ਸ੍ਰ ਪਰਮਜੀਤ ਸਿੰਘ, ਸ੍ਰੀਮਤੀ ਸੁਨੀਤਾ ਰਾਣੀ ਅਤੇ ਸ੍ਰੀ ਤੇਜਿੰਦਰ ਕੁਮਾਰ ਆਪਣੀਆ ਸੇਵਾਂਵਾ ਨਿਭਾਦੇ ਰਹੇ।2006 ਤੋਂ ਵਿਦਿਅਕ ਪੱਖੋਂ ਲਗਾਤਾਰ ਤਰੱਕੀ ਕਰਦਾ ਆ ਰਿਹਾ ਇਹ ਸਕੂਲ ਭਾਵੇਂ ਸਰਕਾਰੀ ਸਕੂਲਾਂ ਦਾ ਹੀ ਇੱਕ ਹਿਸਾ ਸੀ ਪਰ ਸਾਲ 2012-13 ਤੋਂ ਬਾਅਦ ਇਸ ਸਕੂਲ ਵਿੱਚ ਸੁਪਨਾਮਈ ਵਿਕਾਸ ਹੋਇਆ ਜਿਵੇਂ ਇਸ ਸਕੂਲ ਵਿੱਚ ਕੋਈ ਕ੍ਰਾਂਤੀ ਆ ਗਈ ਹੋਵੇ।ਇਸ- ਸਕੂਲ ਦੇ ਅਣਥੱਕ ਅਧਿਆਪਕਾਂ ਦੀ ਮਿਹਨਤ ਕਾਰਨ ਅੱਜ ਇਹ ਸਕੂਲ ਬਾਕੀ ਸਰਕਾਰੀ ਸਕੂਲਾਂ ਨਾਲੋਂ ਆਪਣੀ ਵੱਖਰੀ ਪਹਿਚਾਨ ਬਣਾਉਣ ਵਿੱਚ ਕਾਮਯਾਬ ਹੋਇਆ ਹੈ।ਗੱਲਬਾਤ ਦੌਰਾਨ ਸ੍ਰ. ਅਮਰਜੀਤ ਨੇ ਦੱਸਿਆ ਕਿ ਜਦੋਂ ਇੱਕ ਦਿਨ ਉਹ ਵਿਦਿਆਰਥੀਆਂ ਨਾਲ ਸੰਮੁਦਰੀ ਜੀਵ-ਵੇਲ੍ਹ ਬਾਰੇ ਚਰਚਾ ਕਰ ਰਹੇ ਸਨ ਤਾਂ ਵਿਦਿਆਰਥੀ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਵੇਲ੍ਹ ਦੀ ਲੰਬਾਈ ਅਤੇ ਭਾਰ ਇੰਨਾ ਜਿਆਦਾ ਹੋ ਸਕਦਾ ਹੈ!ਸਿੱਖਣ-ਸਿਖਾਉਣ ਦੀ ਪ੍ਰਕ੍ਰਿਆ ਤੋਂ ਉਤਪੰਨ ਹੋਈ ਇਸ ਸਮੱਸਿਆ ਦੇ ਹੱਲ ਲਈ ਸਾਲ 2012 ਵਿੱਚ ਸਕੂਲ ਸਟਾਫ਼ ਅਤੇ ਦਾਨੀ ਸੱਜਣਾਂ ਦੀ ਮਦਦ ਨਾਲ ਸਕੂਲ ਵਿੱਚ ਇੱਕ ਪੁਰਾਣੇ ਟੈਲੀਵਿਜ਼ਨ ਅਤੇ ਡੀ.ਵੀ.ਡੀ. ਪਲੇਅਰ ਦਾ ਪ੍ਰਬੰਧ ਕੀਤਾ ਗਿਆ।ਜਿਸ ਨਾਲ ਪਾਠਕ੍ਰਮ ਦੇ ਕੁੱਝ ਅੰਸ਼ਾ ਨੂੰ ਇਸ ਆਡਿਓ-ਵਿਯੂਅਲ ਤਕਨੀਕ ਰਾਹੀਂ ਵਿਦਿਆਰਥੀਆਂ ਦੇ ਰੂ-ਬ-ਰੂ ਕੀਤਾ ਗਿਆ।ਜਿੱਥੇ ਇਸ ਤਕਨੀਕ ਨਾਲ ਗੁੱਝਲਦਾਰ ਪਾਠਕ੍ਰਮ ਨੂੰ ਪੜ੍ਹਾਉਣਾ ਸੌਖਾ ਹੋਇਆ ਉਥੇ ਅਧਿਆਪਕਾਂ ਨੂੰ ਕੁੱਝ ਨਵੇਂਕਲੇ ਤਜ਼ਰਬੇ ਹਾਸਿਲ ਤਾਂ ਹੋਏ ਹੀ ਨਾਲ ਸਕੂਲ ਵਿੱਚ ਖ਼ਾਸ ਕਰਕੇ ਪਹਿਲੀ-ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ ਵਿੱਚ ਵਾਧਾ ਵੀ ਹੋਇਆ। ਅਗਸਤ 2013 ਵਿੱਚ ਏ.ਡੀ.ਸੀ(ਡੀ) ਮਾਨਸਾ, ਸ੍ਰੀ ਵਰਿੰਦਰ ਸ਼ਰਮਾਂ ਨੇ ਸਕੂਲ ਵਿੱਚ ਵਰਤੀ ਜਾਂਦੀ ਇਸ ਤਕਨੀਕ ਤੋਂ ਜਾਣੂ ਹੋ ਕੇ ਸਕੂਲ ਲਈ ਇੱਕ ਵਿਸ਼ੇਸ਼ ਗ੍ਰਾਂਟ ਦੇਣ ਲਈ ਘੋਸ਼ਣਾ ਕੀਤੀ।ਇਸ ਤੋਂ ਬਾਅਦ ਇਸ ਸਕੂਲ ਵੱਲੋਂ ਸਕੂਲ ਮੈਨਜਮੈਂਟ ਕਮੇਟੀ,ਗ੍ਰਾਮ ਪੰਚਾਇਤ ਰੱਲੀ ਅਤੇ ਸ੍ਰੀ ਸੰਜੀਵ ਕੁਮਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਸਹਿਯੋਗ ਨਾਲ ਬਲਾਕ ਪੱਧਰੀ ਖੇਡਾਂ ਦਾ ਅਯੋਜਨ ਸਕੂਲ ਵਿਖੇ ਕੀਤਾ ਗਿਆ ।ਇਹਨਾਂ ਖੇਡਾਂ ਦੋਰਾਨ ਏ.ਡੀ.ਸੀ(ਡੀ) ਸ੍ਰੀ ਹਰਿੰਦਰ ਸਿੰਘ ਸਰਾਂ ਖੇਡਾਂ ਦੇ ਉੱਚ-ਪੱਧਰੀ ਪ੍ਰਬੰਧ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸਕੂਲ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਰੱਲੀ ਨੂੰ ਇੱਕ ਵਿਸ਼ੇਸ ਗ੍ਰਾਂਟ ਜਾਰੀ ਕਰ ਦਿੱਤੀ।ਇਸ ਗ੍ਰਾਂਟ ਨਾਲ ਇਸ ਸਕੂਲ ਵਿੱਚ ਇੱਕ ਆਧੁਨਿਕ ਕੰਪਿਊਟਰ ਲੈਬ, ਐਜੂਕੇਸ਼ਨਲ ਪਾਰਕ, ਹਾਈ-ਟੈਕ ਸਾਉਂਡ ਸਿਸਟਮ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਆਧੁਨਿਕ ਫਰਨੀਚਰ ਦਾ ਪ੍ਰਬੰਧ ਕੀਤਾ ਗਿਆ।ਪਹਿਲੀ ਅਤੇ ਦੂਜੀ ਜਮਾਤ ਲਈ ਬਣਾਇਆ ਫ਼ਰਨੀਚਰ ਅੰਗਰੇਜ਼ੀ ਦੇ ਅੱਖਰ 'U' ਦੇ ਆਕਾਰ ਦਾ ਹੈ।ਇਹ ਜਿੱਥੇ ਰੰਗਦਾਰ ਅਤੇ ਅਕ੍ਰਸ਼ਿਤ ਹੈ ਉੱਥੇ ਅਧਿਆਪਕ ਨੂੰ ਹਰ ਇੱਕ ਵਿਦਿਆਰਥੀ ਨਾਲ ਤਾਲ-ਮੇਲ ਕਰਨ ਲਈ ਵੀ ਸਹਾਈ ਹੈ।ਜਿਥੇ ਬੈਠ ਕੇ ਪੜਾਈ ਵਿੱਚ ਰੂਚੀ ਵੱਧਦੀ ਹੈ।ਇਸ ਕਾਰਨ ਇਸ ਸਕੂਲ ਦਾ ਫਰਨੀਚਰ ਵੀ ਇਹ ਅਹਿਸਾਸ ਹੀ ਨਹੀਂ ਹੋਣ ਦਿੰਦਾ ਕਿ ਇਹ ਕਿਸੇ ਸਰਕਾਰੀ ਸਕੂਲ ਦਾ ਹੈ।
ਘਰਾਂ ਵਰਗਾਂ ਮਾਹੋਲ ਦੇਣ ਲਈ ਸਕੂਲ ਵਿੱਚ ਰੰਗ ਰੋਗਨ ਵੀ ਬੱਚਿਆ ਦੀ ਪਾਸੰਦ ਦੇ ਹੀ ਕਰਵਾਏ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਉਹਨਾਂ ਦੇ ਘਰ ਵਰਗਾ ਹੀ ਲੱਗੇ।ਇਹਨਾਂ ਬਹੁ-ਰੰਗੀ ਦੀਵਾਰਾਂ ਤੇ ਉੱਕਰੇ ਚਿੱਤਰ ਜਿੱਥੇ ਸਕੂਲ ਨੂੰ ਅਨੂਠੀ ਦਿੱਖ ਪ੍ਰਦਾਨ ਕਰਦੇ ਹਨ ਉੱਥੇ ਵਿਦਿਆਰਥੀ ਇਹਨਾਂ ਬਾਰੇ ਸੰਵਾਦ ਵੀ ਕਰ ਸਕਦੇ ਹਨ।ਖ਼ਾਸ ਤੌਰ ਤੇ ਪਹਿਲੀ ਅਤੇ ਦੂਜੀ ਜਮਾਤ ਦੇ ਕਮਰਿਆਂ ਨੂੰ Building as learning aid-BALA ਸਿੱਖਿਆ ਵਿਧੀਆ ਰਾਹੀਂ ਡਿਜਾਇਨ ਕੀਤਾ ਗਿਆ ਹੈ। ਦੀਵਾਰਾਂ ਅਤੇ ਛੱਤਾਂ ਤੇ ਬਣੇ ਦਰਖਤ, ਚੰਦਰਮਾਂ, ਤਾਰਿਆਂ, ਰਾਕੇਟ ਅਤੇ ਹੋਰ ਮਨਮੋਹਕ ਦ੍ਰਿਸ਼ ਵਿਦਿਆਰਥੀਆਂ ਵਿੱਚ ਹਰ ਸਮੇਂ ਕੁੱਝ ਨਾ ਕੁੱਝ ਸਿੱਖਣ ਦੀ ਚਾਅ ਕਰਦੇ ਰਹਿੰਦੇ ਹਨ।ਜਿੱਥੇ ਇਹ ਦੀਵਾਰਾਂ ਸਕੂਲ ਦੀ ਸਜਾਵਟ ਵਿੱਚ ਚਾਰ ਚੰਨ ਲਾਉਂਦੀਆਂ ਹਨ ਉੱਥੇ ਹੀ ਇਨ੍ਹਾਂ ਦੀਵਾਰਾਂ ਦੇ ਹਰੇ ਰੰਗ ਤੇ ਉਕਰੀਆ ਹੋਈਆਂ ਲਕੀਰਾਂ ਅਤੇ ਅਕ੍ਰਿਤੀਆਂ ਨਵੇਂ ਬੱਚਿਆਂ ਦੇ ਹੱਥਾਂ ਦੀਆਂ ਮਾਸਪੇਸ਼ੀਆਂ ਨੂੰ ਲਿਖਣ ਲਈ ਸਹਿਜੇ ਹੀ ਤਿਆਰ ਕਰਦੀਆਂ ਹਨ। ਹੈਡ ਟੀਚਰ ਸ੍ਰ. ਅਮਰਜੀਤ ਸਿੰਘ ਚਹਿਲ ਅਨੁਸਾਰ BALA ਦੀ ਵਰਤੋਂ ਨਾਲ ਵਿਦਿਆਰਥੀ ਸਕੂਲ ਸਮੇਂ ਅਤੇ ਬਾਅਦ ਵਿੱਚ, ਆਉਂਦੇ-ਜਾਂਦੇ, ਚੇਤਨ- ਅਚੇਤ ਮਨ ਨਾਲ ਅਧਿਆਪਕ ਦੀ ਮਦਦ ਤੋਂ ਬਿੰਨ੍ਹਾ ਵੀ ਬਹੁਤ ਕੁੱਝ ਸਿਖਦੇ ਰਹਿੰਦੇ ਹਨ।
ਦੂਰ-ਅੰਦੇਸ਼ੀ ਸੋਚ ਅਤੇ ਤਕਨੀਕ ਨਾਲ ਤਿਆਰ ਕੀਤਾ ਸਕੂਲ ਵਿੱਚਲਾ ਪਾਰਕ ਇੱਕ ਉੱਤਮ ਕਲਾ ਦਾ ਨਮੂਨਾ ਤਾਂ ਹੈ ਹੀ ਉਥੇ ਬੱਚਿਆ ਲਈ ਖੇਡਦੇ-ਖੇਡਦੇ ਸਿਖਿਆ ਲਈ ਬਹੁਤ ਕੁੱਝ ਰੌਚਕ ਅਤੇ ਗਿਆਨ ਭਰਪੂਰ ਹੈ।ਇਸ ਵਿੱਚਲੀਆਂ ਕੁੱਝ ਵਸਤੂਆਂ ਪੂਰੇ ਪੰਜਾਬ ਵਿੱਚ ਹੀ ਨਹੀਂ ਸ਼ਾਇਦ ਭਾਰਤ ਵਿੱਚ ਹੀ ਅਨੂਠੀਆਂ ਹੋਣਗੀਆਂ।ਕਿਉਕਿ ਇਹ ਪਾਰਕ ਜਿੱਥੇ ਬੱਚਿਆ ਨੂੰ ਸਿਧੇ ਤੌਰ ਤੇ ਕੁਦਰਤ ਦੇ ਨਾਲ ਜੋੜਦਾ ਹੈ, ਉੱਥੇ ਹੀ ਇਸ ਪਾਰਕ ਵਿੱਚ ਬਣੀਆ ਟ੍ਰੈਫਿਕ ਲਾਈਟਾਂ ,ਬਹੁ-ਮਾਰਗੀ ਸੜਕਾਂ ਅਤੇ ਟ੍ਰੈਫਿਕ ਚਿੰਨ੍ਹ ਬੱਚਿਆ ਨੂੰ ਟ੍ਰੈਫਿਕ ਨਿਯਮਾਂ ਦੀ ਬਚਪਨ ਤੋਂ ਪਾਲਣਾ ਕਰਨ ਲਈ ਪ੍ਰੇਰਿਤ ਕਰਦੇ ਹਨ।ਪਾਰਕ ਦੇ ਮੱਧ ਵਿੱਚ ਬਣੇ ਗਣਿਤਕ ਚੌਂਕ ਜਿਸ ਨੂੰ ਗਣਿਤ ਦੀਆਂ ਵੱਖ-ਵੱਖ ਅਕ੍ਰਿਤੀਆਂ ਦੀ ਵਰਤੋਂ ਕਰਕੇ ਡਿਜ਼ਾਇਨ ਕੀਤਾ ਗਿਆ ਹੈ, ਜੋ ਗਣਿਤ ਨੂੰ ਮਹਿਸੂਸ ਅਤੇ ਸਮਝਣ ਵਿੱਚ ਸਹਾਇਤਾ ਕਰਦਾ ਹੈ।ਪਾਰਕ ਵਿੱਚ ਲੋਹੇ ਤੇ ਬੋਰਡ ਤੇ ਬਣਾਈ ਸੱਪ ਸੀੜੀ, ਬੱਚਿਆ ਦਾ ਮਨਪ੍ਰਚਾਵਾ ਵੀ ਕਰਦੀ ਹੈ ਨਾਲ ਨਾਲ ਸੱਪ ਸੀੜੀ ਦੀ ਖੇਡ ਖੇਡਦੇ ਬੱਚਿਆ ਨੂੰ ਗਣਿਤ ਵਿੱਚ ਜੋੜ ਅਤੇ ਘਟਾਓ ਕਰਨ ਵਿੱਚ ਵੀ ਸਹਾਈ ਹੁੰਦੀ ਹੈ।ਪਾਰਕ ਵਿੱਚ ਹੀ ਬਣਿਆ ਹੋਇਆ ਭਾਖੜਾ ਡੈਮ ਦਾ ਮਾਡਲ ਵੀ ਵਿਦਿਆਰਥੀਆਂ ਨੂੰ ਭੌਂ-ਖੌਰ, ਪੌੜੀਨੁਮਾ ਖੇਤੀ, ਪਹਾੜੀ ਰਹਿਣ-ਸਹਿਣ, ਪੌਦੇ-ਜੰਤੂ, ਨਿਵਾਸ ਸਥਾਨ, ਬਿਜਲੀ ਅਤੇ ਸਿੰਚਾਈ ਜਿਹੇ ਵਿਸ਼ਿਆਂ ਤੋਂ ਜਾਣੂ ਕਰਵਾਉਂਦਾ ਹੈ।ਇਸ ਤੋਂ ਇਲਾਵਾ ਇਸ ਪਾਰਕ ਵਿੱਚ ਮੈਨੂਅਲ ਘੜੀ ਅਤੇ ਕੈਰਮ ਬੋਰਡ ਆਦਿ ਖੇਡਾਂ ਵੀ ਹਨ, ਜੋ ਬੱਚਿਆ ਦੇ ਮਨ ਤੇ ਬੁੱਧੀ ਦੇ ਵਿਕਾਸ ਵਿੱਚ ਵਾਧਾ ਕਰਦੀਆਂ ਹਨ।ਇਸ ਸਕੂਲ ਵਿੱਚ ਪਾਰਕ ਤੱਕ ਜਾਣ ਲਈ ਰਸਤੇ ਵਿੱਚ ਜੋ ਮੀਲ ਪੱਥਰ ਬਣਾਏ ਗਏ ਹਨ ਉਹ ਬੱਚਿਆਂ ਦੇ ਸੜਕੀ ਗਿਆਨ ਵਿੱਚ ਵਾਧਾ ਕਰਨ ਵਿੱਚ ਬਹੁਤ ਸਹਾਈ ਹਨ।
ਸਕੂਲ ਦੇ ਚੌਗਿਰਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਨੂੰ ਸਥਾਪਿਤ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀ ਆਪਣੇ ਬਚਪਨ ਵਿੱਚ ਝੂਟਿਆਂ ਤੌਂ ਲਾਂਭੇ ਨਾ ਰਹਿ ਜਾਣ।ਜਿਥੇ ਇਹ ਝੁਲੇ ਜਿੱਥੇ ਵਿਦਿਆਰਥੀਆਂ ਦੇ ਮਨਾਂ ਵਿੱਚ ਸਕੂਨ ਪੈਦਾ ਕਰਦੇ ਹਨ ਉੱਥੇ ਹੀ ਉਹਨਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਦੇਂ ਹਨ। ਇਸ ਨਾਲ ਉਹਨਾਂ ਦੇ ਦਿਮਾਗ ਦਾ ਸਰੀਰ ਦੇ ਵੱਖ-ਵੱਖ ਅੰਗਾਂ ਨਾਲ ਤਾਲਮੇਲ ਵੱਧਦਾ ਹੈ।
ਸਕੂਲ ਦੀ ਪੂਰਾਣੀ ਬਿਲਡਿੰਗ ਜੋ ਸੁਰਖਿਆ ਪੱਖੋਂ ਉਣੀ ਸੀ ਨੂੰ ਢਾਹ ਕੇ ਗ੍ਰਾਮ ਪੰਚਾਇਤ ਰੱਲੀ ਅਤੇ ਚਤਿੰਨ ਸਿੰਘ ਸਮਾਓ, ਐਮ.ਐਲ.ਏ. ਬੁਢਲਾਡਾ ਦੇ ਸਹਿਯੋਗ ਸਦਕਾ ਤਿਆਰ ਕੀਤੇ ਇੱਕ ਬਹੁ-ਮੰਤਵੀ ਸ਼ੈੱਡ ਵਿੱਚ ਬਣੀ ਰੰਗਦਾਰ ਇਨ-ਡੌਰ ਸਟੇਜ ਸਵੇਰ ਦੀ ਸਭਾ ਕਸਰਤ, ਯੋਗਾ ਅਤੇ ਬਾਲਸਭਾ ਵਰਗੀਆਂ ਗਤੀਵਿਧੀਆਂ ਦੇ ਕੰਮ ਆਉਦੀਂ ਹੈ।ਇਸੇ ਸੈੱਡ ਵਿੱਚ ਹੀ ਵਿਦਿਆਰਥੀਆਂ ਨੂੰ ਸਾਫ਼-ਸੁੱਥਰੇ ਵਾਤਾਵਰਨ ਵਿੱਚ ਬਿਠਾ ਕੇ ਮਿੱਡ-ਡੇ-ਮੀਲ ਖਵਾਇਆ ਜਾਂਦਾ ਹੈ।
ਇਨ੍ਹਾਂ ਸਾਰੇ ਸਾਧਨਾ ਕਰਕੇ ਸਕੂਲ ਦੀ ਕੇਵਲ ਦਿੱਖ ਹੀ ਨਹੀਂ ਸੁਧਾਰੀ ਸਗੋਂ ਸਕੂਲ ਨੇ ਪੜ੍ਹਾਈ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆ ਵਿੱਚ ਵੀ ਮੱਲ੍ਹਾਂ ਮਾਰੀਆ ਹਨ।2014 ਦੋਰਾਨ ਹੋਈਆਂ ਕਲਸਟਰ ਪੱਧਰ ਦੀਆਂ ਖੇਡਾਂ ਵਿਚੋਂ ਓਵਰ ਆਲ ਟ੍ਰਾਫੀ ਚੈਅਰਮੈਨ, ਜਿਲ੍ਹਾ ਪ੍ਰੀਸ਼ਦ ਮਾਨਸਾ ਸ੍ਰ. ਸੁਖਦੇਵ ਸਿੰਘ ਚੈਨੇਵਾਲਾ ਤੋਂ ਪ੍ਰਾਪਤ ਕੀਤੀ।ਬਲਾਕ ਪੱਧਰੀ ਖੇਡਾਂ ਵਿੱਚੋਂ ਵੀ ਇਸ ਸਕੂਲ ਦੇ ਵਧੇਰੇ ਵਿਦਿਆਰਥੀ ਨੇ ਖੇਡਾਂ ਵਿੱਚ ਜਿੱਤ ਅਤੇ ਬਲਾਕ ਬੁਢਲਾਡਾ ਵਿੱਚੋਂ ਓਵਰ-ਆਲ ਟ੍ਰਾਫੀ ਐਮ.ਐਲ.ਏ. ਸ੍ਰ ਚਤਿੰਨ ਸਿੰਘ ਸਮਾਓ ਤੋਂ ਪ੍ਰਾਪਤ ਕੀਤੀ।
26 ਜਨਵਰੀ ਅਤੇ 15 ਅਗਸਤ ਦੇ ਰਾਸ਼ਟਰੀ ਸਮਾਰੋਹਾਂ ਵਿੱਚ ਵੀ ਇਹ ਸਕੂਲ ਪ੍ਰਾਈਵੇਟ ਸਕੂਲਾਂ ਵਾਂਗ ਆਪਣੀ ਹਾਜ਼ਰੀ ਲਵਾ ਰਿਹਾ ਹੈ।15 ਅਗਸਤ ਦੇ ਸਮਾਰੋਹ ਵਿੱਚ ਸਕੂਲ ਦੇ ਅਧਿਆਪਕਾਂ ਦੁਆਰਾ ਤਿਆਰ ਕਰਵਾਏ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਵੱਲੋਂ “English Patriotic Rhymes” ਤੇ ਕੀਤੀ ਗਈ ਪੇਸ਼ਕਾਰੀ ਆਪਣੇ ਆਪ ਵਿੱਚ ਇੱਕ ਅਦਭੁੱਤ ਮਿਸਾਲ ਸੀ।ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਨਾਲ ਬੱਚਿਆਂ ਵਿੱਚ ਸਵੈ-ਮਾਣ ਵਿੱਚ ਵਾਧਾ ਹੁੰਦਾ ਹੈ ਰੱਲੀ ਪਿੰਡ ਦਾ ਇਹ ਸਕੂਲ ਦੂਰ-ਦੂਰ ਤੱਕ ਚਰਚਾ ਦਾ ਵਿਸ਼ਾ ਬਣਿਆ।
ਸ੍ਰ. ਅਮਰਜੀਤ ਸਿੰਘ ਚਹਿਲ ਦੱਸ ਰਹੇ ਸਨ ਕਿ ਕਿਸੇ ਸਮੇਂ ਪਿੰਡ ਦਾ ਕੋਈ ਪੜ੍ਹਿਆ ਲਿਖਿਆ ਵਿਅਕਤੀ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾਉਣ ਤੋਂ ਪਾਸਾ ਵੱਟਦਾ ਸੀ।ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਸਰਕਾਰੀ ਸਕੂਲ ਦੀ ਤਸਵੀਰ ਕੁੱਝ ਹੋਰ ਬਣੀ ਹੋਈ ਹੁੰਦੀ ਹੈ।ਸ੍ਰੀ ਚਹਿਲ ਅਨੁਸਾਰ ਇਹਨਾਂ ਵਿਚਾਰਾਂ ਨੂੰ ਦੂਰ ਕਰਨ ਲਈ ਗ੍ਰਾਮ ਪੰਚਾਇਤ, ਸਕੂਲ ਮੈਨਜਮੈਂਟ ਕਮੇਟੀ ਦੇ ਸਹਿਯੋਗ ਸਦਕਾ ਸਕੂਲ ਵਿੱਚ ਸੁਖਮਣੀ ਸਾਹਿਬ ਪਾਠ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਪਿੰਡ ਦੇ ਹਰੇਕ ਵਰਗ ਦੇ ਲੋਕਾਂ ਨੇ ਭਰਵੇਂ ਰੂਪ ਵਿੱਚ ਸ਼ਮੂਲੀਅਤ ਕੀਤੀ, ਸਕੂਲ ਦੇ ਅਧਿਆਪਕਾਂ ਨੇ ਹਾਜ਼ਰਾ ਵਿਅਕਤੀਆ ਨੂੰ ਸਕੂਲ ਵਿੱਚ ਬਣੇ ਨਵੇਂ ਪ੍ਰਬੰਧ ਅਤੇ ਪੜ੍ਹਾਈ ਕਰਵਾਉਣ ਲਈ ਵਰਤੇ ਜਾਂਦੇ ਆਧੁਨਿਕ ਸਾਧਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਉੱਚ-ਪੱਧਰੀ ਪ੍ਰੋਗਰਾਮ ਵੀ ਪੇਸ਼ ਕੀਤਾ।ਜਦੋਂ ਪਿੰਡ ਦੇ ਵਸਨੀਕਾਂ ਨੇ ਸਕੂਲ ਦਾ ਉੱਚ-ਪੱਧਰੀ ਪ੍ਰਬੰਧ ਦੇਖਿਆ ਤਾਂ ਉਹ ਲੋਕ ਅਸ਼-ਅਸ਼ ਕਰ ਉਠੇ।ਇਸ ਤਰ੍ਹਾਂ ਇਹ ਸਰਕਾਰੀ ਪ੍ਰਾਇਮਰੀ ਸਕੂਲ,ਪਿੰਡ ਦੇ ਲੋਕਾਂ ਵਿੱਚ ਇਹ ਧਾਰਨਾ ਖਤਮ ਕਰਨ ਵਿੱਚ ਸਫ਼ਲ ਹੋਇਆ ਕਿ ਉਹਨਾਂ ਦਾ ਸਰਕਾਰੀ ਸਕੂਲ ਕਿਸੇ ਪੱਖੋਂ ਵੀ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ।ਇਸ ਦੇ ਸਿੱਟੇ ਵਜੋਂ ਅਕਾਦਮਿਕ ਸ਼ੈਸ਼ਨ 2015-16 ਲਈ ਪਹਿਲੀ ਜਮਾਤ ਵਿੱਚ 39 ਅਤੇ ਨਾਲ ਹੀ ਪੈਂਦੀ ਤਹਿਸੀਲ ਬੁਢਲਾਡਾ ਦੇ ਸਿਖਰਲੇ ਪ੍ਰਾਈਵੇਟ ਸਕੂਲਾਂ ਵਿੱਚੋਂ ਹੱਟ ਕੇ ਕੁੱਝ ਬੱਚਿਆਂ ਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਰੱਲੀ ਵਿੱਚ ਦਾਖਲਾ ਲਿਆ।
ਇਸ ਤੋਂ ਇਲਾਵਾ ਸਕੂਲ ਦੇ ਵਿਕਾਸ ਵਿੱਚ ਇੱਕ ਵਿਦਿਆਰਥੀ ਤੋਂ ਲੈ ਕੇ ਸਮਾਜ ਅਤੇ ਪ੍ਰਸ਼ਾਸ਼ਨ ਦਾ ਬਰਾਬਰ ਦਾ ਹਿੱਸਾ ਹੈ।ਸਕੂਲ ਦੇ ਅਧਿਆਪਕਾਂ ਨੇ ਸਮਾਜ ਦੇ ਹਰੇਕ ਵਰਗ ਤੋਂ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮਦਦ ਲਈ ਹੈ।ਉਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਸਕੂਲ ਨੂੰ ਸਮਾਜ ਦਾ ਅਨਿੱਖੜਵਾ ਅੰਗ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਕੋਈ ਵੀ ਸਫ਼ਲ ਕੰਮ ਹੋਵੇ ਉਸ ਵਿੱਚ ਬਹੁਤ ਹੱਥਾਂ ਦਾ ਯੋਗਦਾਨ ਹੁੰਦਾ ਹੈ ਕਿਉਂਕਿ ਇੱਕਲਾ ਬੰਦਾ ਕਿਤੇ ਵੀ ਕੁੱਝ ਨਹੀ ਕਰ ਸਕਦਾ।ਸਕੂਲ ਦੀ ਇੱਕ ਵੱਖਰੀ ਪਹਿਚਾਨ ਬਣਾਉਣ ਵਿੱਚ ਪਿੰਡ ਦੇ ਹਰ ਇੱਕ ਵਰਗ ਤੋਂ ਉਮੀਦ ਤੋਂ ਵੱਧ ਯੋਗਦਾਨ ਮਿਲਿਆ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਵੀ ਕੀਤਾ।ਇਹਨਾਂ ਸ਼ਖਸ਼ੀਅਤਾਂ ਵਿੱਚ ਐਮ.ਐਲ.ਏ. ਸ੍ਰ.ਚਤਿੰਨ ਸਿੰਘ ਸਮਾਓ, ਚੈਅਰਮੇਨ ਜਿਲ੍ਹਾ ਪ੍ਰੀਸ਼ਦ ਮਾਨਸਾ, ਸ੍ਰ, ਸੁਖਦੇਵ ਸਿੰਘ ਚੈਨੇਵਾਲਾ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਹਰਿੰਦਰ ਸਿੰਘ ਸਰ੍ਹਾਂ, ਸ੍ਰ ਜਸਪ੍ਰੀਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਮਾਨਸਾ (ਐ.ਸਿ), ਸੰਜੀਵ ਕੁਮਾਰ ਸ਼ਰਮਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬੁਢਲ਼ਾਡਾ ਦੇ ਨਾਮ ਖਾਸ ਹਨ।
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੱਲੀ ਇਸ ਪਿਛੜੇ ਹੋਏ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਣ ਲਈ ਕਾਮਯਾਬ ਹੋਇਆ ਹੈ।ਪਿੰਡ ਦੇ ਲੋਕਾ ਦੇ ਮਨਾ ਵਿੱਚ ਇੱਕ ਆਸ ਦੀ ਕਿਰਨ ਲੈ ਕੇ ਰੱਲੀ ਪਿੰਡ ਦਾ ਇਹ ਸਕੂਲ ਜਿਥੇ ਇਲਾਕੇ ਦੇ ਬੱਚਿਆ ਨੂੰ ਵਧੀਆ ਤੇ ਨਿਗਰ ਸੋਚ ਦੇਣ ਵਾਲਾ ਬਣਿਆ ਉਥੇ ਮੁਢਲੀ ਸਿੱਖਿਆ ਵੀ ਨਵੇਕਲੇ ਢੰਗਾਂ ਨਾਲ ਦੇ ਰਿਹਾ ਹੈ।ਅਮਰਜੀਤ ਚਾਹਿਲ ਨੇ ਆਪਣੇ ਮਨ ਦੀ ਕਲਪਨਾ ਦਾ ਵਿਕਾਸ ਸਕੂਲ ਨੂੰ ਸਿੰਗਾਰ ਕੇ ਇਸ ਤਰ੍ਹਾ ਕੀਤਾ ਕਿ ਸਭਨਾ ਦੀ ਨਿਗ੍ਹਾਂ ਵਿੱਚ ਵਧਾਈ ਦੇ ਪਾਤਰ ਬਣ ਗਏ ਅਤੇ ਆਪਣੇ ਨਾਮ ਨਾਲ ਪਿੰਡ ਰੱਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਸਦਾ ਲਈ ਜੋੜ ਲਿਆ।ਚਾਹਿਲ ਦੀ ਖੁਸ਼ੀ ਉਸ ਵੇਲੇ ਚੋਣੀ ਹੋ ਗਈ ਜਦੋਂ ਇਨ੍ਹਾਂ ਨੂੰ ਅਧਿਆਪਕ ਦਿਵਸ ਤੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੁਲਾਵਾ ਆਇਆ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾਂ ਨੇ 5 ਸਤੰਬਰ 2015 ਨੂੰ ਇੱਕ ਪ੍ਰਸੰਸਾ ਪੱਤਰ ਦੇ ਕੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ।ਹੁੱਣ ਸਭ ਦੀ ਦਿਲੀ ਤਮੰਨਾ ਹੈ ਕਿ ਇਹ ਸਕੂਲ ਲਈ ਚਾਹਿਲ ਆਪਣਾ ਯੋਗਦਾਨ ਦਿੰਦੇ ਰਹਿਣ।ਸਰਕਾਰਾਂ ਤੋਂ ਵੀ ਸਭ ਨੂੰ ਸਮਰਥਨ ਦੀ ਆਸ ਹੁੰਦੀ ਹੈ ਤਾਂ ਸਰਕਾਰ ਵੀ ਇਨ੍ਹਾਂ ਦੇ ਹੌਸਲੇ ਨੂੰ ਵਧਾਵੇ।ਸਾਰੇ ਸਰਕਾਰੀ ਸਕੂਲਾ ਦੇ ਅਧਿਆਪਕ ਵੀ ਇਸ ਸਕੂਲ ਵਿੱਚ ਆ ਕੇ ਦੇਖਣ ਕਿ ਜੇ ਕਿਸੇ ਅੰਦਰ ਕੋਈ ਜਜਬਾ ਹੋਵੇ ਤਾਂ ਜੋ ਨਹੀ ਹੋ ਸਕਦਾ ਉਹ ਵੀ ਹੋ ਸਕਦਾ ਹੈ।ਇਸ ਵੇਲੇ ਨਾਮੋਸ਼ੀ ਝੱਲ ਰਹੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜਰੀਆ ਬਦਲੇ, ਅਤੇ ਲੋਕ ਸਰਕਾਰੀ ਸਕੂਲਾਂ ਤੋਂ ਪੂਰਾ ਪੂਰਾ ਲਾਭ ਲ਼ੈ ਸਕਣ।

ਲੇਖਕ/ਭੇਟ ਕਰਤਾ:-ਸੰਦੀਪ ਰਾਣਾ ਬੁਢਲਾਡਾ
ਪਤਾ:-ਨੇੜੇ ਬੀ.ਡੀ.ਪੀ.ਓ ਦਫਤਰ
ਬੁਢਲਾਡਾ(ਮਾਨਸਾ)151502
ਮੋਬਾਇਲ:978015170
ਮੇਲ ਆਈ.ਡੀ:-sandeepranabudhlada@gamil.com

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration