"/> ਮਕਾਨ ਨੇੜਿਓਂ ਲੰਘਦੀਆਂ ਬਿਜਲੀ ਤਾਰਾਂ ਨਾਲ ਲੱਗਣ ਕਾਰਨ 11 ਸਾਲਾ ਲੜਕੀ ਦੀ ਮੌਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਕਾਨ ਨੇੜਿਓਂ ਲੰਘਦੀਆਂ ਬਿਜਲੀ ਤਾਰਾਂ ਨਾਲ ਲੱਗਣ ਕਾਰਨ 11 ਸਾਲਾ ਲੜਕੀ ਦੀ ਮੌਤ

ਉਕਤ ਤਾਰਾਂ ਨਾਲ ਲੱਗਣ ਦੀ ਪਹਿਲਾਂ ਵੀ ਵਾਪਰ ਚੁੱਕੀ ਹੈ ਇੱਕ ਘਟਨਾ
Published On: punjabinfoline.com, Date: Jun 13, 2017

ਤਲਵੰਡੀ ਸਾਬੋ, 13 ਜੂਨ (ਗੁਰਜੰਟ ਸਿੰਘ ਨਥੇਹਾ)- ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਨਾਨਕੇ ਪਿੰਡ ਗਈ ਪਿੰਡ ਲੇਲੇਵਾਲਾ ਵਾਸੀ ਇੱਕ ਗਿਆਰਾਂ ਸਾਲ ਦੀ ਬੱਚੀ ਦੀ ਆਪਣੇ ਨਾਨਕੇ ਪਿੰਡ ਭਾਗੀਵਾਂਦਰ ਵਿੱਚ ਮਕਾਨ ਦੇ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਲੜਕੀ ਨਿੰਦਰ ਕੌਰ (11 ਸਾਲ) ਪੁੱਤਰੀ ਸਵਰਗੀ ਅਮਰੀਕ ਸਿੰਘ ਵਾਸੀ ਲੇਲੇਵਾਲਾ, ਜੋ ਪਿੰਡ ਦੇ ਸਰਕਾਰੀ ਹਾਈ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਸੀ, ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਨਾਨਕੀ ਪਿੰਡ ਭਾਗੀਵਾਂਦਰ ਗਈ ਹੋਈ ਸੀ।ਜਿਸ ਦਾ ਮਕਾਨ ਦੀ ਛੱਤ ਦੇ ਬਿਲਕੁੱਲ ਨੇੜਿਓਂ ਲੰਘਦੀਆਂ ਬਿਜਲੀ ਦੀ ਤਾਰਾਂ ਨਾਲ ਉਸ ਸਮੇਂ ਅਚਾਨਕ ਹੱਥ ਲੱਗ ਗਿਆ ਜਦ ਉਹ ਮਕਾਨ ਦੀ ਛੱਤ 'ਤੇ ਸੀ। ਬਿਜਲੀ ਦੇ ਕਰੰਟ ਦੇ ਜ਼ੋਰਦਾਰ ਝਟਕੇ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਨਿੰਦਰ ਕੌਰ ਦਾ ਪਿੰਡ ਲੇਲੇਵਾਲਾ ਵਿਖੇ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕਾ ਨਿੰਦਰ ਕੌਰ ਦੇ ਦੋ ਭੈਣ-ਭਰਾ ਸਨ। ਜਿੰਨ੍ਹਾਂ ਦੇ ਪਿਤਾ ਅਮਰੀਕ ਸਿੰਘ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ।
ਦੂਜੇ ਪਾਸੇ ਮ੍ਰਿਤਕ ਬੱਚੀ ਦੇ ਨਾਨਾ ਜਗਸੀਰ ਸਿੰਘ ਭਾਗੀਵਾਂਦਰ ਅਤੇ ਨੌਜਵਾਨ ਅਕਾਲੀ ਆਗੂ ਬਲਕਰਨ ਸਿੰਘ ਭਾਗੀਵਾਂਦਰ ਤੇ ਹੋਰ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨਾਲ ਦੀ ਗਲੀ ਵਿੱਚੋਂ ਲੰਘਦੀ ਬਿਜਲੀ ਦੀ ਲਾਈਨ ਦੀਆਂ ਤਾਰਾਂ ਏਨੀਆਂ ਨੀਵੀਂਆਂ ਹਨ ਕਿ ਮਕਾਨਾਂ ਦੀਆਂ ਛੱਤਾਂ ਨੂੰ ਛੂਹਦੀਆਂ ਹਨ। ਇਸ ਸਬੰਧੀ ਉਨ੍ਹਾਂ ਮਹਿਕਮੇ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਜਾਂ ਤਾਂ ਬਿਜਲੀ ਲਾਈਨ ਉਨ੍ਹਾਂ ਦੇ ਮਕਾਨਾਂ ਤੋਂ ਥੋੜ੍ਹਾ ਪਿੱਛੇ ਹਟਾਈ ਜਾਵੇ ਜਾਂ ਇੰਨ੍ਹਾਂ ਐਲੂਮੀਨੀਅਮ ਦੀਆਂ ਤਾਰਾਂ ਉਪਰ ਪਲਾਸਟਿਕ ਦੀਆਂ ਪਾਈਪਾਂ ਚੜ੍ਹਾਈਆਂ ਜਾਣ। ਪਲਾਸਟਿਕ ਦੀਆਂ ਪਾਈਪਾਂ ਉਹ ਮਹਿਕਮੇ ਨੂੰ ਖੁਦ ਲਿਆ ਕੇ ਦੇਣ ਨੂੰ ਵੀ ਤਿਆਰ ਸਨ। ਪਰ ਮਹਿਕਮੇ ਦੇ ਕੰਨ੍ਹਾਂ 'ਤੇ ਜੂੰਅ ਨਹੀਂ ਸਰਕੀ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਉਕਤ ਮਹੱਲਾ ਵਾਸੀ ਇੱਕ ਵਿਅਕਤੀ ਬੂਟਾ ਸਿੰਘ (45 ਸਾਲ) ਪੁੱਤਰ ਬੰਤਾ ਸਿੰਘ ਵੀ ਉਕਤ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਛੱਤ ਤੋਂ ਹੇਠਾਂ ਡਿੱਗ ਪਿਆ ਸੀ। ਚਾਹੇ ਉਸ ਦੀ ਜਾਨ ਬਚ ਗਈ ਸੀ, ਪਰ ਗੰਭੀਰ ਜ਼ਖ਼ਮੀ ਹੋ ਗਿਆ ਸੀ। ਸਮੂਹ ਮਹੱਲਾ ਵਾਸੀਆਂ ਨੇ ਬਿਜਲੀ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਉਕਤ ਬਿਜਲੀ ਲਾਈਨ ਨੂੰ ਉਨ੍ਹਾਂ ਦੇ ਮਕਾਨਾਂ ਤੋਂ ਦੂਰ ਕੀਤਾ ਜਾਵੇ। ਤਾਂ ਜੋ ਅੱਜ ਵਰਗੀ ਅਣਸੁਖਾਵੀਂ ਘਟਨਾ ਹੋਰ ਨਾ ਵਾਪਰੇ। ਉੱਧਰ ਉਕਤ ਘਟਨਾ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਉਣਗੇ ਤਾਂ ਕਿ ਉਕਤ ਬਿਜਲੀ ਤਾਰਾਂ ਨੂੰ ਮਕਾਨਾਂ ਤੋਂ ਦੂਰ ਕਰਵਾਇਆ ਜਾ ਸਕੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration