"/> ਕਥਿਤ ਨਸ਼ਾ ਤਸਕਰ ਮੋਨੂ ਅਰੋੜਾ ਦੀ ਅੰਤਿਮ ਅਰਦਾਸ ਉਪਰੰਤ ਪਰਿਵਾਰਿਕ ਮੈਂਬਰਾਂ ਬਠਿੰਡਾ ਤਲਵੰਡੀ ਹਾਈਵੇ ਕੀਤਾ ਜਾਮ, ਪੁਲਿਸ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਥਿਤ ਨਸ਼ਾ ਤਸਕਰ ਮੋਨੂ ਅਰੋੜਾ ਦੀ ਅੰਤਿਮ ਅਰਦਾਸ ਉਪਰੰਤ ਪਰਿਵਾਰਿਕ ਮੈਂਬਰਾਂ ਬਠਿੰਡਾ ਤਲਵੰਡੀ ਹਾਈਵੇ ਕੀਤਾ ਜਾਮ, ਪੁਲਿਸ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ

ਕੱਲ੍ਹ ਸ਼ਾਮ ਤੱਕ ਕਥਿਤ ਦੋਸ਼ੀ ਨਾ ਫੜੇ ਜਾਣ ਦੀ ਸੂਰਤ ਵਿੱਚ ਸਮੁੱਚੇ ਪਰਿਵਾਰ ਨੇ ਆਤਮਦਾਹ ਦੀ ਦਿੱਤੀ ਚਿਤਾਵਨੀ
Published On: punjabinfoline.com, Date: Jun 18, 2017

ਤਲਵੰਡੀ ਸਾਬੋ, 18 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨ ਨੇੜਲੇ ਪਿੰਡ ਭਾਗੀਵਾਂਦਰ ਦੀ ਸੱਥ ਵਿੱਚ ਨਸ਼ਾ ਤਸਕਰ ਦੱਸ ਕੇ ਵੱਢ ਕੇ ਸੁੱਟੇ ਗਏ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਦੀ ਅੰਤਿਮ ਅਰਦਾਸ ਅੱਜ ਸੁਰੱਖਿਆ ਪ੍ਰਬੰਧਾਂ ਹੇਠ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ 'ਤੇ ਮੋਨੂੰ ਅਰੋੜਾ ਦੇ ਗ੍ਰਹਿ ਵਿਖੇ ਹੋਈ। ਅੰਤਿਮ ਅਰਦਾਸ ਉਪਰੰਤ ਕਤਲ ਕਾਂਡ ਦੇ ਅੱਠ ਦਿਨ ਲੰਘ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਵਿੱਚੋਂ ਕਿਸੇ ਦੀ ਵੀ ਗ੍ਰਿਫਤਾਰੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਮੋਨੂੰ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਸਥਾਨਕ ਦਸਮੇਸ਼ ਪਬਲਿਕ ਸਕੂਲ ਅੱਗੇ ਧਰਨਾ ਲਾ ਕੇ ਬਠਿੰਡਾ ਤਲਵੰਡੀ ਸਾਬੋ ਹਾਈਵੇ ਨੂੰ ਜਾਮ ਕਰਕੇ ਪੁਲਿਸ ਪ੍ਰਸ਼ਾਸ਼ਨ 'ਤੇ ਸਰਕਾਰ ਤੋਂ ਇਲਾਵਾ ਹਲਕੇ ਦੀ 'ਆਪ' ਵਿਧਾਇਕਾ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ।
ਅੱਜ ਸਭ ਤੋਂ ਪਹਿਲਾਂ ਮੋਨੂੰ ਅਰੋੜਾ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਵੱਲੋਂ ਗਰੁੜ ਪੁਰਾਣ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਵਿਜੈ ਕੁਮਾਰ ਜੋ ਖੁਦ ਜਮਾਨਤ 'ਤੇ ਬਠਿੰਡਾ ਜੇਲ੍ਹ ਤੋਂ ਆਇਆ ਸੀ ਨੇ ਕਥਿਤ ਤੌਰ 'ਤੇ ਦੋਸ਼ ਲਾਏ ਕਿ ਪੁਲਿਸ ਕਥਿਤ ਦੋਸ਼ੀਆਂ ਦੀ ਮਦੱਦ ਕਰਨ ਲੱਗੀ ਹੋਈ ਹੈ ਕਿਉਂਕਿ ਮੋਨੂੰ ਦੇ ਅੰਤਿਮ ਸੰਸਕਾਰ ਮੌਕੇ ਪੁਲਿਸ ਨੇ ਉਨ੍ਹਾਂ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੱਤ ਦਿਨ ਦਾ ਸਮਾਂ ਮੰਗਿਆ ਸੀ ਪਰ ਅੱਜ ਭੋਗ ਵੀ ਪੈ ਗਿਆ ਪਰ ਪੁਲਿਸ ਇੱਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਉਕਤ ਸਮੁੱਚੀ ਘਟਨਾ ਦਾ ਮਾਸਟਰ ਮਾਂਈਡ ਅਮਰਿੰਦਰ ਸਿੰਘ ਉਰਫ ਰਾਜੂ ਜੋ ਪਿੰਡ ਭਾਗੀਵਾਂਦਰ ਦੀ ਮਹਿਲਾ ਸਰਪੰਚ ਦਾ ਪੁੱਤਰ ਹੈ ਆਮ ਆਦਮੀ ਪਾਰਟੀ ਦਾ ਸਿਰਕੱਢ ਆਗੂ ਹੈ ਤੇ ਉਸਨੂੰ ਹਲਕੇ ਦੀ ਮਹਿਲਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਬਚਾ ਰਹੀ ਹੈ ਕਿਉਂਕਿ ਉਹ ਉਸਦਾ ਖਾਸਮਖਾਸ ਹੈ। ਵਿਜੈ ਕੁਮਾਰ ਨੇ ਪੱਤਰਕਾਰਾਂ ਨੂੰ ਅਮਰਿੰਦਰ ਸਿੰਘ ਰਾਜੂ 'ਤੇ ਬੀਤੇ ਸਮੇਂ ਵਿੱਚ ਤਲਵੰਡੀ ਸਾਬੋ ਥਾਣੇ ਵਿੱਚ ਦਰਜ ਪੰਜ ਅਪਰਾਧਿਕ ਮਾਮਲਿਆਂ ਦੀਆਂ ਕਾਪੀਆਂ ਦਿਖਾਉਂਦਿਆਂ ਕਿਹਾ ਕਿ ਮੇਰੇ ਪੁੱਤ ਨੂੰ ਤਾਂ ਚਾਰ ਕੇਸ ਜੋ ਝੂਠੇ ਦਰਜ ਕੀਤੇ ਗਏ ਸਨ ਦੇ ਹੁੰਦਿਆਂ ਨਸ਼ਾ ਤਸਕਰ ਬਣਾ ਦਿੱਤਾ ਗਿਆ ਜਦੋਂਕਿ ਮਾਰਨ ਵਾਲੇ ਕਥਿਤ ਦੋਸ਼ੀ 'ਤੇ ਪੰਜ ਮਾਮਲੇ ਕੇਵਲ ਤਲਵੰਡੀ ਸਾਬੋ ਥਾਣੇ ਵਿੱਚ ਇੱਕ ਰਾਮਾਂ ਮੰਡੀ ਥਾਣੇ ਵਿੱਚ ਤੇ ਇੱਕ ਇਰਾਦਾ ਕਤਲ ਦਾ ਰਾਜਸਥਾਨ ਵਿੱਚ ਦਰਜ ਹੈ ਪਰ ਪੁਲਿਸ ਉਸਨੂੰ ਹੱਥ ਨਹੀ ਲਗਾ ਰਹੀ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿੱਚ ਬਿਜਲੀ ਮੁਲਾਜਮਾਂ ਨੂੰ ਬੰਦੀ ਬਣਾ ਕੇ ਕੁੱਟਮਾਰ ਕਰਨ ਦੇ ਕਾਰਨ ਰਾਜੂ ਸੁਰਖੀਆਂ ਵਿੱਚ ਆਇਆ ਸੀ। ਉਨ੍ਹਾਂ ਦੋਸ਼ ਲਾਏ ਕਿ ਉਕਤ ਵਿਅਕਤੀ ਗੈਂਗਸਟਰ ਕਿਸਮ ਦਾ ਹੈ ਤੇ ਘਰੋਂ ਤਕੜਾ ਹੋਣ ਕਾਰਨ ਪੁਲਿਸ ਉਸਨੂੰ ਨਹੀਂ ਫੜ੍ਹ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੱਲ ਨੂੰ 19 ਜੂਨ ਸ਼ਾਮ ਤੱਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਆਪਣੇ ਸਮੁੱਚੇ ਪਰਿਵਾਰ ਸਮੇਤ ਡੀਜਲ ਪਾ ਕੇ ਆਤਮਦਾਹ ਕਰ ਲਵੇਗਾ ਜਿਸਦੀ ਜਿੰਮੇਵਾਰ ਸਥਾਨਕ ਪੁਲਿਸ ਤੇ ਸਰਕਾਰ ਹੋਵੇਗੀ।
ਉੱਧਰ ਭਾਵੇਂ ਪੁਲਿਸ ਨੇ ਭੋਗ ਨੂੰ ਦੇਖਦਿਆਂ ਕਿਸੇ ਵਿਰੋਧ ਪ੍ਰਦਰਸ਼ਨ ਦੀ ਆਸ਼ੰਕਾ ਦੇ ਚਲਦਿਆਂ ਸ਼ਹਿਰ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਸਨ ਪ੍ਰੰਤੂ ਭੋਗ ਉਪਰੰਤ ਪੀੜਿਤ ਪਰਿਵਾਰ ਤੇ ਰਿਸ਼ਤੇਦਾਰ ਟਰੈਕਟਰ ਟਰਾਲੀਆਂ ਰਾਹੀਂ ਸਥਾਨਕ ਦਸਮੇਸ਼ ਪਬਲਿਕ ਸਕੂਲ ਕੋਲ ਪੈਂਦੇ ਰਜਬਾਹੇ 'ਤੇ ਪੁੱਜ ਕੇ ਬਠਿੰਡਾ ਤਲਵੰਡੀ ਸਾਬੋ ਹਾਈਵੇ 'ਤੇ ਜਾਮ ਲਗਾਉਣ ਵਿੱਚ ਸਫਲ ਰਿਹਾ। ਹੈਰਾਨੀ ਇਸ ਗੱਲ ਦੀ ਰਹੀ ਕਿ ਭੋਗ ਮੌਕੇ ਪਿੰਡ ਭਾਗੀਵਾਂਦਰ ਤੇ ਕਈ ਮੋਹਤਬਰ ਆਗੂ ਤੇ ਪਿੰਡ ਵਾਸੀ ਵੀ ਹਾਜ਼ਰ ਹੋਏ ਜਦੋਂ ਕਿ ਭਾਗੀਵਾਂਦਰ ਵਾਸੀ ਦਾਅਵਾ ਕਰ ਰਹੇ ਸਨ ਕਿ ਮੋਨੂੰ ਨੂੰ ਪਿੰਡ ਵਾਸੀਆਂ ਨੇ ਵੱਢਿਆ ਹੈ ਤੇ ਸਾਰੇ ਪਿੰਡ ਵਾਸੀ ਇਸ ਮਾਮਲੇ ਤੇ ਇੱਕਜੁਟ ਹਨ। ਧਰਨੇ ਦੌਰਾਨ ਪਰਿਵਾਰ ਨੇ ਸਥਾਨਕ ਪੁਲਿਸ ਤੇ ਪੰਜਾਬ ਸਰਕਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ 'ਤੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਇਲਜਾਮ ਲਾਉਂਦਿਆਂ ਉੇਨ੍ਹਾਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਧਰਨੇ ਵਿੱਚ ਛੋਟੇ ਛੋਟੇ ਬੱਚਿਆਂ ਦੀ ਸ਼ਮੂਲੀਅਤ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਜੋ ਨਾਅਰੇ ਲਾ ਰਹੇ ਸਨ ਕਿ ਸਾਡੇ ਮਾਮੂੰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ। ਭਾਵੇਂ ਕਿ ਅਤਿਰਿਕਤ ਥਾਣਾ ਮੁਖੀ ਸੰਜੀਵ ਕੁਮਾਰ ਭਾਟੀ ਤੇ ਡੀ. ਐੱਸ. ਪੀ ਬਰਿੰਦਰ ਸਿੰਘ ਗਿੱਲ ਧਰਨੇ ਵਾਲੀ ਥਾਂ ਪੁੱਜ ਗਏ ਸਨ ਪਰ ਉਨ੍ਹਾਂ ਧਰਨਾਕਾਰੀਆਂ ਨਾਲ ਕਿਸੇ ਕਿਸਮ ਦੀ ਗੱਲ ਨਾ ਕਰਦਿਆਂ ਧਰਨਾ ਚੁੱਕੇ ਜਾਣ ਦੀ ਉਡੀਕ ਕੀਤੀ। ਧਰਨੇ ਦੌਰਾਨ ਦੋਂ ਮਾਹੌਲ ਗਰਮ ਹੁੰਦਾ ਹੁੰਦਾ ਰਹਿ ਗਿਆ ਜਦੋਂ ਨੇੜਲੇ ਪਿੰਡ ਦੇ ਇੱਕ 'ਆਪ' ਆਗੂ ਜੋ ਹਲਕਾ ਵਿਧਾਇਕਾ ਦਾ ਨਜਦੀਕੀ ਸਮਝਿਆ ਜਾਂਦਾ ਹੈ ਦੀ ਗੱਡੀ ਉੱਥੇ ਆ ਗਈ ਤੇ ਧਰਨੇ ਵਿਚਲੇ ਕੁਝ ਨੌਜਵਾਨਾਂ ਨੇ ਉਸਨੂੰ ਪਹਿਚਾਣ ਕੇ ਪੱਥਰ ਚੁੱਕ ਲਏ ਪਰ ਉਕਤ ਆਗੂ ਗੱਡੀ ਭਜਾ ਕੇ ਲੈਜਾਣ ਵਿੱਚ ਸਫਲ ਰਿਹਾ। ਦੂਜੀ ਵਾਰ ਹਾਲਾਤ ਉਦੋਂ ਤਣਾਅਪੂਰਨ ਹੋ ਗਏ ਜਦੋਂ ਬਠਿੰਡਾ ਤੋਂ ਪੁੱਜੇ ਐੱਸ. ਪੀ ਰੈਂਕ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਧਰਨਾਕਾਰੀਆਂ ਨੂੰ ਧਰਨਾ ਨਾ ਚੁੱਕਣ ਦੀ ਸੂਰਤ ਵਿੱੱਚ ਪਰਚੇ ਪਾ ਕੇ ਥਾਣੇ ਸੁੱਟਣ ਦੀ ਧਮਕੀ ਦੇ ਮਾਰੀ ਪਰ ਧਰਨਾਕਾਰੀਆਂ ਵੱਲੋਂ ਅੜੇ ਰਹਿਣ 'ਤੇ ਆਪਣਾ ਰੁਖ ਨਰਮ ਕਰਦਿਆਂ ਉਕਤ ਅਧਿਕਾਰੀ ਨੇ ਧਰਨਾਕਾਰੀਆਂ ਤੋਂ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ 10 ਦਿਨਾਂ ਦਾ ਸਮਾਂ ਮੰਗਿਆ ਪਰ ਧਰਨਾਕਾਰੀ ਪੁਲਿਸ ਨੂੰ ਹੋਰ ਸਮਾਂ ਦੇਣ ਦੇ ਮੂਡ ਵਿੱਚ ਨਹੀਂ ਸਨ ਸੋ ਖਬਰ ਲਿਖੇ ਜਾਣ ਤੱਕ ਧਰਨਾ ਚੱਲ ਰਿਹਾ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration