"/> ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗੁਰਮਤਿ ਲਹਿਰ ਸਬੰਧੀ ਪ੍ਰਚਾਰਕਾਂ ਦੇ ਜਥੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ ਕੀਤੇ ਗਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗੁਰਮਤਿ ਲਹਿਰ ਸਬੰਧੀ ਪ੍ਰਚਾਰਕਾਂ ਦੇ ਜਥੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ ਕੀਤੇ ਗਏ

ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਚਾਰਕਾਂ ਤੇ ਢਾਡੀਆਂ ਦੇ ਜਥਿਆਂ ਨੂੰ ਪਿੰਡਾਂ 'ਚ ਪ੍ਰਚਾਰ ਲਈ ਕੀਤਾ ਰਵਾਨਾ
Published On: punjabinfoline.com, Date: Jul 02, 2017

ਤਲਵੰਡੀ ਸਾਬੋ, 2 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ੍ਹ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭੀ ਗਈ ਗੁਰਮਤਿ ਪ੍ਰਚਾਰ ਲਹਿਰ ਦੀ ਲੜੀ ਵਿੱਚ ਅੱਜ ਸਵੇਰੇ ਅਰਦਾਸ ਉਪਰੰਤ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਕਰਨ ਲਈ ਜਥਿਆਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਿੰਡਾਂ ਲਈ ਰਵਾਨਾ ਕੀਤਾ ਗਿਆ।
ਇਸ ਤੋਂ ਪਹਿਲਾਂ ਤਖਤ ਸਾਹਿਬ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਸ਼੍ਰੋਮਣੀ ਕਮੇਟੀ ਦੇ ਉਕਤ ਪ੍ਰਚਾਰਕਾਂ ਤੇ ਢਾਡੀਆਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਪ੍ਰਚਾਰ ਲਈ ਪਿੰਡਾਂ ਵਿੱਚ ਪੁੱਜਣ ਉਪਰੰਤ ਪ੍ਰਚਾਰਕ ਸਿੰਘ ਸਿਰਫ ਰਸਮੀ ਕਾਰਵਾਈ ਨਾ ਪਾਉਣ ਸਗੋਂ ਜਿਹੜੇ ਪਿੰਡ ਵਿੱਚ ਵੀ ਉਹ ਜਾਣ ਉੱਥੇ ਆਪਣੇ ਪ੍ਰਚਾਰ ਦਾ ਫੋਕਸ ਖਾਸ ਕਰਕੇ ਪਤਿਤਪੁਣੇ ਵੱਲ ਜਾ ਕੇ ਨੌਜਵਾਨਾਂ ਅਤੇ ਛੋਟੇ ਬੱਚਿਆਂ 'ਤੇ ਰੱਖਣ ਤਾਂ ਕਿ ਸਿੱਖ ਪਨੀਰੀ ਨੂੰ ਦੁਬਾਰਾ ਸਿੱਖੀ ਸਰੂਪ ਵੱਲ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਪ੍ਰਚਾਰਕਾਂ ਨੂੰ ਪਿੰਡਾਂ ਦੀਆਂ ਸੰਗਤਾਂ ਵੱਲੋਂ ਜਾਂ ਗੁਰਦੁਆਰਾ ਕਮੇਟੀਆਂ ਵੱਲੋਂ ਸੁਝਾਅ ਦਿੱਤੇ ਜਾਣ ਤਾਂ ਉਹ ਸੁਝਾਅ ਧਰਮ ਪ੍ਰਚਾਰ ਉੱਪ ਦਫਤਰ ਇੰਚਾਰਜ ਜਾਂ ਤਖਤ ਸਾਹਿਬ ਤੇ ਜਰੂਰ ਪਹੁੰਚਾਉਣ ਤਾਂ ਕਿ ਉਨ੍ਹਾਂ ਤੇ ਅਮਲ ਕੀਤਾ ਜਾ ਸਕੇ। ਸਮਾਗਮ ਨੂੰ ਸੰਬੋਧਨ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਅੰਤ੍ਰਿਗ ਮੈਂਬਰ ਭਾਈ ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਜਿਸ ਹਲਕੇ ਵਿੱਚ ਵੀ ਪ੍ਰਚਾਰਕਾਂ ਨੂੰ ਭੇਜਿਆ ਜਾਵੇਗਾ ਉਸ ਹਲਕੇ ਦਾ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਚਾਰਕਾਂ ਤੇ ਢਾਡੀਆਂ ਦੇ ਜਿੱਥੇ ਕਾਰਜਾਂ ਦੀ ਸਮੀਖਿਆ ਕਰੇਗਾ ਉੱਥੇ ਉਨ੍ਹਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਵੀ ਧਿਆਨ ਰੱਖੇਗਾ।
ਸਿੰਘ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਪ੍ਰਚਾਰਕਾਂ ਤੇ ਢਾਡੀ ਸਿੰਘਾਂ ਦੇ ਉਕਤ ਜਥਿਆਂ ਨੂੰ ਤਖਤ ਸਾਹਿਬ ਤੋਂ ਪ੍ਰਚਾਰ ਲਈ ਰਵਾਨਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਦੱਸਿਆ ਕਿ ਅੱਜ 25 ਪ੍ਰਚਾਰਕ ਅਤੇ 25 ਢਾਡੀ ਤੇ ਕਵੀਸ਼ਰੀ ਜਥਿਆਂ ਨੂੰ ਧਰਮ ਪ੍ਰਚਾਰ ਲਹਿਰ ਦੀ ਲੜੀ ਤਹਿਤ ਅੱਜ ਰਵਾਨਾ ਕੀਤਾ ਗਿਆ ਹੈ ਤੇ ਦਿਨੋਂ ਦਿਨ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਅੰਤ੍ਰਿਗ ਮੈਂਬਰ ਬੱਪੀਆਣਾ ਨੇ ਦੱਸਿਆ ਕਿ ਧਰਮ ਪ੍ਰਚਾਰ ਉੱਪ ਦਫਤਰ ਦਮਦਮਾ ਸਾਹਿਬ ਅਧੀਨ ਆਉਂਦੇ ਖੇਤਰ ਵਿੱਚੋਂ ਗੁਰਮਤਿ ਲਹਿਰ ਤਹਿਤ ਪਹਿਲਾ ਪ੍ਰਚਾਰ ਮਾਨਸਾ ਜਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਤੋਂ ਆਰੰਭ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਸਮੁੱਚੇ ਬਠਿੰਡਾ ਮਾਨਸਾ ਜਿਲ੍ਹਿਆਂ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ ਕਰ ਦਿੱਤਾ ਜਾਵੇਗਾ। ਜਥਿਆਂ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਸੁਰਜੀਤ ਸਿੰਘ ਰਾਏਪੁਰ ਤੇ ਭਾਈ ਜਗਸੀਰ ਸਿੰਘ ਮਾਂਗੇਆਣਾ, ਭਾਈ ਸੁਖਵਿੰਦਰ ਸਿੰਘ ਗਰੇਵਾਲ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਅਜੀਤ ਸਿੰਘ ਮਝੈਲ ਇੰਚਾਰਜ ਉਪ ਦਫਤਰ ਧਰਮ ਪ੍ਰਚਾਰ, ਭਾਈ ਜਗਜੀਤ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਪੰਜ ਪਿਆਰਿਆਂ ਵਿੱਚੋਂ ਭਾਈ ਹਰਜੀਤ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਕੇਵਲ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਮੰਡੇਰ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਗੁਰਬਚਨ ਸਿੰਘ ਕਲਸੀਆਂ ਪ੍ਰਚਾਰਕ, ਭਾਈ ਗੁਰਸ਼ਿੰਦਰ ਸਿੰਘ ਢਾਡੀ ਜਥਾ, ਭਾਈ ਕੁਲਵਿੰਦਰ ਸਿੰਘ ਰੂਪੋਵਾਲੀ ਕਵੀਸ਼ਰ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration