"/> ਸਮਾਜ ਅੰਦਰ ਫੈਲਾਈਆਂ ਜਾ ਰਹੀਆਂ ਅਫਵਾਹਾਂ, ਅਸੀਂ ਅਤੇ ਸਾਡੀ ਮਾਨਸਿਕਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਮਾਜ ਅੰਦਰ ਫੈਲਾਈਆਂ ਜਾ ਰਹੀਆਂ ਅਫਵਾਹਾਂ, ਅਸੀਂ ਅਤੇ ਸਾਡੀ ਮਾਨਸਿਕਤਾ

Published On: punjabinfoline.com, Date: Aug 05, 2017

ਕੁੱਝ ਸਵਾਲ ਪੁੱਛਕੇ ਹੀ ਮੈਂ ਅੱਜ ਦੇ ਇਸ ਲੇਖ ਦੀ ਸ਼ੁਰੂਆਤ ਕਰਨੀ ਚਾਹਾਂਗਾ।
1. ਕੀ ਅਸੀਂ ਇੱਕ ਪੜ੍ਹੇ ਲਿਖੇ ਅਤੇ ਜਾਗਰੂਕ ਦੇਸ਼ ਦੇ ਵਾਸੀ ਹਾਂ?
2. ਕੀ ਅਸੀਂ ਖੁਦ ਪੜ੍ਹੇ ਲਿਖੇ ਅਤੇ ਜਾਗਰੂਕ ਹਾਂ?
3. ਕੀ ਅਸੀਂ ਕਿਸੇ ਧਰਮ ਗ੍ਰੰਥ ਵਿੱਚ ਆਸਥਾ ਰੱਖਦੇ ਹਾਂ?
4. ਕੀ ਅਸੀਂ ਵਿਗਿਆਨਿਕ ਸੋਚ ਦੇ ਧਾਰਨੀ ਹਾਂ?
5. ਕੀ ਅਸੀਂ ਅੰਧ ਵਿਸ਼ਵਾਸ ਤੋਂ ਦੂਰ ਹਾਂ?
ਜੇ ਉਪਰੋਕਤ ਸਾਰੇ ਸਵਾਲਾਂ ਦਾ ਜਵਾਬ ਹਾਂ ਹੈ ਤਾਂ ਅਸੀਂ ਐਨੇ ਮੂਰਖ, ਐਨੇ ਭੋਲੇ, ਐਨੇ ਅੰਧ ਵਿਸ਼ਵਾਸੀ ਕਿਉਂ ਹੋ ਗਏ ਹਾਂ? ਜੋ ਹਰ ਇੱਕ ਦੀ ਝੂਠੀ ਗੱਲ ਨੂੰ ਸੱਚ ਮੰਨ ਬੈਠਦੇ ਹਾਂ। ਹਰ ਇੱਕ ਦੀ ਕਹੀ ਗੱਲ ਸਾਨੂੰ ਹੁਣੇ ਵਾਪਰੀ ਘਟਨਾ ਕਿਉਂ ਲੱਗਣ ਲੱਗ ਜਾਂਦੀ ਹੈ? ਹਰ ਇੱਕ ਦੁਆਰਾ ਛੱਡੀ ਅਫਵਾਹ ਵਿੱਚ ਅਸੀਂ ਆਪਣੇ ਆਪ ਨੂੰ ਕਿਉਂ ਸ਼ਾਮਿਲ ਕਰ ਲੈਂਦੇ ਹਾਂ? ਕਿਉਂ ਅਸੀਂ ਹਰ ਇੱਕ ਦੀ ਲਿਖੀ, ਬੋਲੀ ਗੱਲ ਨੂੰ ਬਿਨ੍ਹਾਂ ਤਰਕ ਦੀ ਕਸਵੱਟੀ 'ਤੇ ਪਰਖਿਆਂ ਇੱਕ ਦੂਜੇ ਤੱਕ ਬਿਨ੍ਹਾਂ ਸੋਚੇ ਸਮਝੇ ਸ਼ੇਅਰ ਕਰ ਦਿੰਦੇ ਹਾਂ।
ਮੈਂ ਗੱਲ ਕਰਨ ਲੱਗਿਆ ਹਾਂ ਹਰ ਸਾਲ ਇਸੇ ਮਹੀਨੇ ਵਿੱਚ ਫੈਲਾਈਆਂ ਜਾਂਦੀਆਂ ਅਫਵਾਹਾਂ ਬਾਰੇ। ਕਿਸੇ ਸਾਲ 'ਚ ਸੁਣਿਆ ਅਸੀਂ ਕਿ ਕਾਲੇ ਕੱਛਿਆਂ ਵਾਲੇ ਆ ਗਏ। ਕਿਸੇ ਸਾਲ ਸੁਣਿਆ ਕਿ ਹਥੌੜਿਆਂ ਵਾਲੇ ਆ ਗਏ। ਕਿਸੇ ਸਾਲ ਸੁਣਿਆ ਬਿੱਜੂ ਆ ਗਿਆ। ਪ੍ਰੰਤੂ ਇਸ ਵਾਰ ਇੱਕ ਅਨੋਖੀ ਅਫਵਾਹ ਸੁਣੀ ਕਿ ਔਰਤਾਂ ਦੀਆਂ ਗੁੱਤਾਂ ਕੱਟਣ ਵਾਲੇ ਆ ਗਏ ਜੋ ਰਾਤ ਨੂੰ ਔਰਤਾਂ ਦੀਆਂ ਗੁਤਾਂ ਕੱਟ ਕੇ ਲੈ ਜਾਂਦੇ ਹਨ ਅਤੇ ਤਿੰਨ ਦਿਨਾਂ ਬਾਅਦ ਉਸ ਔਰਤ ਦੀ ਮੌਤ ਹੋ ਜਾਂਦੀ ਹੈ। ਕੀ ਅਸੀਂ ਕਦੀ ਕਿਤੇ ਅਜਿਹਾ ਕਰਨ ਵਾਲੇ ਆਪਣੀਆਂ ਅੱਖਾਂ ਨਾਲ ਕਰਦੇ ਦੇਖਿਆ ਹੈ? ਜਾਂ ਕਿਤੇ ਅਜਿਹਾ ਕਰਨ ਵਾਲਾ ਫੜ੍ਹਿਆ ਗਿਆ ਹੈ? ਨਹੀਂ। ਜੇ ਕਿਤੇ ਫੜ੍ਹਿਆ ਵੀ ਗਿਆ ਹੈ ਤਾਂ ਕੋਈ ਸ਼ਾਤੁਰ ਦਿਮਾਗ, ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਪੁੱਠਾ ਸਿੱਧਾ ਕੰਮ ਕਰਨ ਵਾਲਾ ਹੋ ਸਕਦਾ ਹੈ। ਪਰ ਅਫਸੋਸ ਕਿ ਅਸੀਂ ਅੱਖਾਂ ਮੀਚ ਕੇ ਇਹਨਾਂ ਅਫਵਾਹਾਂ ਪਿੱਛੇ ਲੱਗ ਤੁਰਦੇ ਹਾਂ। ਐਥੇ ਆ ਕੇ ਕਹਿਣਾ ਪੈਂਦੈ ਕਿ ਅਸੀਂ ਪੜ੍ਹੇ ਲਿਖੇ ਅਨਪੜ੍ਹ ਹਾਂ। ਜੋ ਕਿਸੇ ਵੀ ਗੱਲ ਨੂੰ ਤਰਕ ਦੀ ਕਸਵੱਟੀ 'ਤੇ ਨਹੀਂ ਪਰਖਦੇ। ਕਿਧਰ ਗਈ ਸਾਡੀ ਉੱਚੀ ਕਹਿਲਾਉਣ ਵਾਲੀ ਸੋਚ। ਕਿੱਧਰ ਗਈਆਂ ਸਾਡੀਆਂ ਡਿਗਰੀਆਂ। ਇੱਥੇ ਡਿਗਰੀਆਂ ਦੀ ਪੜ੍ਹਾਈ ਦੀ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਪੜ੍ਹਿਆ ਲਿਖਿਆ ਤਬਕਾ ਇਸ ਪਾਸੇ ਬਹੁਤ ਲੱਗਦਾ ਹੈ ਤੇ ਪੜ੍ਹਿਆ ਲਿਖਿਆ ਸਮਾਜ ਇਸ ਪਾਸੇ ਜਾਵੇ ਤਾਂ ਇਹ ਕਹਿਣਾ ਹੀ ਬਣਦਾ ਹੈ। ਜੇ ਇਹੀ ਸੋਚ ਰੱਖਣੀ ਸੀ ਤਾਂ ਕਿਉਂ ਐਨਾ ਸਮਾਂ, ਕਿਉਂ ਐਨਾ ਪੈਸਾ ਬਰਬਾਦ ਕਰਨਾ ਸੀ। ਕਾਹਨੂੰ ਐਮੇਂ ਬਾਪੂ ਦੇ ਮੋਢਿਆਂ ਦਾ ਬੋਝ ਵਧਾਉਣਾ ਸੀ।
ਹੁਣ ਗੱਲ ਚੱਲੀ ਹੈ ਕਿ ਔਰਤਾਂ ਦੀਆਂ ਗੁੱਤਾਂ ਕੱਟੀਆਂ ਜਾ ਰਹੀਆਂ ਹਨ। ਉਹਨਾਂ ਪਿਛਲੇ ਕਾਰਨ ਕਦੇ ਖੋਜੇ ਨੇ ਕਿਸੇ ਨੇ? ਖੋਜ ਕੀਤੀ ਹੈ ਕਿ ਇਹਨਾਂ ਦਿਨਾਂ 'ਚ ਹੀ ਕਿਉਂ ਐਸੀਆਂ ਗੱਲਾਂ ਉਠਦੀਆਂ ਹਨ? ਸੋਚਿਆ ਕਦੇ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ? ਲੋੜ ਹੀ ਨਹੀਂ ਮਹਿਸੂਸ ਕੀਤੀ ਕਦੇ ਅਸੀਂ ਇਹ ਸੋਚਣ ਦੀ। ਇਹ ਸਾਡਾ ਕੰਮ ਥੋੜ੍ਹਾ ਹੈ ਸੋਚਣਾ, ਇਹ ਤਾਂ ਕੋਈ ਹੋਰ ਸੋਚੇ ਸਾਡੀ ਭਲਾਈ ਲਈ। ਇਹ ਸਭ ਕੁੱਝ ਸਾਡੀ ਮਾਨਸਿਕਤਾ ਨੂੰ ਚੈੱਕ ਕਰਨ ਲਈ ਕੀਤਾ ਜਾ ਰਿਹਾ ਹੈ। ਸਾਡੀ ਮਾਨਸਿਕਤਾ ਨੂੰ ਚੈੱਕ ਕਰਨ ਲਈ ਹੀ ਸ਼ੋਸ਼ਲ ਮੀਡੀਆ 'ਤੇ ਮੈਸਿਜ ਭੇਜੇ ਜਾਂਦੇ ਹਨ ਕਿ ਐਨੇ ਵਾਰੀ ਰਾਮ, ਵਾਹਿਗੁਰੂ, ਅੱਲਾ, ਗੌਡ ਲਿਖ ਕੇ ਭੇਜੋ ਚੰਗੀ ਖਬਰ ਮਿਲੂ ਜੋ ਨਾ ਭੇਜੂ ਉਸਦਾ ਕੰਮ ਨਹੀਂ ਬਣਦਾ। ਜੋ ਇਗਨੌਰ ਕਰੂ ਉਹਨੂੰ ਬੁਰੀ ਖਬਰ ਮਿਲੂ। ਸਾਡੀ ਮਾਨਸਿਕਤਾ ਐਨੀ ਮਰ ਚੁੱਕੀ ਹੈ, ਐਨੀ ਗਰਕ ਚੁੱਕੀ ਹੈ ਕਿ ਅਸੀਂ ਬਿਨ੍ਹਾਂ ਸੋਚੇ ਸਮਝੇ, ਸਮਾਂ ਬਰਬਾਦ ਕਰਕੇ, ਪੈਸਾ ਬਰਬਾਦ ਕਰਕੇ, ਸਰੀਰਿਕ ਸ਼ਕਤੀ ਬਰਬਾਦ ਕਰਕੇ ਭੇਜਦੇ ਰਹਿੰਦੇ ਹਾਂ। ਅਸੀਂ ਕਿਵੇਂ ਅਜ਼ਾਦ ਸੋਚ ਦੇ ਮਾਲਕ ਕਹਾ ਸਕਦੇ ਹਾਂ, ਕਿਵੇਂ ਅਸੀਂ ਤਰਕਸ਼ੀਲ ਕਹਾ ਸਕਦੇ ਹਾਂ? ਕਿਵੇਂ ਅਸੀਂ ਪੜ੍ਹੇ ਲਿਖੇ ਕਹਾ ਸਕਦੇ ਹਾਂ, ਕਿਵੇਂ ਅਸੀਂ ਬੁੱਧੀਜੀਵੀ ਕਹਾ ਸਕਦੇ ਹਾਂ? ਜੇ ਅਸੀਂ ਆਪਣੇ ਆਪ ਨੂੰ ਉੱਚੀ ਸੁੱਚੀ ਸੋਚ ਦਾ ਮਾਲਕ ਬਣਾਉਣਾ ਹੈ ਤਾਂ ਇਹਨਾਂ ਸਭ ਭਰਮ ਭੁਲੇਖਿਆਂ 'ਚੋਂ ਆਪਣੇ ਆਪ ਨੂੰ ਕੱਢਣ ਹੋਵੇਗਾ, ਬਣਾਉਣਾ ਹੋਵੇਗਾ ਆਪਣੇ ਆਪ ਨੂੰ ਫੌਲਾਦੀ ਜੇਰੇ ਵਾਲਾ, ਕਰਨਾ ਹੋਵੇਗਾ ਆਪਣਾ ਮਨ ਨਿਰਮਲ, ਜਗਾਉਣਾ ਹੋਵੇਗਾ ਆਪਣੀ ਮਰੀ ਹੋਈ ਜ਼ਮੀਰ ਨੰ ਫਿਰ ਹੀ ਅਸੀਂ ਮਨੁੱਖ ਕਹਾਉਣ ਦੇ ਅਸਲੀ ਹੱਕਦਾਰ ਹਾਂ, ਫਿਰ ਹੀ ਬਾਬੇ ਨਾਨਕ ਦੇ ਸਿੱਖ ਕਹਾ ਸਕਦੇ ਹਾਂ ਨਹੀਂ ਤਾਂ ਸਾਡੇ ਤੋਂ ਵੱਡਾ ਪਾਖੰਡੀ, ਸਾਡੇ ਤੋਂ ਵੱਡਾ ਵਿਸ਼ਵਾਸਘਾਤੀ, ਸਾਡੇ ਤੋਂ ਵੱਡਾ ਸਾਡਾ ਕੋਈ ਦੁਸ਼ਮਣ ਨਹੀਂ ਹੋ ਸਕਦਾ।
ਲੇਖਕ
ਗੁਰਜੰਟ ਸਿੰਘ ਨਥੇਹਾ
ਪੱਤਰਕਾਰ ਤਲਵੰਡੀ ਸਾਬੋ
89687272, 8968407272
gurjantnatheha225@gmail.com

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration