"/> ਮਿੰਨੀ ਟੈਂਪੂ ਚਾਲਕਾਂ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਮੁਜ਼ਾਹਰਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਿੰਨੀ ਟੈਂਪੂ ਚਾਲਕਾਂ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਮੁਜ਼ਾਹਰਾ

Published On: punjabinfoline.com, Date: Aug 11, 2017

ਸੰਗਰੂਰ,11 ਅਗਸਤ (ਸਪਨਾ ਰਾਣੀ) ਮਿੰਨੀ ਟੈਂਪੂ ਟਰਾਂਸਪੋਰਟ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੇ ਮਿੰਨੀ ਟੈਂਪੂ ਚਾਲਕਾਂ-ਮਾਲਕਾਂ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿਚ ਚੱਲ ਰਹੇ ਨਾਜਾਇਜ਼ ਪੀਟਰ ਰੇਹੜਿਆਂ, ਮੋਟਰਸਾਈਕਲ ਰੇਹੜੀਆਂ ਤੇ ਜੁਗਾੜੂ ਵਾਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਕਿਉਂਕਿ ਇਨ੍ਹਾਂ ਜੁਗਾੜੂ ਵਾਹਨਾਂ ਕਾਰਨ ਉਨ੍ਹਾਂ ਦਾ ਰੁਜ਼ਗਾਰ ਠੱਪ ਹੋ ਰਿਹਾ ਹੈ। ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਕਾਮਰੇਡ ਰੰਗੀ ਖਾਂ, ਕਾਮਰੇਡ ਦੇਵ ਰਾਜ ਵਰਮਾ ਸਕੱਤਰ ਸੀਟੂ ਪੰਜਾਬ, ਸਰਬਜੀਤ ਸਿੰਘ ਵੜੈਚ ਸੂਬਾ ਕਮੇਟੀ ਮੈਂਬਰ, ਇੰਦਰਜੀਤ ਸਿੰਘ ਪ੍ਰਧਾਨ ਐਫਸੀਆਈ ਪੱਲੇਦਾਰ ਯੂਨੀਅਨ, ਮੱਖਣ ਸਿੰਘ ਜਖੇਪਲ ਪ੍ਰਧਾਨ ਭੱਠਾ ਵਰਕਰਜ਼ ਯੂਨੀਅਨ ਤੇ ਸਤਵੀਰ ਸਿੰਘ ਜਨਰਲ ਸਕੱਤਰ ਡੀਵਾਈਐਫ਼ਆਈ ਆਦਿ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਕੁੱਝ ਲੋਕਾਂ ਵੱਲੋਂ ਨਾਜਾਇਜ਼ ਤੌਰ ’ਤੇ ਬਿਨਾਂ ਪਰਮਿਟ ਤੇ ਬਿਨਾਂ ਹੋਰ ਕਾਗਜ਼ਾਤ ਤੋਂ ਪੀਟਰ ਰੇਹੜੇ, ਮੋਟਰਸਾਈਕਲ ਰੇਹੜੀਆਂ ਅਤੇ ਜੁਗਾੜੂ ਵਾਹਨ ਬਣਾ ਕੇ ਸ਼ਰੇਆਮ ਮਾਲ ਦੀ ਢੋਆ ਢੋਆਈ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਜਿਹੇ ਜੁਗਾੜੂ ਵਾਹਨ ਬੰਦ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਇਨ੍ਹਾਂ ਜੁਗਾੜੂ ਵਾਹਨਾਂ ਦੇ ਚਾਲਕਾਂ ਵੱਲੋਂ ਮਿੰਨੀ ਟੈਂਪੂ ਵਾਲਿਆਂ ਦੇ ਜਾਇਜ਼ ਧੰਦੇ ਨੂੰ ਤਬਾਹ ਕੀਤਾ ਜਾ ਰਿਹਾ ਹੈ। ਇਹ ਜੁਗਾੜੂ ਵਾਹਨ ਲੰਮੇ ਲੰਮੇ ਲੋਹੇ ਦੇ ਗਾਡਰ ਅਤੇ ਸਰੀਆ ਲੱਦ ਕੇ ਭੀੜ ਭੜੱਕੇ ਵਾਲੇ ਬਾਜ਼ਾਰਾਂ ’ਚੋਂ ਲੰਘਦੇ ਹਨ ਜਿਸ ਨਾਲ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਟੈਂਪੂ ਯੂਨੀਅਨਾਂ ਦੀਆਂ ਸਾਰੀਆਂ ਗੱਡੀਆਂ ਵੱਲੋਂ ਸਰਕਾਰੀ ਖ਼ਜ਼ਾਨੇ ਵਿੱਚ ਟੈਕਸ ਜਮ੍ਹਾਂ ਕਰਵਾਇਆ ਜਾਂਦਾ ਹੈ ਜਦੋਂ ਕਿ ਜੁਗਾੜੂ ਵਾਹਨਾਂ ਵੱਲੋਂ ਕੋਈ ਟੈਕਸ ਨਹੀਂ ਭਰਿਆ ਜਾਂਦਾ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਪਰਮਿਟ ਜਾਂ ਰਜਿਸਟਰੇਸ਼ਨ ਹੁੰਦੀ ਹੈ। ਜੁਗਾੜੂ ਵਾਹਨਾਂ ਕਾਰਨ ਟੈਂਪੂ ਵਾਲਿਆਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜੁਗਾੜੂ ਵਾਹਨਾਂ ਦੇ ਮਾਲਕਾਂ ਅਤੇ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜੁਗਾੜੂ ਵਾਹਨਾਂ ਨੂੰ ਬਣਾਉਣ ਵਾਲੀਆਂ ਵਰਕਸ਼ਾਪਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਜਾਣ ਤਾਂ ਜੋ ਟੈਂਪੂ ਵਾਲਿਆਂ ਦਾ ਜਾਇਜ਼ ਕਾਰੋਬਾਰ ਪ੍ਰਭਾਵਿਤ ਨਾ ਹੋਵੇ। ਇਸ ਮੌਕੇ ਵਰਿੰਦਰ ਕੌਸ਼ਿਕ, ਗੁਰਚਰਨ ਸਿੰਘ, ਰਾਜ ਕੁਮਾਰ ਪ੍ਰਧਾਨ ਧੂਰੀ, ਬਲਜੀਤ ਸਿੰਘ ਪ੍ਰਧਾਨ ਸੰਗਰੂਰ, ਗੁਲਜ਼ਾਰ ਸਿੰਘ ਪ੍ਰਧਾਨ ਸ਼ੇਰਪੁਰ, ਜਸਵਿੰਦਰ ਸਿੰਘ ਸੁਨਾਮ ਤੇ ਸੁਖਦੇਵ ਸਿੰਘ ਪ੍ਰਧਾਨ ਜਾਖਲ ਆਦਿ ਵੀ ਸ਼ਾਮਲ ਸਨ। ਯੂਨੀਅਨ ਦੇ ਵਫ਼ਦ ਵੱਲੋਂ ਇੱਕ ਮੰਗ ਪੱਤਰ ਵੀ ਵਧੀਕ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਨੂੰ ਸੌਂਪਿਆ ਗਿਆ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration