"/> ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ 'ਤੇ ਹੀ ਸਿਰੋਪਾ ਲੈਣ ਦਾ ਪ੍ਰਣ ਜਥੇਦਾਰ ਨੰਦਗੜ੍ਹ ਨੇ ਪੂਰਾ ਕੀਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ 'ਤੇ ਹੀ ਸਿਰੋਪਾ ਲੈਣ ਦਾ ਪ੍ਰਣ ਜਥੇਦਾਰ ਨੰਦਗੜ੍ਹ ਨੇ ਪੂਰਾ ਕੀਤਾ

Published On: punjabinfoline.com, Date: Aug 31, 2017

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਤੋਂ ਕਰੀਬ 10 ਸਾਲ ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਲਾਬਤਪੁਰਾ ਵਿਖੇ ਸਿੱਖ ਗੁਰੁ ਸਾਹਿਬਾਨ ਦਾ ਸਵਾਂਗ ਰਚਾ ਕੇ ਜਾਮ ਏ ਇੰਸਾਂ ਤਿਆਰ ਕਰਨ ਦੇ ਕਥਿਤ ਦੋਸ਼ਾਂ ਉਪਰੰਤ ਪੈਦਾ ਹੋਏ ਡੇਰਾ ਸਿੱਖ ਵਿਵਾਦ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਤੱਕ ਕਿਸੇ ਤੋਂ ਵੀ ਸਿਰੋਪਾਓ ਨਾ ਲੈਣ ਦਾ ਲਿਆ ਪ੍ਰਣ ਜਥੇਦਾਰ ਨੰਦਗੜ ਨੇ ਹੁਣ ਡੇਰਾ ਮੁਖੀ ਨੂੰ ਸਜਾ ਹੋ ਜਾਣ ਉਪਰੰਤ ਤਖਤ ਸਾਹਿਬ ਪੁੱਜ ਕੇ ਸਿਰੋਪਾਓ ਲੈ ਕੇ ਪੂਰਾ ਕਰ ਲਿਆ।
ਇੱਥੇ ਦੱਸਣਾ ਬਣਦਾ ਹੈ ਕਿ ਡੇਰਾ ਸਿੱਖ ਵਿਵਾਦ ਦੌਰਾਨ 17 ਮਈ 2007 ਨੂੰ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹੀ ਡੇਰਾ ਸਿਰਸਾ ਦੇ ਧਾਰਮਿਕ ਤੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਉਸ ਦੇ ਕੁਝ ਦਿਨ ਬਾਅਦ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਇੱਕ ਧਾਰਮਿਕ ਸਮਾਗਮ ਦੌਰਾਨ ਇਹ ਕਹਿੰਦਿਆਂ ਪ੍ਰਬੰਧਕਾਂ ਤੋਂ ਸਿਰੋਪਾਓ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾ ਭੜਕਾਉਣ ਵਾਲਾ ਗੁਰਮੀਤ ਰਾਮ ਰਹੀਮ ਜਦੋਂ ਤੱਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀ ਪੁੱਜ ਜਾਂਦਾ ਉਹ ਕਿਸੇ ਵੀ ਸੰਸਥਾ ਤੋਂ ਸਿਰੋਪਾਓ ਨਹੀਂ ਲੈਣਗੇ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਥੇਦਾਰ ਨੰਦਗੜ੍ਹ ਨੇ ਕਿਸੇ ਵੀ ਧਾਰਮਿਕ/ਸਮਾਜਿਕ ਸਮਾਗਮ ਮੌਕੇ ਕਿਸੇ ਵੀ ਸੰਸਥਾ ਤੋਂ ਸਿਰੋਪਾਓ ਨਹੀਂ ਲਿਆ ਪ੍ਰੰਤੂ ਹੁਣ ਜਦੋਂ ਕਿ ਸਾਧਵੀ ਯੌਨ ਸ਼ੋਸਣ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਨੂੰ 20 ਸਾਲ ਦੀ ਸਜਾ ਐਲਾਨੀ ਜਾ ਚੁੱਕੀ ਹੈ ਤੇ ਉਹ ਜੇਲ੍ਹ ਜਾ ਚੁੱਕਾ ਹੈ ਤਾਂ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਜਥੇਦਾਰ ਨੰਦਗੜ੍ਹ ਨੇ ਆਪਣਾ ਪ੍ਰਣ ਪੂਰਾ ਕਰਦਿਆਂ ਸਿਰੋਪਾਓ ਲੈ ਲਿਆ।
ਤਖਤ ਸਾਹਿਬ ਮੱਥਾ ਟੇਕਣ ਉਪਰੰਤ ਗਿਆਨੀ ਨੰਦਗੜ੍ਹ ਨੂੰ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਤੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਸਿਰੋਪਾਓ ਦੀ ਬਖਸ਼ਿਸ ਕੀਤੀ।ਉਪਰੰਤ ਜਥੇਦਾਰ ਨੰਦਗੜ੍ਹ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਰਿਹਾਇਸ਼ 'ਤੇ ਮੁਲਾਕਾਤ ਵੀ ਕੀਤੀ। ਇਸ ਮੌਕੇ ਪੱਤਰਕਾਰ ਵਾਰਤਾ ਦੌਰਾਨ ਸੀ. ਬੀ. ਆਈ ਅਦਾਲਤ ਦੇ ਫੈਸਲੇ ਤੇ ਖੁਸ਼ੀ ਜਾਹਿਰ ਕਰਦਿਆਂ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਡੇਰਾ ਮੁਖੀ ਨੂੰ ਸਜਾ ਹੋਣ ਮੌਕੇ ਪੰਜਾਬ ਵਿੱਚ ਹਿੰਸਾ ਨਾ ਹੋਣ ਦੇਣਾ ਮੌਜੂਦਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਅਨੁਸਾਰ ਜੇ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਸਰਕਾਰ ਹੁੰਦੀ ਤਾਂ ਉਸਨੇ ਲੋਕਾਂ ਨੂੰ ਲੜਾ ਕੇ ਮਾਰ ਦੇਣਾ ਸੀ। ਉਨਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਡੇਰਾ ਸਿਰਸਾ ਮੁਖੀ ਦੀਆਂ ਵੋਟਾਂ ਹਾਸਿਲ ਕਰਨ ਲਈ ਉਸਨੂੰ ਖੁਸ਼ ਕਰਨ ਵਾਸਤੇ ਜੋ ਸਿੱਖ ਗੁਰੂ ਸਾਹਿਬਾਨ ਦਾ ਸਵਾਂਗ ਰਚਾਉਣ ਸਬੰਧੀ ਦਰਜ ਕੇਸ ਬੰਦ ਕਰ ਦਿੱਤਾ ਗਿਆ ਸੀ ਉਹ ਮੌਜੂਦਾ ਸਰਕਾਰ ਨੂੰ ਦੁਬਾਰਾ ਖੁਲਵਾ ਕੇ ਸਿੱਖਾਂ ਨੂੰ ਇਸ ਮਾਮਲੇ ਵਿੱਚ ਇਨਸਾਫ ਦੁਆਉਣਾ ਚਾਹੀਦਾ ਹੈ। ਇਸ ਮੌਕੇ ਤੇ ਤਖਤ ਸਾਹਿਬ ਦੇ ਮੈਨੇਜਰ ਭਾਈ ਕਰਨ ਸਿੰਘ, ਧਰਮ ਪ੍ਰਚਾਰ ਉੁਪ ਦਫਤਰ ਇੰਚਾਰਜ ਭਾਈ ਜੰਗੀਰ ਸਿੰਘ, ਸੁਖਮੰਦਰ ਸਿੰਘ ਭਾਗੀਵਾਂਦਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਜਥੇਦਾਰ ਨੰਦਗੜ੍ਹ ਨਾਲ ਪੁੱਜੀਆਂ ਵੱਡੀ ਗਿਣਤੀ ਸੰਗਤਾਂ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration