"/> ਫਿਰਕੂ ਲਿਖਤਾਂ ਲਿਖਣ ਵਾਲੇ ਲੇਖਕ ਕੋਝੀਆਂ ਹਰਕਤਾਂ ਤੋਂ ਬਾਜ ਆਉਣ- ਗਿਆਨੀ ਰਾਜਪਾਲ ਸਿੰਘ ਖ਼ਾਲਸਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਫਿਰਕੂ ਲਿਖਤਾਂ ਲਿਖਣ ਵਾਲੇ ਲੇਖਕ ਕੋਝੀਆਂ ਹਰਕਤਾਂ ਤੋਂ ਬਾਜ ਆਉਣ- ਗਿਆਨੀ ਰਾਜਪਾਲ ਸਿੰਘ ਖ਼ਾਲਸਾ

Published On: punjabinfoline.com, Date: Sep 09, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ, ਅਜ਼ਾਦ ਸੋਚ ਰੱਖਦਿਆਂ ਹਕੀਕਤ ਦੀ ਪੇਸ਼ਕਾਰੀ ਹੀ ਅਸਲ ਪੱਤਰਕਾਰੀ ਹੈ, ਪਰ ਸਿੱਖ ਵਿਰੋਧੀ ਤਾਕਤਾਂ ਦੇ ਹੱਥਠੋਕੇ ਬਣ ਕੇ ਸਿੱਖ ਕੌਮ ਅਤੇ ਸੰਤ ਭਿੰਡਰਾਂਵਾਲਿਆਂ ਖਿਲਾਫ ਕਲਮ ਘਸਾਉਣ ਵਾਲੇ ਲੇਖਕ ਕੁਲਦੀਪ ਨਈਅਰ ਦੀ ਲਿਖਤ ਪੰਜਾਬ ਨੂੰ ਮੁੜ ਬਲਦੀ ਦੇ ਬੂਥੇ ਪਾਉਣ ਵਾਲਾ ਨਿੰਦਣਯੋਗ ਕਾਰਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਅਤੇ ਸ਼ਹੀਦ ਐਲਾਨੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਸਿੱਖਾਂ ਦੇ ਕੌਮੀ ਨਾਇਕ ਹਨ। ਉਨ੍ਹਾਂ ਦੀ ਤੁਲਨਾ ਬਲਾਤਕਾਰ ਦੇ ਦੋਸ਼ ਵਿਚ ਕੈਦ ਕੱਟ ਰਹੇ ਇਕ ਡੇਰੇਦਾਰ ਨਾਲ ਕਰਨਾ ਨਈਅਰ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਸਦੇ ਸੰਤ ਭਿੰਡਰਾਂਵਾਲਿਆਂ ਖਿਲਾਫ ਲਿਖੇ ਅਪਸ਼ਬਦਾਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ, ਜੋ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਸਿੱਧਾ ਯਤਨ ਹੈ। ਅਜਿਹੀਆਂ ਫਿਰਕੂ ਲਿਖਤਾਂ ਲਿਖਣ ਵਾਲੇ ਲੇਖਕਾਂ ਨੂੰ ਇਤਿਹਾਸ ਤੋਂ ਸਬਕ ਲੈਂਦਿਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇਕ ਮੀਟਿੰਗ ਤੋਂ ਬਾਅਦ ਪ੍ਰੈੱਸ ਬਿਆਨ ਜਾਰੀ ਕਰਦਿਆਂ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਆਗੂ ਬਾਬਾ ਸਤਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ (ਧਾਰਮਿਕ ਵਿੰਗ) ਅਤੇ ਉੱਘੇ ਸਿੱਖ ਪ੍ਰਚਾਰਕ ਕਥਾਵਾਚਕ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਕੀਤਾ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਪੰਜਾਬੀ ਅਖਬਾਰ ਦੇ ਸੰਪਦਕੀ ਪੰਨੇ ’ਤੇ ਨਾਮੀ ਪੱਤਰਕਾਰ ਕੁਲਦੀਪ ਨਈਅਰ ਦੇ ਛਪੇ ਲੇਖ ‘ਲੋਕਾਂ ਦੀਆਂ ਵੋਟਾਂ ਨਾਲ ਚੱਲਣ ਵਾਲੀ ਵਿਵਸਥਾ ’ਚ ਬਾਬਿਆਂ ਦੀ ਕੋਈ ਜਗ੍ਹਾ ਨਹੀਂ’ ਵਿਚ ਅਦਾਲਤ ਵੱਲੋਂ ਬਲਾਤਕਾਰੀ ਐਲਾਨਦਿਆਂ ਕੈਦ ਕੀਤੇ ਡੇਰੇਦਾਰ ਸੌਦਾ ਸਾਧ ਦੀ ਤੁਲਨਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਨਾਲ ਕੀਤੀ ਗਈ ਅਤੇ ਸੰਤਾਂ ਲਈ ਕਾਂਗਰਸ ਦਾ ਪੈਦਾ ਕੀਤਾ ਅਤੇ ‘ਭਸਮਾਸੁਰ’ ਵਰਗੀ ਅਪਸ਼ਬਦਾਵਲੀ ਵਰਤੀ ਹੈ। ਜਿਸਦੀ ਪੰਥਕ ਜਥੇਬੰਦੀਆਂ ਵੱਲੋਂ ਕਰੜੇ ਸ਼ਬਦਾਂ ਵਿਚ ਚੌਤਰਫੀ ਨਿੰਦਿਆ ਕੀਤੀ ਜਾ ਰਹੀ ਹੈ।
ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਹੋਰ ਕਿਹਾ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਭਿੰਡਰਾਂਵਾਲਿਆਂ ਦਾ ਮਨੋਰਥ ਗੁਰਮਤਿ ਫਲਸਫੇ ਅਨੁਸਾਰ ਆਪਣਾ ਕਿਰਦਾਰ ਬੁਲੰਦ ਰੱਖਦਿਆਂ ਪੰਜਾਬ ਤੇ ਪੰਥਕ ਹਿੱਤਾਂ ਖਾਤਰ ਕੌਮ ਨੂੰ ਆਪਣੀ ਮੰਜ਼ਿਲ ਵੱਲ ਤੋਰਨਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਠਾਰਵੀਂ ਸਦੀ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀਹਵੀਂ ਸਦੀ ਵਿਚ ਵਿਚਰਦੀ ਮਹਾਨ ਰੂਹ ਸਨ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਗੜ੍ਹੀ ਨਹੀਂ ਛੱਡੀ ਸ਼ਹਾਦਤ ਨੂੰ ਪਹਿਲ ਦਿੱਤੀ। ਉਹਨਾਂ ਨੇ ਸੱਤਾਧਾਰੀ ਫਿਰਕਾਪ੍ਰਸਤਾਂ ਦੇ ਅਸਲੀ ਚਿਹਰੇ ਲੋਕਾਂ ਦੇ ਸਾਹਮਣੇ ਲਿਆਂਦੇ ਜੋ ਪੰਜਾਬ, ਸਿੱਖ ਪੰਥ, ਘੱਟਗਿਣਤੀਆਂ, ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਸੌਦਾ ਸਾਧ ਦੇ ਗੱਦੀ ਹਥਿਆਉਣ ਤੋਂ ਲੈ ਕੇ ਕੇਸ ਦਰਜ ਹੋਣ ਅਤੇ ਜੇਲ੍ਹ ਤੱਕ ਦੇ ਸਫਰ ਦੇ ਕਿੱਸੇ ਮੀਡੀਆ ਦੇ ਪੰਨਿਆਂ ਦਾ ਸ਼ਿੰਗਾਰ ਬਣ ਕੇ ਰੋਜ਼ਾਨਾ ਜੱਗ ਜ਼ਾਹਿਰ ਹੋ ਰਹੇ ਹਨ। ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਅਜਿਹੇ ਵਿਅਕਤੀ ਨਾਲ ਕਰਨਾ ਬੇਸ਼ਰਮੀ ਦੀ ਹੱਦ ਹੈ। ਉਕਤ ਪ੍ਰੈੱਸ ਬਿਆਨ ਵਿਚ ਬਾਬਾ ਸਤਨਾਮ ਸਿੰਘ ਅਤੇ ਗਿਆਨੀ ਖ਼ਾਲਸਾ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਵੱਲੋਂ ਇਸ ਸੰਵੇਦਨਸ਼ੀਲ ਮੁੱਦੇ ਉਪਰ ਨਈਅਰ ਖਿਲਾਫ ਦਿੱਤੀ ਪ੍ਰਤੀਕਿਰਿਆ ਦਾ ਸਵਾਗਤ ਕਰਦਿਆਂ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ, ਸੰਪਰਦਾਵਾਂ, ਦਲਾਂ ਅਤੇ ਪ੍ਰਚਾਰਕਾਂ ਨੂੰ ਇਕਜੁੱਟ ਹੋਣ ਅਤੇ ਸਿੱਖ ਕੌਮ ਪ੍ਰਤੀ ਕਲਮ ਦੁਆਰਾ ਜ਼ਹਿਰ ਉਗਲ ਰਹੇ ਕੁਲਦੀਪ ਨਈਅਰ ਦੀਆਂ ਲਿਖਤਾਂ ਖਿਲਾਫ ਕੋਈ ਨਿਰਣਾਇਕ ਫੈਸਲਾ ਲੈਣ ਲਈ ਅਪੀਲ ਵੀ ਕੀਤੀ।
ਇਸ ਮੌਕੇ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੇ ਪੈਨਲ ਮੈਂਬਰ ਲਖਵਿੰਦਰ ਸਿੰਘ ਮੋਮੀ, ਜਿਲ੍ਹਾ ਫਿਰੋਜ਼ਪੁਰ ਪ੍ਰਧਾਨ ਕਿਰਪਾ ਸਿੰਘ ਨੱਥੂਵਾਲਾ, ਜਿਲ੍ਹਾ ਸਿਰਸਾ ਪ੍ਰਧਾਨ ਗੁਰਪ੍ਰੀਤ ਸਿੰਘ ਮੱਲੇਵਾਲਾ, ਮੈਂਬਰ ਜਗਮੀਤ ਸਿੰਘ ਨਾਗੋਕੇ, ਨਿਰਮਲ ਸਿੰਘ ਮੱਲੇਵਾਲਾ, ਪ੍ਰਦੀਪ ਸਿੰਘ ਬੱਪਾਂ, ਗੁਰੂ ਨਾਨਕ ਦੇਵ ਸਟੱਡੀ ਸਰਕਲ ਦੇ ਬਿੰਦਰ ਸਿੰਘ ਖ਼ਾਲਸਾ, ਗੁਰਮੀਤ ਸਿੰਘ ਖ਼ਾਲਸਾ ਆਦਿ ਆਗੂ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration