"/> ਪੰਜਾਬੀ ਸੂਬਾ ਮੋਰਚੇ ਸੰਘਰਸ਼ ਦੇ ਯੋਧੇ ਜਥੇਦਾਰ ਗੁਰਦੀਪ ਸਿੰਘ ਦਾ ਦੇਹਾਂਤ, ਸੋਗ ਦੀ ਲਹਿਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬੀ ਸੂਬਾ ਮੋਰਚੇ ਸੰਘਰਸ਼ ਦੇ ਯੋਧੇ ਜਥੇਦਾਰ ਗੁਰਦੀਪ ਸਿੰਘ ਦਾ ਦੇਹਾਂਤ, ਸੋਗ ਦੀ ਲਹਿਰ

Published On: punjabinfoline.com, Date: Sep 09, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਵਿੱਢੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਨੇੜਲੇ ਪਿੰਡ ਜੰਬਰ ਬਸਤੀ ਦੇ ਪਹਿਲੇ ਸਰਪੰਚ ਜਥੇਦਾਰ ਗੁਰਦੀਪ ਸਿੰਘ ਦੇ ਅੱਜ ਅਕਾਲ ਚਲਾਣਾ ਕਰ ਜਾਣ ਨਾਲ ਪਿੰਡ ਦੇ ਨਾਲ ਨਾਲ ਸਮੁੱਚੇ ਹਲਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਜੰਬਰ ਬਸਤੀ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਤੇ ਮੋਹਤਬਰ ਆਗੂ ਹਰਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਜਥੇਦਾਰ ਗੁਰਦੀਪ ਸਿੰਘ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਅਕਾਲੀ ਦਲ ਤੇ ਪੰਜਾਬੀਆਂ ਵੱਲੋਂ ਆਰੰਭੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਸੀ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਉਸ ਸੰਘਰਸ਼ ਸਮੇਂ ਜੇਲ੍ਹ ਦੇ ਸਾਥੀ ਵੀ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨਾਂ ਦੇ ਪੰਜਾਬੀ ਸੂਬੇ ਵਿੱਚ ਪਾਏ ਯੋਗਦਾਨ ਕਰਕੇ ਸਮੁੱਚੇ ਇਲਾਕੇ ਵਿੱਚ ਉਨਾ ਦਾ ਬੇਹੱਦ ਮਾਣ ਸਤਿਕਾਰ ਸੀ ਜਿਸ ਕਰਕੇ ਜਦੋਂ ਪਿੰਡ ਜੰਬਰ ਬਸਤੀ ਦੀ ਗ੍ਰਾਮ ਪੰਚਾਇਤ ਪਿੰਡ ਜਗਾ ਰਾਮ ਤੀਰਥ ਨਾਲੋਂ ਅਲੱਗ ਹੋ ਕੇ ਪਹਿਲੀ ਵਾਰ ਹੋਂਦ ਵਿੱਚ ਆਈ ਤਾਂ ਉਨਾਂ ਨੂੰ ਜੰਬਰ ਬਸਤੀ ਦਾ ਪਹਿਲਾ ਸਰਪੰਚ ਚਣਿਆ ਗਿਆ। ਅੱਜ ਗੁਰਦੀਪ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਨਮ ਅੱਖਾਂ ਨਾਲ ਉਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ਮੌਕੇ ਕਿਸੇ ਅਧਿਕਾਰੀ ਦੇ ਪੁੱਜਣ ਦੀ ਸੂਚਨਾ ਨਹੀਂ ਹੈ। ਉੱਧਰ ਜਥੇਦਾਰ ਗੁਰਦੀਪ ਸਿੰਘ ਦੇ ਅਕਾਲ ਚਲਾਣੇ ਤੇ ਪਿੰਡ ਦੇ ਨਾਲ ਨਾਲ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਜੰਬਰ ਬਸਤੀ ਦੀ ਸਰਪੰਚ ਬੀਬਾ ਕ੍ਰਿਪਾਲ ਕੌਰ ਦੀ ਅਗਵਾਈ ਵਿੱਚ ਸਮੁੱਚੀ ਪੰਚਾਇਤ ਨੇ ਸ਼ੋਕ ਪ੍ਰਗਟ ਕੀਤਾ ਉੱਥੇ ਜਥੇਦਾਰ ਗੁਰਦੀਪ ਸਿੰਘ ਦੇ ਨਜਦੀਕੀ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਮੌਜੂਦਾ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ, ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਰਪੰਚ ਜਗਾ ਰਾਮ ਤੀਰਥ, ਹਰਬੰਸ ਸਿੰਘ ਸੰਧੂ ਰਿਟਾ. ਡਾਇਰੈਕਟਰ ਸਿੱਖਿਆ ਵਿਭਾਗ, ਗਿਆਨੀ ਨਛੱਤਰ ਸਿੰਘ ਸੀਨੀਅਰ ਅਕਾਲੀ ਆਗੂ ਆਦਿ ਨੇ ਜਥੇਦਾਰ ਗੁਰਦੀਪ ਸਿੰਘ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸਨੂੰ ਸਮਾਜ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration