"/> ਕਿਸਾਨ ਯੂਨੀਅਨ ਵੱਲੋਂ ਤਲਵੰਡੀ ਸਾਬੋ ਥਾਣਾ ਮੁਖੀ ਅਤੇ ਮੁੱਖ ਮੁਨਸ਼ੀ 'ਤੇ ਲਾਏ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਦੇ ਦੋਸ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿਸਾਨ ਯੂਨੀਅਨ ਵੱਲੋਂ ਤਲਵੰਡੀ ਸਾਬੋ ਥਾਣਾ ਮੁਖੀ ਅਤੇ ਮੁੱਖ ਮੁਨਸ਼ੀ 'ਤੇ ਲਾਏ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਦੇ ਦੋਸ਼

ਪੱਗ ਅਤੇ ਕ੍ਰਿਪਾਨ ਦੀ ਬੇਅਦਬੀ ਨੂੰ ਲੈ ਕੇ ਕੀਤਾ ਥਾਣੇ ਦਾ ਘਿਰਾਓ, ਪੁਲਿਸ ਨੇ ਦੋਸ਼ਾਂ ਨੂੰ ਦੱਸਿਆ ਬੇ-ਬੁਨਿਆਦ
Published On: punjabinfoline.com, Date: Oct 10, 2017

ਤਲਵੰਡੀ ਸਾਬੋ, 10 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ 22 ਸਤੰਬਰ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਲਾਏ ਧਰਨੇ ਤੋਂ ਇੱਕ ਦਿਨ ਪਹਿਲਾਂ ਕਿਸਾਨ ਆਗੂਆਂ ਦੀ ਫੜੋ-ਫੜੀ ਦੌਰਾਨ ਖੇਤਰ ਦੇ ਪਿੰਡ ਨੰਗਲਾ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣਾ ਤਲਵੰਡੀ ਸਾਬੋ ਦੇ ਐੱਸ ਐੱਚ ਓ ਅਤੇ ਮੁਨਸ਼ੀ ਵੱਲੋਂ ਕੀਤੀ ਗਈ ਕਥਿਤ ਕੁੱਟ ਮਾਰ ਤੋਂ ਇਲਾਵਾ ਕੇਸਾਂ ਅਤੇ ਕਰਾਰਾਂ ਦੀ ਬੇਅਦਬੀ ਕਰਨ ਦੇ ਵਿਰੋਧ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣਾ ਤਲਵੰਡੀ ਸਾਬੋ ਦਾ ਘਿਰਾਓ ਕੀਤਾ ਗਿਆ। ਥਾਣਾ ਤਲਵੰਡੀ ਸਾਬੋ ਦੇ ਐੱਸ ਐੱਚ ਓ ਸ੍ਰੀ ਮਨੋਜ ਕੁਮਾਰ ਅਤੇ ਮੁੱਖ ਮੁਨਸ਼ੀ ਕੁਲਦੀਪ ਸਿੰਘ ਵੱਲੋਂ ਕੀਤੀ ਕਥਿਤ ਕੁੱਟ-ਮਾਰ ਅਤੇ ਸਿੱਖ ਧਰਮ ਦੇ ਕਕਾਰਾਂ ਦੀ ਕੀਤੀ ਬੇਅਦਬੀ ਦੇ ਵਿਰੋਧ ਵਿੱਚ ਲਾਏ ਧਰਨੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ੧੯ ਸਤੰਬਰ ਨੂੰ ਬਹੱਤਰ ਸਿੰਘ ਨੰਗਲਾ ਜੋ ਕਿ ੬੫ ਸਾਲਾ ਅੰਮ੍ਰਿਤਧਾਰੀ ਬਜ਼ੁਰਗ ਹਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਥਾਣਾ ਤਲਵੰਡੀ ਸਾਬੋ ਬੰਦ ਕਰ ਦਿੱਤਾ ਗਿਆ ਸੀ। ਹਵਾਲਾਤ 'ਚ ਭੇਜਣ ਤੋਂ ਬਾਅਦ ਥਾਣੇ ਵਿੱਚ ਐਸ ਐਚ ਓ ਮਨੋਜ ਕੁਮਾਰ ਅਤੇ ਮੁੱਖ ਮੁਨਸੀ ਕੁਲਦੀਪ ਸਿੰਘ ਨੇ ਬਹੱਤਰ ਸਿੰਘ ਦੀ ਦਸਤਾਰ (ਪੱਗ) ਨੂੰ ਹੱਥ ਪਾਇਆ, ਦਾੜੀ ਫੜ ਕੇ ਥੱਪੜ ਮਾਰੇ ਅਤੇ ਉਸ ਦੀ ਪਹਿਨੀ ਹੋਈ ਸ੍ਰੀ ਸਾਹਿਬ (ਕਿਰਪਾਨ) ਨੂੰ ਕਿਰਚ ਕਹਿਕੇ ਬਹੁਤ ਗੰਦੀਆਂ ਅਸ਼ਲੀਲ ਗਾਲਾਂ ਕੱਢੀਆਂ। ਆਗੂਆਂ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਉਕਤ ਆਗੂ ਦੀ ਪੱਗ ਨੂੰ ਰੋਲਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਦੋਵੇਂ ਪੁਲਿਸ ਮੁਲਾਜਮਾਂ ਖਿਲਾਫ ਕਾਨੂੰਨੀ ਬਣਦੀ ਕਾਰਵਾਈ ਕਰਾਉਣ ਲਈ ਇਹ ਸੰਘਰਸ਼ ਵਿੱਢਿਆ ਗਿਆ ਹੈ ਅਜਿਹੇ ਮੁਲਾਜਮਾਂ ਅਤੇ ਅਫਸਰਾਂ ਨੂੰ ਸਬਕ ਸਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਥਾਪੜਾ ਦੇ ਕੇ ਕਿਸਾਨ ਲਹਿਰ ਨੂੰ ਦਬਾਉਣਾ ਚਾਹੁੰਦੀ ਹੈ। ਧਰਨੇ ਦੇ ਚਲਦਿਆਂ ਡੀ ਐੱਸ ਪੀ ਬਰਿੰਦਰ ਸਿੰਘ ਗਿੱਲ ਨੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਕੇ ਕਿਹਾ ਕਿ ਉਹ ਧਰਨਾ ਲਾਉਣ ਦੀ ਬਿਜਾਇ ਲਿਖਤੀ ਸ਼ਿਕਾਇਤ ਕਰਨ ਅਤੇ ਕਾਨੂੰਨ ਦਾ ਸਹਾਰਾ ਲੈਣ। ਇਸ ਸਬੰਧੀ ਡੀ ਐੱਸ ਪੀ ਨੇ ਫੋਨ 'ਤੇ ਗੱਲਬਾਤ ਦੌਰਾਨ ਕਿਸਾਨ ਆਗੂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇ-ਬੁਨਿਆਦ ਦਸਦਿਆਂ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਮਾਮਲੇ ਨੂੰ ਇਸ ਗੱਲ ਨੂੰ ਐਵੇਂ ਹੀ ਜੋੜਿਆ ਜਾ ਰਿਹਾ ਹੈ। ਅਜਿਹੀ ਕੋਈ ਵੀ ਬੇਅਦਬੀ ਵਾਲੀ ਘਟਨਾ ਨਹੀਂ ਹੋਈ। ਦੂਜੇ ਪਾਸੇ ਥਾਣਾ ਮੁਖੀ ਸ਼੍ਰੀ ਮਨੋਜ ਕੁਮਾਰ ਨੇ ਵੀ ਇਹਨਾਂ ਦੋਸ਼ਾਂ ਨੂੰ ਨਿਰਮੂਲ ਦੱਸਦਿਆਂ ਕਿਹਾ ਕਿ ਉਹਨਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕੀਤਾ ਹੈ ਅਤੇ ਜੇ ਬਹੱਤਰ ਸਿੰਘ ਨੂੰ ਲਗਦਾ ਸੀ ਕਿ ਉਸਦੇ ਕਕਾਰਾਂ ਦੀ ਬੇਅਦਬੀ ਹੋਈ ਹੈ ਤਾਂ ਐਨੇ ਦਿਨਾਂ ਦਾ ਮਾਮਲਾ ਕਿਉਂ ਨਹੀਂ ਚੁੱਕਿਆ, ਕੋਰਟ 'ਚ ਪੇਸ਼ ਹੋਣ ਤੋਂ ਪਹਿਲਾਂ ਥਾਣੇ ਦੇ ਗੇਟ 'ਤੇ ਟੀ ਵੀ ਚੈਨਲਾਂ ਮੂਹਰੇ ਖੜ੍ਹ ਕੇ ਗੱਲਬਾਤ ਕੀਤੀ ਉਦੋਂ ਕਿਉਂ ਨਾ ਬੇਅਦਬੀ ਯਾਦ ਆਈ। ਉਹਨਾਂ ਕਿਹਾ ਕਿ ਪੁਲਿਸ 'ਤੇ ਦਬਾਅ ਪਾਉਣ ਦੀ ਮਨਸ਼ਾ ਨਾਲ ਇਹ ਗੱਲਾਂ ਬਣਾਈਆਂ ਜਾ ਹਨ। ਦੂਜੇ ਪਾਸੇ ਖਬਰ ਲਿਖੇ ਜਾਣ ਤੱਕ ਕਿਸਾਨ ਆਗੂਆਂ ਵੱਲੋਂ ਡੀ ਐੱਸ ਪੀ ਨੂੰ ਕੋਈ ਵੀ ਲਿਖਤੀ ਦਰਖਾਸਤ ਨਹੀਂ ਦਿੱਤੀ ਗਈ ਸੀ।ਅੱਜ ਦੇ ਧਰਨੇ ਨੂੰ ਬਹੱਤਰ ਸਿੰਘ ਨੰਗਲਾ, ਜਗਦੇਵ ਸਿੰਘ ਜੋਗੇਵਾਲਾ, ਮੋਹਣ ਸਿੰਘ ਚੱਠੇਵਾਲਾ, ਕੱਤਰ ਸਿੰਘ ਪਿੱਥੋ, ਬਲਜੀਤ ਸਿੰਘ ਪੂਹਲਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਅਮਰੀਕ ਸਿੰਘ ਸਿਵੀਆ, ਜਸਕਰਨ ਸਿੰਘ ਕੋਟ ਗੁਰੂ, ਅਮਰੀਕ ਸਿੰਘ ਘੁੱਦਾ, ਕਲਕੱਤਾ ਸਿੰਘ ਮਾਣਕਖਾਨਾ ਨੇ ਵੀ ਸੰਬੋਧਨ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration