"/> ਨਾਮਜਦਗੀਆਂ ਭਰਨ ਦੇ ਆਖੀਰਲੇ ਦਿਨ ਅੱਜ ਕੁੱਲ 65 ਉਮੀਦਵਾਰਾਂ ਨੇ ਕੀਤੇ ਕਾਗਜ਼ ਦਾਖਲ, 'ਆਪ' ਨੇ 15 ਚੋਂ ਸਿਰਫ ਛੇ ਵਾਰਡਾਂ 'ਤੇ ਹੀ ਭਰੇ ਪਰਚੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਾਮਜਦਗੀਆਂ ਭਰਨ ਦੇ ਆਖੀਰਲੇ ਦਿਨ ਅੱਜ ਕੁੱਲ 65 ਉਮੀਦਵਾਰਾਂ ਨੇ ਕੀਤੇ ਕਾਗਜ਼ ਦਾਖਲ, 'ਆਪ' ਨੇ 15 ਚੋਂ ਸਿਰਫ ਛੇ ਵਾਰਡਾਂ 'ਤੇ ਹੀ ਭਰੇ ਪਰਚੇ

Published On: punjabinfoline.com, Date: Dec 06, 2017

ਤਲਵੰਡੀ ਸਾਬੋ , 6 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੀ 17 ਦਸੰਬਰ ਨੂੰ ਹੋ ਰਹੀ ਚੋਣ ਲਈ ਨਾਮਜਦਗੀਆਂ ਭਰਨ ਦੇ ਆਖਰੀ ਦਿਨ ਅੱਜ ਸੱਤਾਧਿਰ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਸਮੇਤ ਕੁੱਲ 65 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਕਾਗਜ ਦਾਖਲ ਕੀਤੇ। ਹਾਲਾਂਕਿ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕਰੀਬ 10 ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਚੋਣ ਮੁਕਾਬਲੇ ਵਿੱਚੋਂ ਪਛੜਦੀ ਨਜਰ ਆਈ ਤੇ ਪਾਰਟੀ ਕੁੱਲ 15 ਵਾਰਡਾਂ ਵਿੱਚ ਉਮੀਦਵਾਰ ਉਤਾਰਨ ਵਿੱਚ ਵੀ ਸਫਲ ਨਹੀਂ ਹੋ ਸਕੀ। ਅੱਜ ਨਾਮਜਦਗੀਆਂ ਭਰਨ ਦੇ ਆਖਰੀ ਦਿਨ ਜਿੱਥੇ ਸੱਤਾਧਿਰ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਹੋਣ ਉਪਰੰਤ ਪਾਰਟੀ ਦੇ ਕੁੱਲ 15 ਉਮੀਦਵਾਰਾਂ ਨੇ ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਆਪਣੇ ਨਾਮਜਦਗੀ ਕਾਗਜ ਦਾਖਲ ਕੀਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ ਤਲਵੰਡੀ ਸਾਬੋ ਸ੍ਰੀ ਬਰਿੰਦਰ ਕੁਮਾਰ ਕੋਲ ਆਪਣੇ ਨਾਮਜਦਗੀ ਕਾਗਜ ਦਾਖਿਲ ਕੀਤੇ। ਜਿੱਥੇ ਅਕਾਲੀ ਭਾਜਪਾ ਗਠਜੋੜ ਵੱਲੋਂ 5 ਦਸੰਬਰ ਨੂੰ ਹੀ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਉੱਥੇ ਕਾਂਗਰਸ ਵੱਲੋਂ ਨਾਮਜਦਗੀਆਂ ਭਰਨ ਵਾਲੇ ਦਿਨ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤੇ ਨਾਮਜਦਗੀ ਭਰਨ ਦੇ ਸਮਾਪਤੀ ਸਮੇਂ ਤਿੰਨ ਵਜੇ ਤੋਂ ਪਹਿਲਾਂ ਆਖਰੀ ਸਮੇਂ ਡੇਢ ਵਜੇ ਬਿਨਾਂ ਕਿਸੇ ਐਲਾਨ ਤੋਂ ਇੱਕਾ ਦੁੱਕਾ 'ਆਪ' ਉਮੀਦਵਾਰ ਨਾਮਜਦਗੀਆਂ ਭਰਨ ਲਈ ਪੁੱਜਣੇ ਸ਼ੁਰੂ ਹੋਏ। ਤਿੰਨ ਵਜੇ ਤੱਕ 'ਆਪ' ਦੇ ਸਿਰਫ ਛੇ ਉਮੀਦਵਾਰ ਹੀ ਕਾਗਜ ਦਾਖਲ ਕਰ ਸਕੇ ਜਦੋਂਕਿ ਦੋ ਉਮੀਦਵਾਰ ਸਮਾਂ ਲੰਘ ਜਾਣ ਕਾਰਨ ਆਪਣੇ ਕਾਗਜ ਦਾਖਲ ਨਹੀਂ ਕਰ ਸਕੇ। ਉਮੀਦਵਾਰਾਂ ਦੀ ਨਾਮਜਦਗੀ ਤੋਂ ਬਾਅਦ ਨਗਰ ਪੰਚਾਇਤ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿਣ ਦੇ ਆਸਾਰ ਹਨ ਹਾਲਾਂਕਿ ਕੁਝ ਵਾਰਡਾਂ ਵਿੱਚ 'ਆਪ' ਉਮੀਦਵਾਰ ਹੋਣ ਕਾਰਨ ਮੁਕਾਬਲਾ ਤਿਕੋਣਾ ਬਣ ਸਕਦਾ ਹੈ।
ਤਿੰਨ ਵਜੇ ਨਾਮਜਦਗੀਆਂ ਭਰਨ ਦਾ ਸਮਾਂ ਸਮਾਪਤ ਹੋਣ ਉਪਰੰਤ ਪੱਤਰਕਾਰਾਂ ਨੂੰ ਮੁਹੱਈਆ ਜਾਣਕਾਰੀ ਵਿੱਚ ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ ਬਰਿੰਦਰ ਸਿੰਘ ਨੇ ਦੱਸਿਆ ਕਿ 15 ਵਾਰਡਾਂ ਵਿੱਚ ਕੁੱਲ 65 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਕਾਗਜ ਦਾਖਲ ਕੀਤੇ ਹਨ। ਜਿਨਾਂ ਵਿੱਚੋਂ ਕਾਂਗਰਸ ਦੇ 15 ਉਮੀਦਵਾਰਾਂ ਅਤੇ 14 ਉਨਾਂ ਦੇ ਕਵਰਿੰਗ ਉਮੀਦਵਾਰਾਂ ਨੇ, ਸ਼੍ਰੋਮਣੀ ਅਕਾਲੀ ਦਲ ਦੇ 13 ਅਤੇ ਤਿੰਨ ਉਨਾਂ ਦੇ ਕਵਰਿੰਗ, ਭਾਜਪਾ ਦੇ 2 ਅਤੇ ਇੱਕ ਕਵਰਿੰਗ ਉਮੀਦਵਾਰ, ਆਮ ਆਦਮੀ ਪਾਰਟੀ ਦੇ ਛੇ, ਸੀ. ਪੀ. ਆਈ (ਐੱਮ) ਦੇ ਇੱਕ ਅਤੇ 10 ਆਜਾਦ ਉਮੀਦਵਾਰਾਂ ਨੇ ਨਾਮਜਦਗੀ ਕਾਗਜ ਦਾਖਲ ਕੀਤੇ ਹਨ। ਉਨਾਂ ਦੱਸਿਆ ਕਿ 7 ਦਸੰਬਰ ਨੂੰ ਕਾਗਜਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 8 ਦਸੰਬਰ ਤੱਕ ਨਾਮਜਦਗੀ ਕਾਗਜ ਵਾਪਸ ਲਏ ਜਾ ਸਕਣਗੇ। ਉੱਧਰ ਜਿੱਥੇ ਨਾਮਜਦਗੀਆਂ ਭਰਨ ਵਾਲਿਆਂ ਵਿੱਚੋਂ ਕਾਂਗਰਸ ਤੇ ਅਕਾਲੀ ਭਾਜਪਾ ਦੇ ਪ੍ਰਮੁੱਖ ਆਗੂ ਉਮੀਦਵਾਰ ਬਣੇ ਹਨ ਉੱਥੇ 'ਆਪ' ਦੇ ਸੀਨੀਅਰ ਆਗੂ ਰਹੇ ਐਡਵੋਕੇਟ ਸਤਿੰਦਰ ਸਿੱਧੂ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਰਿੰਦਰਪਾਲ ਸ਼ਰਮਾ ਦੀ ਧਰਮਪਤਨੀ ਨੇ ਆਜਾਦ ਉਮੀਦਵਾਰ ਵਜੋਂ ਆਪਣੇ ਕਾਗਜ ਦਾਖਲ ਕੀਤੇ ਹਨ।
ਨਾਮਜਦਗੀਆਂ ਭਰਨ ਤੋਂ ਬਾਅਦ ਜਿੱਥੇ ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ਨੇ ਪਿਛਲੇ 10 ਸਾਲਾਂ ਦੇ ਅਕਾਲੀ ਭਾਜਪਾ ਸ਼ਾਸਨ ਵਿੱਚ ਸ਼ਹਿਰ ਦਾ ਕੋਈ ਵਿਕਾਸ ਨਾ ਹੋਣ ਦਾ ਦਾਅਵਾ ਕਰਦਿਆਂ ਲੋਕਾਂ ਕੋਲ ਵਿਕਾਸ ਦੇ ਨਾਂ 'ਤੇ ਵੋਟ ਮੰਗਣ ਦੀ ਗੱਲ ਕਹੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੇ ਕਿਹਾ ਕਿ ਜਿੰਨਾ ਵਿਕਾਸ ਹੋਇਆ ਉਹ ਅਕਾਲੀ ਭਾਜਪਾ ਗਠਜੋੜ ਸਰਕਾਰ ਸਮੇਂ ਹੀ ਹੋਇਆ ਤੇ ਉਹ ਕੀਤੇ ਵਿਕਾਸ ਅਤੇ ਕਾਂਗਰਸ ਸਰਕਾਰ ਦੇ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਤੇ ਦੁਆਨੀ ਨਾ ਲਾਉਣ ਦੇ ਮੁੱਦੇ ਨੂੰ ਲੋਕਾਂ ਕੋਲ ਲੈ ਜਾ ਕੇ ਫਤਵਾ ਮੰਗਣਗੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration