"/> ਨਾਮਜਦਗੀਆਂ ਦੀ ਪੜਤਾਲ ਦੌਰਾਨ ਲੋੜੀਂਦੇ ਦਸਤਾਵੇਜ ਨਾ ਲੱਗੇ ਹੋਣ ਕਾਰਣ ਰਿਟਰਨਿੰਗ ਅਧਿਕਾਰੀ ਵੱਲੋਂ ਤਿੰਨ ਨਾਮਜਦਗੀਆਂ ਰੱਦ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਾਮਜਦਗੀਆਂ ਦੀ ਪੜਤਾਲ ਦੌਰਾਨ ਲੋੜੀਂਦੇ ਦਸਤਾਵੇਜ ਨਾ ਲੱਗੇ ਹੋਣ ਕਾਰਣ ਰਿਟਰਨਿੰਗ ਅਧਿਕਾਰੀ ਵੱਲੋਂ ਤਿੰਨ ਨਾਮਜਦਗੀਆਂ ਰੱਦ

'ਆਪ' ਦੇ ਇੱਕ ਉਮੀਦਵਾਰ ਦੇ ਕਾਗਜ ਰੱਦ ਹੋਣ ਨਾਲ ਮੈਦਾਨ ਵਿੱਚ 'ਆਪ' ਦੇ ਸਿਰਫ ਪੰਜ ਉਮੀਦਵਾਰ ਬਚੇ
Published On: punjabinfoline.com, Date: Dec 07, 2017

ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ)- 17 ਦਸੰਬਰ ਨੂੰ ਹੋਣ ਜਾ ਰਹੀ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਨਗਰ ਪੰਚਾਇਤ ਦੀ ਚੋਣ ਲਈ ਬੀਤੇ ਦਿਨ ਨਾਮਜਦਗੀਆਂ ਭਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਦ ਅੱਜ ਪੜਤਾਲ ਦੌਰਾਨ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਣ ਦੇ ਚਲਦਿਆਂ ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ ਤਲਵੰਡੀ ਸਾਬੋ ਵੱਲੋਂ ਤਿੰਨ ਉਮੀਦਵਾਰਾਂ ਦੇ ਕਾਗਜ ਰੱਦ ਕਰ ਦਿੱਤੇ ਗਏ ਹਨ ਜਿਸ ਕਾਰਣ ਹੁਣ ਕੁੱਲ 62 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ ਹਾਲਾਂਕਿ ਉਮੀਦਵਾਰਾਂ ਦੀ ਸਹੀ ਗਿਣਤੀ 8 ਦਸੰਬਰ ਨੂੰ ਨਾਮਜਦਗੀ ਕਾਗਜ ਵਾਪਿਸ ਲੈਣ ਦੀ ਤਾਰੀਖ ਲੰਘ ਜਾਣ ਤੋਂ ਬਾਦ ਹੀ ਪਤਾ ਲੱਗ ਸਕੇਗੀ। ਇੱਥੇ ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਨਗਰ ਪੰਚਾਇਤ ਚੋਣ ਲਈ 2 ਦਸੰਬਰ ਤੋਂ ਲੈ ਕੇ 6 ਦਸੰਬਰ ਤੱਕ ਨਾਮਜਦਗੀ ਕਾਗਜ ਉਮੀਦਵਾਰਾਂ ਵੱਲੋਂ ਭਰੇ ਜਾਣੇ ਸਨ ਜਿਸ ਦੇ ਚਲਦਿਆਂ 6 ਦਸੰਬਰ ਨੂੰ ਨਾਮਜਦਗੀਆਂ ਭਰਨ ਦੇ ਆਖਿਰੀ ਦਿਨ ਕੁੱਲ 65 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪਰਚੇ ਭਰੇ ਸਨ। ਉਕਤ ਕਾਗਜਾਂ ਦੀ ਪੜਤਾਲ ਅੱਜ ਹੋਣੀ ਸੀ ਤੇ ਕਾਗਜਾਂ ਦੀ ਪੜਤਾਲ ਦਾ ਸਮਾਂ ਸਮਾਪਤ ਹੋਣ ਤੋਂ ਬਾਦ ਐੱਸ. ਡੀ. ਐੱਮ ਕਮ ਰਿਟਰਨਿੰਗ ਅਫਸਰ ਸ੍ਰੀ ਬਰਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜਦਗੀਆਂ ਵਿੱਚ ਲੋੜੀਂਦੇ ਦਸਤਾਵੇਜ ਨਾ ਹੋਣ ਕਾਰਣ ਵਾਰਡ ਨੰ: 3 ਵਿੱਚੋਂ ਆਜਾਦ ਉਮੀਦਵਾਰ ਬਲਵੀਰ ਕੌਰ ਪਤਨੀ ਭੂਰਾ ਸਿੰਘ,ਵਾਰਡ ਨੰ: 6 ਤੋਂ ਕਾਂਗਰਸ ਦੀ ਕਵਰਿੰਗ ਉਮੀਦਵਾਰ ਵੀਰਪਾਲ ਕੌਰ ਪਤਨੀ ਲਖਵੀਰ ਸਿੰਘ, ਵਾਰਡ ਨੰ: 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੋਤ ਕੌਰ ਦੇ ਕਾਗਜ ਰੱਦ ਕਰ ਦਿੱਤੇ ਗਏ ਹਨ।ਇੱਥੇ ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਚੋਣ ਮੈਦਾਨ ਵਿੱਚ 15 ਵਿੱਚੋਂ ਸਿਰਫ 6 ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ ਤੇ ਹੁਣ ਇੱਕ ਹੋਰ ਉਮੀਦਵਾਰ ਦੇ ਨਾਮਜਦਗੀ ਕਾਗਜ ਰੱਦ ਹੋ ਜਾਣ ਕਾਰਨ 'ਆਪ' ਦੇ ਚੋਣ ਮੈਦਾਨ ਵਿੱਚ 5 ਉਮੀਦਵਾਰ ਹੀ ਰਹਿ ਗਏ ਹਨ। 8 ਦਸੰਬਰ ਨੂੰ ਨਾਮਜਦਗੀਆਂ ਵਾਪਸ ਲੈਣ ਦੀ ਆਖਿਰੀ ਤਾਰੀਖ ਹੈ ਤੇ ਇਸ ਤੋਂ ਬਾਅਦ ਹੀ ਚੋਣ ਮੈਦਾਨ ਵਿੱਚ ਬਾਕੀ ਰਹਿ ਜਾਣ ਵਾਲੇ ਉਮੀਦਵਾਰਾਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇਗਾ ਅਤੇ ਉਸ ਤੋਂ ਬਾਅਦ ਹੀ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਸਕੇਗਾ। ਦੂਜੇ ਪਾਸੇ ਅੱਜ ਭਾਵੇਂ ਤਿੰਨ ਉਮੀਦਵਾਰਾਂ ਦੇ ਨਾਮਜਦਗੀ ਕਾਗਜ ਰੱਦ ਕਰਨ ਤੇ ਬਾਕੀਆਂ ਦੇ ਸਹੀ ਪਾਏ ਜਾਣ ਬਾਬਤ ਮੀਡੀਆ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਸੂਚਨਾ ਦੇ ਦਿੱਤੀ ਗਈ ਸੀ ਪਰ ਖਬਰ ਲਿਖੇ ਜਾਣ ਤੱਕ ਵੀ ਸਹੀ ਪਾਏ ਜਾਣ ਵਾਲੇ ਉਮੀਦਵਾਰਾਂ ਦੀ ਸੂਚੀ ਸੂਚਨਾ ਬੋਰਡ ਤੇ ਨਾ ਲਾਏ ਜਾਣ ਦੇ ਚਲਦਿਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਧੁੜਕੂ ਦੀ ਸਥਿਤੀ ਬਣੀ ਰਹੀ ਤੇ ਕਈ ਉਮੀਦਵਾਰ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਸਾਧਦੇ ਵੀ ਦੇਖੇ ਗਏ। ਬਾਅਦ ਵਿੱਚ ਪਤਾ ਲੱਗਾ ਹੈ ਕਿ ਭਾਵੇਂ ਉਕਤ ਉਮੀਦਵਾਰਾਂ ਨੂੰ ਸੋਧੀ ਹੋਈ ਸੂਚੀ ਦਿਖਾ ਤਾਂ ਦਿੱਤੀ ਗਈ ਪਰ ਨੋਟਿਸ ਬੋਰਡ ਤੇ ਨਹੀ ਸੀ ਲੱਗ ਸਕੀ। ਨੋਟਿਸ ਬੋਰਡ ਤੇ ਸੂਚੀ ਨਾ ਲਾਉਣ ਸਬੰਧੀ ਜਦੋਂ ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤਾ ਤਾਂ ਉਨਾਂ ਦਾ ਫੋਨ ਬੰਦ ਆਂਉਂਦਾ ਰਿਹਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration