"/> ਲਾਂਸ ਨਾਇਕ ਕੁਲਦੀਪ ਸਿੰਘ ਦਾ ਪਿੰਡ ਕੌਰੇਆਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਪੰਜਾਬ ਸਰਕਾਰ ਵੱਲੋਂ 12 ਲੱਖ ਸਹਾਇਤਾ ਰਾਸ਼ੀ ਅਤੇ ਸ਼ਹੀਦ ਦੀ ਪਤਨੀ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲਾਂਸ ਨਾਇਕ ਕੁਲਦੀਪ ਸਿੰਘ ਦਾ ਪਿੰਡ ਕੌਰੇਆਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਪੰਜਾਬ ਸਰਕਾਰ ਵੱਲੋਂ 12 ਲੱਖ ਸਹਾਇਤਾ ਰਾਸ਼ੀ ਅਤੇ ਸ਼ਹੀਦ ਦੀ ਪਤਨੀ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ

Published On: punjabinfoline.com, Date: Dec 25, 2017

ਤਲਵੰਡੀ ਸਾਬੋ, 25 ਦਸੰਬਰ (ਗੁਰਜੰਟ ਸਿੰਘ ਨਥੇਹਾ)- ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਕੇਰੀ ਸੈਕਟਰ ਵਿੱਚ ਭੀਬਰ ਗਲੀ ਖੇਤਰ 'ਚ ਕੰਟਰੋਲ ਰੇਖਾ ਨੇੜੇ ਗਸ਼ਤ ਕਰ ਰਹੀ ਭਾਰਤੀ ਫੌਜ ਦੀ ਇੱਕ ਟੁਕੜੀ ਉਪਰ ਪਾਕਿ ਸੈਨਿਕਾਂ ਵੱਲੋਂ ਕੀਤੀ ਗੋਲੀਬਾਰੀ ਨਾਲ ਉਪ ਮੰਡਲ ਦੇ ਪਿੰਡ ਕੌਰੇਆਣਾ ਦੇ ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਦਾ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਕੌਰੇਆਣਾ ਦੇ ਸਵ: ਧੰਨਾ ਸਿੰਘ ਦੇ ਘਰ ਅਤੇ ਮਾਤਾ ਰਾਣੀ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਵੱਡੀ ਭੈਣ ਮਨਦੀਪ ਕੌਰ ਦੇ ਇਕਲੌਤੇ ਭਰਾ ਕੁਲਦੀਪ ਸਿੰਘ ਬਰਾੜ ਦੀ ਮ੍ਰਿਤਕ ਦੇਹ ਨੂੰ ਜਿਉਂ ਹੀ ਪਿੰਡ ਕੌਰੇਆਣਾ ਵਿਖੇ ਲਿਆਂਦਾ ਗਿਆ ਤਾਂ ਇਲਾਕੇ ਭਰ ਤੋਂ ਪਹੁੰਚੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਦੀਆਂ ਅੱਖ ਨਮ ਹੋ ਗਈਆਂ ਅਤੇ ਮਾਂ, ਭੈਣ ਅਤੇ ਜਵਾਨ ਪਤਨੀ ਜਸਪ੍ਰੀਤ ਕੌਰ ਦੇ ਕੀਰਨੇ ਝੱਲੇ ਨਹੀਂ ਸਨ ਜਾ ਰਹੇ। ਇਸ ਮੌਕੇ ਫੌਜ਼ ਦੇ ਸੀਨੀਅਰ ਅਧਿਕਾਰੀ ਕਰਨਲ ਆਰ ਕੇ ਸਹਿਰਾਵਤ ਡਿਪਟੀ ਕਮਾਂਡੈਂਟ, ਮੇਜਰ ਰਮਨ ਸ਼ਰਮਾ, ਐੱਸ. ਐੱਸ ਪੀ ਬਠਿੰਡਾ ਸ੍ਰੀ ਨਵੀਨ ਸਿੰਗਲਾ, ਐੱਸ ਪੀ (ਐੱਚ) ਸੁਰਿੰਦਰਪਾਲ ਸਿੰਘ, ਐੱਸ ਡੀ ਐੱਮ ਸ੍ਰੀ ਵਰਿੰਦਰ ਕੁਮਾਰ, ਬਰਿੰਦਰ ਸਿੰਘ ਗਿੱਲ ਡੀ ਐੱਸ ਪੀ, ਥਾਣਾ ਮੁਖੀ ਮਹਿੰਦਰਜੀਤ ਸਿੰਘ ਅਤੇ ਸੂਬੇਦਾਰ ਗੁਰਮੀਤ ਸਿੰਘ ਦੀ ਸਲਾਮੀ ਟੁਕੜੀ ਨੇ ਸ਼ਹੀਦ ਫੌਜੀ ਨੂੰ ਰੀਤ ਭੇਂਟ ਕਰਦਿਆਂ ਸਲਾਮੀ ਦਿੱਤੀ ਅਤੇ ਸ਼ਹੀਦ ਫੌਜੀ ਦੇ ਸੱਤ ਸਾਲਾ ਬੇਟੇ ਰਸਨੂਰ ਸਿੰਘ ਦੁਆਰਾ ਚਿਖਾ ਨੂੰ ਅਗਨੀ ਦਿਖਾਈ ਗਈ। ਸੰਸਕਾਰ ਮੌਕੇ ਪਹੁੰਚੇ ਨੌਜਵਾਨਾਂ ਅਤੇ ਸਾਬਕਾ ਫੌਜੀਆਂ ਵੱਲੋਂ 'ਪਾਕਿਸਤਾਨ ਮੁਰਦਾਬਾਦ' ਅਤੇ 'ਸ਼ਹੀਦ ਕੁਲਦੀਪ ਸਿੰਘ ਅਮਰ ਰਹੇ' ਦੇ ਨਾਅਰੇ ਵੀ ਲਗਾਏ ਗਏ। ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ ਨੇ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਅਦ ਸਰਕਾਰੀ ਤੌਰ 'ਤੇ ਦਿੱਤੀ ਜਾ ਰਹੀ ਸਹਾਇਤਾ ਬਾਰੇ ਦੱਸਿਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ 12 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਸ਼ਹੀਦ ਦੀ ਪਤਨੀ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸ਼ਹੀਦ ਕੁਲਦੀਪ ਸਿੰਘ ਦੇ ਸੰਸਕਾਰ ਮੌਕੇ ਪਹੁੰਚੇ ਕਾਂਗਰਸ ਦੇ ਹਲਕਾ ਸੇਵਾਦਾਰ ਸ. ਖੁਸ਼ਬਾਜ ਸਿੰਘ ਜਟਾਣਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕੇਂਦਰ ਸਰਕਾਰ 'ਤੇ ਵਰਦਿਆਂ ਕਿਹਾ ਕਿ ਕੇਂਦਰ ਸਰਕਾਰ ਪਤਾ ਨਹੀਂ ਕਿਹੜੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਹਰ ਦੂਜੇ ਤੀਜੇ ਦਿਨ ਸਾਡੇ ਨੌਜਵਾਨ ਫੌਜੀ ਡੱਬਿਆਂ 'ਚ ਸ਼ਹੀਦ ਹੋ ਕੇ ਆ ਰਹੇ ਹਨ। ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਉਹਨਾਂ ਕਿਹਾ ਕਿ ਮੋਦੀ ਸਾਹਬ ਜਲਦ ਤੋਂ ਜਲਦ ਕੋਈ ਐਸਾ ਐਕਸ਼ਨ ਲਿਆ ਜਾਵੇ ਜਿਸ ਨਾਲ ਸਾਡੇ ਕੁਲਦੀਪ ਸਿੰਘ ਵਰਗੇ ਨੌਜਵਾਨ ਸ਼ਹੀਦ ਨਾ ਹੋਣ। ਵਿਧਾਇਕ ਬੀਬਾ ਬਲਜਿੰਦਰ ਕੌਰ ਨੇ ਜਿੱਥੇ ਸ਼ਹੀਦ ਹੋਏ ਫੌਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੱਧ ਤੋਂ ਵੱਧ ਇਸ ਸ਼ਹੀਦ ਦੇ ਪਰਿਵਾਰ ਦੀ ਮੱਦਦ ਕੀਤੀ ਜਾਵੇ। ਇਸ ਮੌਕੇ ਜਿੱਥੇ ਇਲਾਕੇ ਭਰ ਦੇ ਪਿੰਡਾਂ ਦੀਆਂ ਪੰਚਾਇਤਾਂ, ਕਲੱਬ, ਸਮਾਜਸੇਵੀ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਜਿਲਾ ਕਾਂਗਰਸ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆ, ਕ੍ਰਿਸ਼ਨ ਸਿੰਘ ਭਾਗੀਬਾਂਦਰ, ਗੁਰਤਿੰਦਰ ਸਿੰਘ ਰਿੰਪੀ ਮਾਨ ਕੌਂਸਲਰ, ਸਤਿੰਦਰ ਸਿੰਘ ਸਿੱਧੂ ਕੌਂਸਲਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਹਲਕਾ ਵਿਧਾਇਕ ਦੀ ਤਰਫੋਂ ਬਾਬੂ ਸਿੰਘ ਮਾਨ, ਅਵਤਾਰ ਸਿੰਘ ਮੈਨੂਆਣਾ, ਸਰਪੰਚ ਬੂਟਾ ਸਿੰਘ, ਯੂਥ ਆਗੂ ਯਾਦਵਿੰਦਰ ਸਿੰਘ, ਜਥੇਦਾਰ ਹਰਦੇਵ ਸਿੰਘ, ਸਾਬਕਾ ਬਲਾਕ ਸੰਮਤੀ ਚੇਅਰਮੈਨ ਜਸਵੰਤ ਸਿੰਘ, ਡਾਕਟਰ ਪਰਮਜੀਤ ਸਿੰਘ ਕੌਰੇਆਣਾ ਆਦਿ ਨੇ ਦੁਖਦਾਈ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration