"/> ਕੈਪਟਨ ਸਰਕਾਰ ਦਾ ਕਰਜਾ ਮੁਆਫੀ ਸਮਾਗਮ ਨਿਰਾ ਡਰਾਮਾ, ਕਿਸੇ ਕਿਸਾਨ ਦਾ ਦੋ ਲੱਖ ਰੁਪਏ ਕਰਜਾ ਮੁਆਫ ਨਹੀਂ-ਕਿਸਾਨ ਆਗੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੈਪਟਨ ਸਰਕਾਰ ਦਾ ਕਰਜਾ ਮੁਆਫੀ ਸਮਾਗਮ ਨਿਰਾ ਡਰਾਮਾ, ਕਿਸੇ ਕਿਸਾਨ ਦਾ ਦੋ ਲੱਖ ਰੁਪਏ ਕਰਜਾ ਮੁਆਫ ਨਹੀਂ-ਕਿਸਾਨ ਆਗੂ

ਕਿਹਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤੇ ਸਮਾਗਮ ਵਿੱਚ ਰੰਗਾਰੰਗ ਪ੍ਰੋਗਰਾਮ ਕਰਵਾ ਰਹੀ ਹੈ ਸਰਕਾਰ
Published On: punjabinfoline.com, Date: Jan 06, 2018

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਰਕਾਰ ਬਨਣ ਤੋਂ ਪਹਿਲਾਂ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਪ੍ਰੰਤੂ ਸਰਕਾਰ ਬਣਦਿਆਂ ਹੀ ਅੱਖਾਂ ਫੇਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦਾ ਐਲਾਨ ਕਰ ਦਿੱਤਾ। ਕਿਸਾਨਾਂ ਨੂੰ ਉਮੀਦ ਜਾਗੀ ਸੀ ਕਿ ਚਲੋ ਘੱਟੋ-ਘੱਟ ਦੋ ਲੱਖ ਰੁਪਏ ਤੱਕ ਦਾ ਕਰਜਾ ਤਾਂ ਮੁਆਫ ਹੋਇਆ ਪ੍ਰੰਤੂ ਹੁਣ ਸਰਕਾਰ ਵੱਲੋਂ ਜਾਰੀ ਸੂਚੀਆਂ ਨੇ ਕਿਸਾਨਾਂ ਦੇ ਹੌਂਸਲੇ ਪਸਤ ਕਰ ਦਿੱਤੇ ਹਨ ਤੇ 7 ਜਨਵਰੀ ਨੂੰ ਸੂਬਾ ਸਰਕਾਰ ਵੱਲੋਂ ਕਰਜਾ ਮੁਆਫੀ ਦੇ ਨਾਂ ਤੇ ਮਾਨਸਾ ਵਿੱਚ ਕੀਤਾ ਜਾ ਰਿਹਾ ਸਮਾਗਮ ਨਿਰਾ ਡਰਾਮਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਿਲ੍ਹਾ ਮੀਤ ਪ੍ਰਧਾਨ ਸਰੂਪ ਸਿੰਘ ਸਿੱਧੂ ਨੇ ਕਿਸਾਨਾਂ ਦੀ ਇੱਕ ਮੀਟਿੰਗ ਉਪਰੰਤ ਪੱਤਰਕਾਰ ਵਾਰਤਾ ਦੌਰਾਨ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਕਰਜਾ ਮੁਆਫੀ ਸਬੰਧੀ ਜਾਰੀ ਸੂਚੀਆਂ ਵਿੱਚ ਪਹਿਲਾ ਤੱਥ ਇਹ ਦੇਖਣ ਨੂੰ ਮਿਲਿਆ ਹੈ ਕਿ ਸਰਕਾਰ ਨੇ 10 ਏਕੜ ਤੱਕ ਦੇ ਕਿਸਾਨਾਂ ਦੇ ਤਾਂ ਕੁਝ ਕਰਜੇ ਮੁਆਫ ਕੀਤੇ ਹਨ ਪ੍ਰੰਤੂ ਢਾਈ ਏਕੜ ਤੱਕ ਦੇ ਗਰੀਬ ਕਿਸਾਨਾਂ ਦਾ ਕੋਈ ਕਰਜਾ ਮੁਆਫ ਹੁੰਦਾ ਦਿਖਾਈ ਨਹੀਂ ਦਿੱਤਾ। ਉਨਾਂ ਕਿਹਾ ਕਿ ਸੂਚੀ ਵਿੱਚ ਨਾਮ ਨਾ ਆਉਣ 'ਤੇ ਬਹੁਤੇ ਕਿਸਾਨ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਅਤੇ ਅਧਿਕਾਰੀ ਉਨਾਂ ਨੂੰ ਕੋਈ ਠੋਸ ਜਵਾਬ ਨਹੀਂ ਦੇ ਰਹੇ। ਕਿਸਾਨ ਆਗੂ ਨੇ ਕਿਹਾ ਕਿ ਸਭ ਤੋਂ ਸਿਤਮਜ਼ਰੀਫੀ ਇਹ ਹੈ ਕਿ ਦੋ ਲੱਖ ਰੁਪਏ ਕਰਜਾ ਮੁਆਫ ਕਰਨ ਦੇ ਬਿਆਨ ਦੇ ਕੇ ਵਾਹ-ਵਾਹ ਖੱਟਣ ਵਾਲੀ ਸਰਕਾਰ ਦੀ ਕਰਜਾ ਮੁਆਫੀ ਸੂਚੀ ਵਿੱਚ ਕਿਸਾਨਾਂ ਦੇ ਜੋ ਕਰਜੇ ਮੁਆਫ ਕੀਤੇ ਹਨ ਉਹ ਊਠ ਦੇ ਮੂੰਹ ਵਿੱਚ ਜੀਰਾ ਦੇਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਜਿੱਥੇ ਇੱਕ ਕਿਸਾਨ ਦਾ ਕੁੱਲ ਸੱਤ ਰੁਪਏ ਕਰਜਾ ਮੁਆਫ ਕਰਨ ਦੀਆਂ ਖਬਰਾਂ ਅੱਜ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਹਨ ਉੱਥੇ ਉਨਾਂ ਦੇ ਇਲਾਕੇ ਦੇ ਹੁਣ ਤੱਕ 15 ਕਿਸਾਨ ਉਨਾਂ ਨੂੰ ਮਿਲ ਚੁੱਕੇ ਹਨ ਜਿਨਾਂ ਦੇ ਸੈਂਕੜੇ ਜਾਂ ਹਜਾਰਾਂ ਰੁਪਏ ਦੇ ਕਰਜੇ ਹੀ ਮੁਆਫ ਹੋਏ ਹਨ। ਉਨਾਂ ਕਿਹਾ ਕਿ ਇੱਕ ਕਿਸਾਨ ਦਾ 45 ਹਜਾਰ ਰੁਪਏ ਕਰਜਾ ਸੀ ਪਰ ਮੁਆਫ ਸਿਰਫ ਪੰਜ ਹਜਾਰ ਹੋਇਆ ਤੇ 40 ਹਜਾਰ ਉਸਨੂੰ ਭਰਨ ਦਾ ਫੁਰਮਾਨ ਸੁਣਾ ਦਿੱਤਾ ਗਿਆ। ਕਿਸਾਨ ਆਗੂ ਨੇ ਕਰਜਾ ਮੁਆਫੀ ਸਬੰਧੀ ਮਾਨਸਾ ਵਿੱਚ ਰੱਖੇ ਸਮਾਗਮ ਮੌਕੇ ਲੋਕ ਗਾਇਕ ਗੁਰਦਾਸ ਮਾਨ ਦਾ ਅਖਾੜਾ ਲਾਉਣ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਕਿਸਾਨ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਕਰ ਰਹੇ ਨੇ ਦੂਜੇ ਪਾਸੇ ਸਰਕਾਰ ਕਰਜਾ ਮੁਆਫੀ ਸਮਾਗਮ ਕਰਕੇ ਰੰਗਾਰੰਗ ਪ੍ਰੋਗਰਾਮ ਕਰਕੇ ਕਿਸਾਨਾਂ ਦੇ ਜਖਮਾਂ 'ਤੇ ਲੂਣ ਛਿੜਕ ਰਹੀ ਹੈ। ਉਨਾਂ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਕੀਤੇ ਐਲਾਨ ਮੁਤਾਬਕ ਸਰਕਾਰ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration