ਗੁੰਡਾ ਅਤੇ ਜੋਜੋ ਟੈਕਸ ਇਸ ਖੇਤਰ ਵਿਚ ਵਪਾਰ ਅਤੇ ਉਦਯੋਗ ਨੂੰ ਸੱਟ ਮਾਰ ਰਹੇ ਹਨ- ਸੁਖਬੀਰ ਬਾਦਲ
ਭਾਈ ਰੂਪਾ/ਬਠਿੰਡਾ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਇਸ ਖੇਤਰ ਦੇ ਸਾਰੇ ਕਾਰੋਬਾਰਾਂ 'ਤੇ ਲਾਏ ਜਾ ਰਹੇ ਗੁੰਡਾ ਅਤੇ ਜੋਜੋ ਟੈਕਸ ਵਪਾਰ ਅਤੇ ਉਦਯੋਗ ਨੂੰ ਵੱਡੀ ਸੱਟ ਮਾਰ ਰਹੇ ਹਨ ਅਤੇ ਇਹਨਾਂ ਟੈਕਸਾਂ ਨੇ ਬਠਿੰਡਾ ਰਿਫਾਈਨਰੀ ਦੀ ਹੋਂਦ ਨੂੰ ਵੀ ਖਤਰੇ ਵਿਚ ਪਾ ਦਿੱਤਾ ਹੈ। ਇਸ ਇਤਿਹਾਸਕ ਪਿੰਡ ਭਾਈ ਰੂਪਾ ਵਿਚ ਆਲੇ ਦੁਆਲੇ ਦੇ ਪਿੰਡਾਂ ਤੋਂ ਟਰੈਕਟਰਾਂ-ਟਰਾਲੀਆਂ ਉੱਤੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਪੰਜਾਬੀਆਂ ਦੀ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਜ਼ਿਲੇ ਦੇ ਕਾਂਗਰਸੀ ਵਿਧਾਇਕ ਨਾ ਸਿਰਫ ਗੁੰਡਾ ਟੈਕਸ ਇਕੱਠਾ ਕਰ ਰਹੇ ਹਨ, ਸਗੋਂ ਹਰਿਆਣਾ ਤੋਂ ਸ਼ਰਾਬ ਦੀ ਤਸਕਰੀ ਕਰਕੇ ਇਸ ਇਲਾਕੇ ਅੰਦਰ ਲਿਆ ਕੇ ਵੇਚ ਰਹੇ ਹਨ। ਉਹਨਾਂ ਨੇ ਇੱਕ ਰੇਤ ਮਾਫੀਆ ਵੀ ਬਣਾ ਰੱਖਿਆ ਹੈ। ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਨੇ ਵਪਾਰ ਅਤੇ ਉਦਯੋਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇੰਨਾ ਹੀ ਨਹੀਂ, ਬਠਿੰਡਾ ਰਿਫਾਈਨਰੀ ਨੂੰ ਚੱਲਦਾ ਰੱਖਣਾ ਮੁਸ਼ਕਿਲ ਹੋ ਗਿਆ ਹੈ। ਉਹਨਾਂ ਕਿਹਾ ਕਿ ਰਿਫਾਈਨਰੀ ਨੂੰ ਚਲਾਉਣ ਵਾਲੇ ਗੁੰਡਾ ਟੈਕਸ ਤੋਂ ਇੰਨੀ ਅੱਕੇ ਪਏ ਹਨ ਕਿ ਉਹ ਦੁਚਿੱਤੀ ਵਿਚ ਪੈ ਗਏ ਹਨ ਕਿ ਉਹ ਰਿਫਾਈਨਰੀ ਦੇ ਨਾਲ ਸਥਾਪਤ ਕੀਤੇ ਜਾਣ ਵਾਲੇ ਪ੍ਰਸਤਾਵਿਤ ਪੈਟਰੋ-ਕੈਮੀਕਲ ਪ੍ਰਾਜੈਕਟ ਵਿਚ ਨਿਵੇਸ਼ ਕਰਨ ਜਾਂ ਨਾ ਕਰਨ। ਕਾਂਗਰਸ ਸਰਕਾਰ ਉੱਤੇ ਸਿੱਧਾ ਨਿਸ਼ਾਨਾ ਸੇਧਦਿਆਂ ਸਰਦਾਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਉਹ ਇਸ ਗੱਲ ਦਾ ਜੁਆਬ ਦੇਣ ਕਿ ਉਹਨਾਂ ਨੇ ਕਮਜ਼ੋਰ ਵਰਗਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਕਿਉਂ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇੱਕ ਅਜਿਹੀ ਸਰਕਾਰ ਨੂੰ ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ ਅਤੇ ਸ਼ਗਨ ਸਕੀਮ ਨੂੰ ਬੰਦ ਕਰਨ ਦਾ ਕੋਈ ਹੱਕ ਨਹੀਂ ਹੈ, ਜਿਸ ਨੇ ਲੋੜਵੰਦਾਂ ਨੂੰ ਕੋਈ ਸਹੂਲਤ ਹੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2002 ਵਿਚ ਆਪਣੇ ਪਿਛਲੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਸਰਕਾਰ ਪਰਕਾਸ਼ ਸਿੰਘ ਬਾਦਲ ਦੁਆਰਾ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਫਿਰ ਉਹ ਵਿਭਿੰਨ ਗਰਿੱਡਾਂ ਉੱਤੇ ਮੀਟਰ ਲਗਾ ਕੇ ਉਹੀ ਕੁੱਝ ਕਰਨ ਦੀ ਤਿਆਰੀ ਕਰ ਰਿਹਾ ਹੈ। ਕਾਂਗਰਸ ਸਰਕਾਰ ਦੁਆਰਾ ਕਾਇਮ ਕੀਤੇ ਮਹਿਤਾਬ ਸਿੰਘ ਗਿੱਲ ਕਮਿਸ਼ਨ ਬਾਰੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਕਾਨੂੰਨ ਤੋੜਣ ਵਾਲਿਆਂ ਅਤੇ ਖਾਲਿਸਤਾਨੀਆਂ ਦਾ ਪੱਖ ਲੈ ਰਿਹਾ ਹੈ। ਉਹਨਾਂ ਕਿਹਾ ਕਿ ਕਮਿਸ਼ਨ ਦੇ ਮੁਖੀ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਗਲਤ ਫੈਸਲਾ ਲੈਂਦਾ ਹੈ ਤਾਂ ਉਸ ਵਿਰੁੱਧ ਵੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾ ਸਕਦੀ ਹੈ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਪੰਜਾਬ ਵਿਚ ਕਬੱਡੀ ਲੀਗ ਕਰਵਾਏਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਸ਼ਵ ਕਬੱਡੀ ਕੱਪ ਬੰਦ ਕਰ ਦਿੱਤਾ ਹੈ, ਜੋ ਕਿ ਇੱਕ ਅੰਤਰਰਾਸ਼ਟਰੀ ਮੁਕਾਬਲਾ ਬਣ ਚੁੱਕਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਡੀ ਰਵਾਇਤੀ ਖੇਡ ਨੂੰ ਥੱਲੇ ਲਾ ਦਿੱਤਾ ਹੈ, ਪਰ ਅਸੀਂ ਇਹ ਖੇਡ ਨੂੰ ਖ਼ਤਮ ਨਹੀਂ ਹੋਣ ਦਿਆਂਗੇ ਅਤੇ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਵਿਚ ਕਬੱਡੀ ਲੀਗ ਕਰਾਵਾਂਗੇ। ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਗਰਿੱਡਾਂ ਉੱਤੇ ਮੀਟਰ ਨਾ ਲਗਾਉਣ ਦੇਣ। ਉਹਨਾਂ ਕਿਹਾ ਕਿ ਕਿਸਾਨਾਂ ਉੱਤੇ ਖੇਤੀ ਟਿਊਬਵੈਲਾਂ ਦੇ ਬਿਜਲੀ ਬਿਲਾਂ ਦਾ ਬੋਝ ਪੈਣ ਤੋਂ ਬਚਾਉਣ ਲਈ ਅਕਾਲੀ ਦਲ ਇੱਕ ਵੱਖਰਾ ਅੰਦੋਲਨ ਛੇੜੇਗਾ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਜਾਂ ਤਾਂ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਜਾਂ ਫਿਰ ਸੱਤਾ ਤੋਂ ਲਾਂਭੇ ਹੋ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਵੀ ਸੰਬੋਧਨ ਕੀਤਾ।