ਸੰਤ ਬਾਬਾ ਗੁਰਦਿਆਲ ਸਿੰਘ ਦੀ ਬਰਸੀ ਨੂੰ ਸਮਰਪਿਤ ਲਹਿਰੀ ਵਿਖੇ ਕੀਰਤਨ ਸਜਾਏ ਗਏ
ਤਲਵੰਡੀ ਸਾਬੋ, 12 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਅਤੇ ਪਿੰਡ ਦੇ ਸਹਿਯੋਗ ਨਾਲ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੀ 65ਵੀਂ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਏ ਗਏ ਜਿਸ ਵਿੱਚ ਸਮੁੱਚੀਆਂ ਸਿੱਖ ਸੰਗਤਾਂ ਨੇ ਭਰਪੂਰ ਹਾਜ਼ਰੀ ਭਰੀ। ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵਾਸਤੇ ਚਾਹ-ਪਕੌੜਿਆਂ ਅਤੇ ਹੋਰ ਵਸਤਾਂ ਦੇ ਲੰਗਰ ਸਜਾਏ ਗਏ ਸਨ। ਨਗਰ ਕੀਤਰਨ ਦੌਰਾਨ ਜਿੱਥੇ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਭਾਈ ਗੁਰਸੇਵਕ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰੂ ਜਸ ਸਰਵਣ ਕਰਵਾਇਆ ਗਿਆ ਉੱਥੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੀ ਗੱਤਕਾ ਟੀਮ ਵੱਲੋਂ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਅਤੇ ਧਾਰਮਿਕ ਕੋਰੀਓਗ੍ਰਾਫੀਆਂ ਪੇਸ਼ ਕਰਕੇ ਸੰਗਤਾਂ ਨੂੰ ਜੈਕਾਰੇ ਲਾਉਣ ਲਈ ਮਜ਼ਬੂਰ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਉਕਤ ਸਕੂਲ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਕਵੀਸ਼ਰੀਆ ਰਾਹੀਂ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਨੰਬਰਦਾਰ ਜਸਪਾਲ ਸਿੰਘ ਲਹਿਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਸੰਤਾਂ ਦੇ ਦੱਸੇ ਹੋਏ ਮਾਰਗ ਅਤੇ ਸਿੱਖਿਆਵਾਂ 'ਤੇ ਚੱਲਣ ਦੀ ਅਪੀਲ ਕੀਤੀ। ਇਸ ਦੌਰਾਨ ਸ਼ਾਮ ਮੌਕੇ ਧਰਮ ਪ੍ਰਚਾਰ ਕਮੇਟੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਨਾਟਕ ਟੀਮ ਵੱਲੋਂ ਇੱਕ ਧਾਰਮਿਕ ਨਾਟਕ 'ਸਿੰਘ ਸੂਰਮੇ' ਦਾ ਸਫਲ ਮੰਚਨ ਕਰਕੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ, ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ, ਨਛੱਤਰ ਸਿੰਘ ਗਿਆਨੀ, ਸੁਖਦੇਵ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ ਹੈਪੀ, ਦਲਜੀਤ ਸਿੰਘ ਖਾਲਸਾ ਤੋਂ ਇਲਾਵਾ ਸਮੁੱਚੀਆਂ ਸੰਗਤਾਂ ਮੌਜੂਦ ਸਨ।