"/> ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪਿਤਾ ਦਾ ਦੇਹਾਂਤ, ਅਕਾਲੀ ਸਫਾਂ ਵਿੱਚ ਸੋਗ ਦੀ ਲਹਿਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪਿਤਾ ਦਾ ਦੇਹਾਂਤ, ਅਕਾਲੀ ਸਫਾਂ ਵਿੱਚ ਸੋਗ ਦੀ ਲਹਿਰ

ਸੰਸਕਾਰ ਮੌਕੇ ਉੱਚ ਪ੍ਰਸ਼ਾਸਨਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਭਰੀ ਹਾਜਰੀ
Published On: punjabinfoline.com, Date: Feb 23, 2018

ਤਲਵੰਡੀ ਸਾਬੋ, 23 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਦੇ ਪਿਤਾ ਜੀ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਭੁਪਿੰਦਰ ਸਿੰਘ ਸਿੱਧੁ (ਰਿਟਾ. ਆਈ. ਏ. ਐੱਸ) ਦੇ ਬੀਤੀ ਦੇਰ ਰਾਤ ਅਕਾਲ ਚਲਾਣਾ ਕਰ ਜਾਣ ਨਾਲ ਨਾ ਕੇਵਲ ਹਲਕੇ ਦੀਆਂ ਅਕਾਲੀ ਸਫਾਂ ਸਗੋਂ ਸੂਬੇ ਦੇ ਉੱਚ ਪ੍ਰਸ਼ਾਸਨਕੀ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅੱਜ ਉਨਾਂ ਦੇ ਚੰਡੀਗੜ ਵਿਖੇ ਅੰਤਿਮ ਸੰਸਕਾਰ ਮੌਕੇ ਜਿੱਥੇ ਹਲਕੇ ਅੰਦਰੋਂ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਹਾਜਰੀ ਭਰੀ ਉੱਥੇ ਸੂਬੇ ਦੇ ਵੱਡੇ ਸਿਆਸੀ ਆਗੂਆਂ ਤੇ ਵੱਖ-ਵੱਖ ਮਹਿਕਮਿਆਂ ਦੇ ਉੱਚ ਅਫਸਰਾਂ ਨੇ ਵੀ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਆਪਣੇ ਜੀਵਨ ਕਾਲ ਵਿੱਚ ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਉੱਚ ਅਹੁਦਿਆਂ 'ਤੇ ਵਿਰਾਜਮਾਨ ਰਹਿ ਚੁੱਕੇ ਸ. ਭੁਪਿੰਦਰ ਸਿੰਘ ਸਿੱਧੂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਸਨ ਤੇ ਉਹ ਹੁਣ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਬੀਤੀ ਦੇਰ ਰਾਤ ਕਰੀਬ ਨੌਂ ਵਜੇ ਤੇ ਲੱਗਭਗ ਉਨ੍ਹਾਂ ਨੇ ਚੰਡੀਗੜ ਵਿਖੇ ਆਪਣੀ ਰਿਹਾਇਸ਼ ਵਿਖੇ ਆਖਰੀ ਸਾਹ ਲਏ। ਉਨਾਂ ਦੇ ਸਪੁੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਨ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਅਤਿ ਨਜਦੀਕੀਆਂ ਵਿੱਚ ਗਿਣੇ ਜਾਂਦੇ ਹਨ। ਬੀਤੀ ਦੇਰ ਰਾਤ ਉਨਾਂ ਦੇ ਅਕਾਲ ਚਲਾਣੇ ਦੀ ਖਬਰ ਅੱਜ ਸਵੇਰੇ ਹਲਕਾ ਤਲਵੰਡੀ ਸਾਬੋ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਉਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ ਅਕਾਲੀ ਦਲ ਦੇ ਵਰਕਰਾਂ ਨੇ ਚੰਡੀਗੜ ਵੱਲ ਵਹੀਰਾਂ ਘੱਤ ਦਿੱਤੀਆਂ। ਉਨਾਂ ਦੀ ਸੈਕਟਰ ੫ ਵਿਚਲੀ ਰਿਹਾਇਸ਼ 'ਤੇ ਹਲਕੇ ਤੋਂ ਪੁੱਜੇ ਲੋਕਾਂ ਨੇ ਉਨਾਂ ਦੇ ਅੰਤਿਮ ਦਰਸ਼ਨ ਕੀਤੇ ਤੇ ਵੱਖ-ਵੱਖ ਮਹਿਕਮਿਆਂ ਤੋਂ ਆਏ ਉੱਚ ਅਧਿਕਾਰੀਆਂ ਨੇ ਉਨਾਂ ਦੀ ਦੇਹ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨਾਂ ਦਾ ਅੰਤਿਮ ਸੰਸਕਾਰ ਚੰਡੀਗੜ ਦੇ ਸੈਕਟਰ 25 ਦੇ ਸਮਸ਼ਾਨਘਾਟ ਵਿੱਚ ਕੀਤਾ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਪ੍ਰਮੁੱਖ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਛੋਟਾ ਸਿੰਘ ਨੇ ਅਰਦਾਸ ਕੀਤੀ। ਅਰਦਾਸ ਉਪਰੰਤ ਜੀਤਮਹਿੰਦਰ ਸਿੰਘ ਸਿੱਧੂ ਅਤੇ ਉਨਾਂ ਦੇ ਸਪੁੱਤਰ ਗੁਰਬਾਜ ਸਿੰਘ ਨੇ ਉਨਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕੀਤੀ ਅੰਤਿਮ ਸੰਸਕਾਰ ਮੌਕੇ ਉੱਚ ਸਿਆਸੀ ਤੇ ਪ੍ਰਸ਼ਾਸਨਿਕ ਹਸਤੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੇਜਰ ਅਮਰਦੀਪ ਸਿੰਘ ਤੇ ਪੱਪੀ ਆਧਨੀਆ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਚਰਨਜੀਤ ਸਿੰਘ ਬਰਾੜ, ਸ. ਪਰਮਰਾਜ ਸਿੰਘ ਉਮਰਾਨੰਗਲ ਆਈ. ਜੀ ਪੰਜਾਬ ਪੁਲਿਸ, ਦਰਬਾਰਾ ਸਿੰਘ ਗੁਰੁ ਸਾਬਕਾ ਪ੍ਰਮੁੱਖ ਸਕੱਤਰ, ਆਦੇਸ਼ ਮੈਡੀਕਲ ਯੂਨੀਵਰਸਿਟੀ ਵੱਲੋਂ ਡਾ. ਹਰਿੰਦਰ ਸਿੰਘ ਗਿੱਲ, ਤਲਵੰਡੀ ਸਾਬੋ ਤੋਂ ਮੋਹਤਬਰ ਸਖਸ਼ੀਅਤ ਸ. ਬਲਵੀਰ ਸਿੰਘ ਸਿੱਧੂ, ਸੀਨੀਅਰ 'ਆਪ' ਆਗੂ ਭੁਪਿੰਦਰ ਸਿੰਘ ਗੋਰਾ, ਸ. ਗੁਰਦਰਸ਼ਨ ਸਿੰਘ ਸਿੱਧੂ ਪਥਰਾਲਾ, ਗੁਰਮੀਤ ਸਿੰਘ ਬੁਰਜ ਮਹਿਮਾ, ਸੁਰਿੰਦਰ ਨੰਬਰਦਾਰ ਡੂੰਮਵਾਲੀ, ਅਮਰਜੀਤ ਸਿੰਘ ਚੀਮਾ, ਪਵੀਤ ਸਿੱਧੂ, ਜਸਵੀਰ ਸਿੰਘ ਪਥਰਾਲਾ, ਨਿਰਮਲ ਸਿੰਘ ਜੋਧਪੁਰ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਉੱਚ ਅਫਸਰ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration