"/> ਸਾਹਿਤ ਜਾਗਰਿਤੀ ਸਭਾ ਦੀ ਮਾਸਿਕ ਮਿਲਣੀ ਦੌਰਾਨ ਹੋਇਆ ਭਰਵਾਂ ਕਵੀ ਦਰਬਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਹਿਤ ਜਾਗਰਿਤੀ ਸਭਾ ਦੀ ਮਾਸਿਕ ਮਿਲਣੀ ਦੌਰਾਨ ਹੋਇਆ ਭਰਵਾਂ ਕਵੀ ਦਰਬਾਰ

ਹਾਜ਼ਰ ਲੇਖਕਾਂ ਨੇ ਪਾਸ ਕੀਤੇ ਕਈ ਅਹਿਮ ਮਤੇ
Published On: punjabinfoline.com, Date: Apr 21, 2018

ਰਾਮਾਂ ਮੰਡੀ 21 ਅਪ੍ਰੈਲ(ਬੁੱਟਰ)ਸਾਹਿਤਕ ਖੇਤਰ ਵਿੱਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਅਮਰਜੀਤ ਜੀਤ ਦੀ ਪ੍ਰਧਾਨਗੀ 'ਚ ਮਾਸਿਕ ਇਕੱਤਰਤਾ ਦੌਰਾਨ ਭਰਵਾਂ ਕਵੀ ਦਰਬਾਰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ।ਸਭਾ ਦੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਹਾਜ਼ਰ ਅਦੀਬਾਂ ਦਾ ਭਾਵਪੂਰਤ ਸ਼ਬਦਾਂ ਨਾਲ਼ ਸਵਾਗਤ ਕੀਤਾ।ਇਸ ਉਪਰੰਤ ਹਾਜ਼ਰ ਲੇਖਕਾਂ ਨੇ ਬੇਟੀ ਅਸੀਫ਼ਾ ਨਾਲ਼ ਹੋਏ ਗ਼ੈਰ ਮਨੁੱਖੀ ਤੇ ਘਿਨਾਉਣੇ ਵਰਤਾਰੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ।ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਨਿਘਾਰ ਵੱਲ ਜਾ ਰਹੇ ਭਾਰਤੀ ਸਮਾਜ ਦਾ ਜ਼ਿਕਰ ਤੇ ਫ਼ਿਕਰ ਕਰਦਿਆਂ ਕਿਹਾ ਕਿ ਲੇਖਕਾਂ ਨੂੰ ਅਜਿਹੇ ਨਾਜ਼ੁਕ ਦੌਰ 'ਚ ਸੁਹਿਰਦਤਾ ਅਤੇ ਬੇਬਾਕੀ ਨਾਲ਼ ਸਿਰਜਣਾ ਕਰਨ ਦੇ ਨਾਲ਼-ਨਾਲ਼ ਕੋਝੇ ਤੇ ਕਾਲ਼ੇ ਕਾਰਨਾਮਿਆਂ ਦਾ ਸੰਗਠਤ ਹੋ ਕੇ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਸ਼ਾਇਰ ਸੁਖਦਰਸ਼ਨ ਗਰਗ ਨੂੰ ਬੀਤੇ ਦਿਨੀਂ ਪੰਜਾਬੀ ਸਾਹਿਤ ਅਕਾਦਮੀ ਲਈ ਪ੍ਰਬੰਧਕੀ ਕਮੇਟੀ ਦਾ ਮੈਂਬਰ ਚੁਣੇ ਜਾਣ 'ਤੇ ਹਾਜ਼ਰ ਕਲਮਕਾਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ।ਸਾਹਿਤ ਜਾਗਰਿਤੀ ਸਭਾ ਵੱਲੋਂ ਉੱਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਨਾਲ਼ ਨੇੜ ਭਵਿੱਖ 'ਚ ਰੂ ਬ ਰੂ ਸਮਾਗਮ ਰਚਾਉਣ ਬਾਰੇ ਹਾਜ਼ਰੀਨ ਨੇ ਇਕਸੁਰਤਾ ਤੇ ਸੰਤੁਸ਼ਟੀ ਪ੍ਰਗਟ ਕੀਤੀ।ਇਸ ਮੌਕੇ ਸਮਾਗਮ 'ਚ ਸ਼ਾਮਿਲ ਸ਼ਾਇਰਾਂ ਨੇ ਆਪਸੀ ਸਹਿਮਤੀ ਨਾਲ਼ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ ਮਹੀਨੇ ਦੇ ਹਰੇਕ ਤੀਜੇ ਸ਼ਨੀਵਾਰ ਸ਼ਾਮੀ ਚਾਰ ਵਜੇ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਾਲ਼ੇ ਫੁਲਵਾੜੀ ਕਾਲਜ(ਪਬਲਿਕ ਲਾਇਬਰੇਰੀ) 'ਚ ਆਯੋਜਿਤ ਕਰਨ ਨੂੰ ਪ੍ਰਵਾਨਗੀ ਦਿੱਤੀ।ਕਵੀ ਦਰਬਾਰ ਦੇ ਤਹਿਤ ਸੂਫ਼ੀ ਸ਼ਾਇਰ ਜਨਕ ਸ਼ਰਮੀਲਾ ਨੇ ਰਚਨਾ 'ਰੱਬ',ਸੁਰਿੰਦਰਪ੍ਰੀਤ ਘਣੀਆਂ ਨੇ ਤਰੰਨਮ 'ਚ ਗ਼ਜ਼ਲ 'ਅੱਥਰੂ',ਅਮਰਜੀਤ ਜੀਤ ਨੇ ਗ਼ਜ਼ਲ 'ਜਵਾਨੀ', ਹਰਦਰਸ਼ਨ ਸਿੰਘ ਸੋਹਲ ਨੇ ਬ੍ਰਿਤਾਂਤਕ ਕਵਿਤਾ 'ਔਰਤ',ਨਿਰੰਜਣ ਸਿੰਘ ਪ੍ਰੇਮੀ ਨੇ ਰੁਬਾਈਆਂ, ਮੰਗਤ ਕੁਲਜਿੰਦ ਨੇ ਕਾਵਿ-ਵਿਅੰਗ 'ਨੇਤਾ ਜੀ',ਲਾਲ ਚੰਦ ਸਿੰਘ ਨੇ ਤਰੰਨਮ 'ਚ ਗੀਤ 'ਕਣਕਾਂ',ਤਰਸੇਮ ਸਿੰਘ ਬੁੱਟਰ ਨੇ ਕਵਿਤਾ 'ਪੰਛੀ',ਭੋਲਾ ਸਿੰਘ ਸ਼ਮੀਰੀਆ ਨੇ ਕਵੀਸ਼ਰੀ 'ਬਾਪੂ',ਸੁਖਦਰਸ਼ਨ ਗਰਗ ਨੇ ਰੁਬਾਈਆਂ, ਪੰਡਤ ਰੂਪ ਚੰਦ ਸ਼ਰਮਾਂ ਨੇ ਕਵੀਸ਼ਰੀ 'ਪੁੱਤ',ਰਾਜਵੀਰ ਕੌਰ ਨੇ ਕਵਿਤਾ 'ਦਸਤਾਰ' ,ਬਲਵੰਤ ਸਿੰਘ ਨੇ ਕਵਿਤਾ 'ਮਸਲਾ' ,ਨਛੱਤਰ ਝੁੱਟੀਕਾ ਨੇ ਗੀਤ 'ਹਿੰਦ –ਪਾਕਿ',ਪੋਰਿੰਦਰ ਸਿੰਗਲਾ ਨੇ ਗ਼ਜ਼ਲ 'ਦਰਦ' ,ਜਗਦੀਸ਼ ਬਾਂਸਲ ਨੇ ਕਵਿਤਾ 'ਹੁਸਨ', ਚਮਨ ਦਰਵੇਸ਼ ਨੇ ਗੀਤ, ਪੀਟੀ ਇਕਬਾਲ ਫ਼ਕੀਰਾ ਨੇ ਬੁਲੰਦ ਅਵਾਜ਼ 'ਚ ਗੀਤ 'ਰੰਗ ਉਹਦੇ' ਪੇਸ਼ ਕਰ ਕੇ ਵਾਹ –ਵਾਹ ਖੱਟੀ।ਕੌਮਾਂਤਰੀ ਸਾਹਿਤ ਸੱਭਿਆਚਾਰ ਮੰਚ ਦੇ ਪ੍ਰਧਾਨ ਅਤਰਜੀਤ ਨੇ ਅਜੋਕੇ ਸਮਾਜ 'ਚ ਘੁਟਣ ਭਰੇ ਮਾਹੌਲ, ਸਮਾਜਿਕ ਬੁਰਾਈਆਂ ਤੇ ਨੈਤਿਕ-ਕਦਰਾਂ ਕੀਮਤਾਂ ਦੇ ਪਤਨ ਬਾਰੇ ਚਿੰਤਾ ਜ਼ਾਹਰ ਕਰਦਿਆਂ ਨਵ-ਸਮਾਜ ਦੀ ਸਿਰਜਣਾ ਲਈ ਵਿਚਾਰਾਂ ਪ੍ਰਸਤੁਤ ਕੀਤੀਆਂ। ਪ੍ਰਧਾਨਗੀ ਮੰਡਲ 'ਚ ਸ਼ਾਮਿਲ ਜਨਕ ਸ਼ਰਮੀਲਾ ਨੇ ਪੇਸ਼ ਕੀਤੀਆਂ ਗਈਆਂ ਰਚਨਾਵਾਂ ਬਾਰੇ ਪ੍ਰਸ਼ੰਸਾਮਈ ਅਤੇ ਸੁਧਾਰ ਹਿੱਤ ਸੰਤੁਲਿਤ ਟਿੱਪਣੀਆਂ ਪੇਸ਼ ਕੀਤੀਆਂ।ਪ੍ਰਧਾਨ ਅਮਰਜੀਤ ਜੀਤ ਨੇ ਭਰਵੀਂ ਹਾਜ਼ਰੀ ਲਗਵਾਉਣ ਲਈ ਹਾਜ਼ਰ ਸ਼ਾਇਰਾਂ ਦਾ ਧੰਨਵਾਦ ਕੀਤਾ।ਮੰਚ ਦਾ ਸੰਚਾਲਨ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਬਾਖ਼ੂਬੀ ਕੀਤਾ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration