"/> ਕਾਂਗਰਸ ਵਲੋਂ ਕੇਂਦਰ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਸ਼ਨ ,ਤੇਲ ਦੀਆਂ ਕੀਮਤਾਂ ਘਟਾਉਣ ਦੀ ਕੀਤੀ ਮੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਾਂਗਰਸ ਵਲੋਂ ਕੇਂਦਰ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਸ਼ਨ ,ਤੇਲ ਦੀਆਂ ਕੀਮਤਾਂ ਘਟਾਉਣ ਦੀ ਕੀਤੀ ਮੰਗ

Published On: punjabinfoline.com, Date: Jun 09, 2018

ਰਾਜਪੁਰਾ: ( ਰਾਜੇਸ਼ ਡਾਹਰਾ )
ਅੱਜ ਰਾਜਪੁਰਾ ਨਜਦੀਕ ਬਨੂੜ ਦੇ ਟੌਲ ਪਲਾਜ਼ਾ ਨੇੜੇ ਪਿੰਡ ਖਿਜ਼ਰਗੜ੍ਹ ਦੇ ਨੇੜਿਓਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਕੁਮਾਰ ਜਾਖੜ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਨੇ ਸ੍ਰੀ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠ ਇਕ ਵਿਸ਼ਾਲ ਟ੍ਰੈਕਟਰ ਰੈਲੀ ਕੱਢੀ ਗਈ ।ਇਸ ਮਾਰਚ ਦੀ ਰਾਜਪੁਰਾ ਦੇ ਗਗਨ ਚੌਂਕ ਵਿਖੇ ਸਮਾਪਤੀ ਕਰਵਾਈ ਗਈ।
ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮੌਕੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਬੀ.ਜੇ.ਪੀ. ਦੀ ਚਲਾਕੀ ਤੋਂ ਸਭ ਭਲੀਂ ਭਾਂਤ ਵਾਕਫ਼ ਹਨ ਪ੍ਰੰਤੂ ਪੰਜਾਬ ਦੇ ਲੋਕਾਂ ਨੂੰ ਬਾਦਲਕਿਆਂ ਤੋਂ ਉਮੀਦ ਸੀ ਕਿ ਉਹ ਤਾਂ ਉਨ੍ਹਾਂ ਦੀ ਗੱਲ ਕਰਨਗੇ ਪ੍ਰੰਤੂ ਉਹ ਵੀ ਇੱਕ ਵਜ਼ੀਰੀ ਲਈ ਮੂੰਹ 'ਚ ਘੁੰਗਣੀਆਂ ਪਾ ਗਏ। 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਅਤੇ ਇਸਦੇ ਕਿਸਾਨ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਚਲਦਾ ਕੀਤਾ ਜਾਵੇ ਅਤੇ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ।
ਸ੍ਰੀ ਜਾਖੜ ਅੱਜ ਇਥੇ ਪੰਜਾਬ ਯੂਥ ਕਾਂਗਰਸ ਵੱਲੋਂ ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ 'ਭਾਰਤ ਬਚਾਓ ਜਨ ਅੰਦੋਲਨ' ਤਹਿਤ ਕੱਢੇ ਗਏ ਇੱਕ ਵਿਸ਼ਾਲ 'ਟ੍ਰੈਕਟਰ ਮਾਰਚ' ਨੂੰ ਝੰਡੀ ਦੇ ਕੇ ਰਵਾਨਾ ਕਰਨ ਮਗਰੋਂ ਰਾਜਪੁਰਾ ਦੇ ਗਗਨ ਚੌਂਕ ਵਿਖੇ ਕੀਤੀ ਗਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। 
ਇਸ ਦੌਰਾਨ ਸ੍ਰੀ ਸੁਨੀਲ ਜਾਖੜ ਨੇ ਖ਼ੁਦ ਟ੍ਰੈਕਟਰ ਚਲਾ ਕੇ ਕਰੀਬ 20 ਕਿਲੋਮੀਟਰ ਲੰਮੇ ਚੱਲੇ ਇਸ ਵਿਸ਼ਾਲ ਟ੍ਰੈਕਟਰ ਮਾਰਚ ਦੀ ਅਗਵਾਈ ਕੀਤੀ ਅਤੇ ਇਸ ਦੌਰਾਨ ਨੌਜਵਾਨਾਂ ਅਤੇ ਲੋਕਾਂ ਦੇ ਉਤਸ਼ਾਹ ਨੂੰ ਵੇਖਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮਾਰਚ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ। ਯੂਥ ਕਾਂਗਰਸ ਦੀ ਇਸ ਟ੍ਰੈਕਟਰ ਯਾਤਰਾ ਤੋਂ ਕਾਂਗਰਸ ਲੀਡਰਸ਼ਿਪ ਬਾਗੋਬਾਗ ਨਜ਼ਰ ਆਈ ਇਸ ਮੌਕੇ ਤੇ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਜਿਵੇਂ ਰਾਜਪੁਰਾ ਤੋਂ ਲੱਗੇ ਨਾਅਰੇ ਕੈਪਟਨ ਲਿਆਓ ਪੰਜਾਬ ਬਚਾਓ ਨੂੰ ਕਾਮਯਾਬ ਕੀਤਾ ਗਿਆ, ਉਸੇ ਤਰ੍ਹਾਂ ਅੱਜ ਮੋਦੀ ਭਜਾਓ ਦੇ ਲੱਗੇ ਨਾਅਰੇ ਨੂੰ ਕਾਮਯਾਬ ਕਰਕੇ ਸ੍ਰੀ ਰਾਹੁਲ ਗਾਂਧੀ ਨੂੰ ਲਿਆਂਦਾ ਜਾਵੇਗਾ। ਵਿਧਾਇਕ ਘਨੌਰ ਸ੍ਰੀ ਜਲਾਲਪੁਰ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਅੱਜ ਹਰ ਵਰਗ ਦੁੱਖੀ ਹੈ ਇਸ ਲਈ ਅਗਲੀ ਕੇਂਦਰੀ ਸਰਕਾਰ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੀ ਬਣੇਗੀ। ਗਗਨ ਚੋਕ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਨੂੰ ਮਿਲਣ 'ਚ ਕੋਈ ਔਖਿਆਈ ਨਾ ਸਮਝਣ ਵਾਲੇ ਅੱਜ ਨਰਿੰਦਰ ਮੋਦੀ ਨੂੰ ਮਿਲਣ ਲਈ ਅਮਿਤ ਸ਼ਾਹ ਦੀਆਂ ਲਿਲਕੜੀਆਂ ਕੱਢਦੇ ਸਭ ਨੇ ਵੇਖੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਹ ਕਿਸ ਗੱਲੋਂ ਅਮਿਤ ਨੂੰ ਸਿਰੋਪਾ ਪਾ ਰਹੇ ਸਨ ਜਦੋਂ ਕਿ ਸ੍ਰੀ ਦਰਬਾਰ ਸਾਹਿਬ 'ਤੇ ਜੀ.ਐਸ.ਟੀ. ਲਾਉਣ ਸਮੇਂ ਤਾਂ ਇਹ ਖ਼ੁਦ ਵੀ ਭਾਈਵਾਲ ਸਨ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਨੂੰ ਕਿਸਾਨਾਂ ਬਾਰੇ ਕੁਝ ਪਤਾ ਹੀ ਨਹੀਂ ਕਿਉਂਕਿ ਉਹ ਤਾਂ ਦੇਸ਼ ਦਾ ਨਹੀਂ ਵਿਦੇਸ਼ ਦਾ ਵਾਸੀ ਬਣ ਗਿਆ ਹੈ, ਪਰੰਤੂ 50 ਸਾਲ ਲੋਕਾਂ ਤੇ ਕਿਸਾਨਾਂ ਦਾ ਵਫ਼ਾਦਾਰ ਬਣਕੇ ਬੇਵਕੂਫ਼ ਬਣਾਉਣ ਵਾਲੇ ਬਾਦਲਾਂ ਨੇ ਵੀ ਉਸਦਾ ਸਾਥ ਦਿੱਤਾ। ਜਦੋਂਕਿ ਸੰਤ ਫ਼ਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਵਰਗੇ ਆਗੂ ਤਾਂ ਮੋਰਚੇ ਲਾਉਂਦੇ ਰਹੇ ਲੜਾਈਆਂ ਲੜਦੇ ਰਹੇ ਪਰ ਇਨ੍ਹਾਂ ਨੇ ਤਾਂ ਇੱਕ ਵਜੀਰੀ ਦੀ ਖਾਤਰ ਆਪਣਾ ਜਮੀਰ ਵੇਚ ਦਿੱਤਾ।
ਸ੍ਰੀ ਜਾਖੜ ਨੇ 'ਮੋਦੀ ਭਜਾਓ, ਰਾਹੁਲ ਲਿਆਓ ਦੇਸ਼ ਬਚਾਓ' ਦਾ ਨਾਅਰਾ ਦਿੰਦਿਆਂ ਕਿਹਾ ਕਿ ਜੇਕਰ ਦੇਸ਼ 'ਚ ਮੋਦੀ ਸਰਕਾਰ ਰਹੀ ਤਾਂ ਨਾ ਗਰੀਬ ਰਹੇਗਾ, ਨਾ ਕਿਸਾਨ ਅਤੇ ਨਾ ਹੀ ਜਵਾਨ, ਇਸ ਲਈ ਹਰ ਵਰਗ ਦੀ ਕਦਰ ਕਰਨ ਵਾਲੇ ਸ੍ਰੀ ਰਾਹੁਲ ਗਾਂਧੀ ਨੂੰ ਲਿਆਉਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਉਹ ਬੜੇ ਯਕੀਨ ਨਾਲ ਕਹਿ ਸਕਦੇ ਹਨ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਸਮੇਤ ਹਰ ਵਰਗ ਦੀ ਬਾਂਹ ਫੜੀ ਹੈ ਉਸੇ ਤਰ੍ਹਾਂ ਦੇਸ਼ 'ਚ ਕਾਂਗਰਸ ਦੀ ਅਗਵਾਈ ਵਾਲੀ ਸ੍ਰੀ ਰਾਹੁਲ ਗਾਂਧੀ ਦੀ ਸਰਕਾਰ ਦੇਸ਼ ਦੀ ਬਾਂਹ ਫੜੇਗੀ, ਇਸ ਲਈ ਕਾਂਗਰਸ ਪਾਰਟੀ ਉਨੀ ਦੇਰ ਚੈਨ ਨਾਲ ਨਹੀਂ ਬੈਠੇਗੀ, ਜਿੰਨੀ ਦੇਰ ਦੇਸ਼ 'ਚੋਂ ਮੋਦੀ ਨਾ ਭਜਾ ਦੇਈਏ, ਇਸ ਲਈ ਉਹ ਪੰਜਾਬ ਦੇ ਹਰ ਪਿੰਡ 'ਚ ਜਾਣਗੇ ਅਤੇ ਲੋਕਾਂ ਨੂੰ ਜਗਾਉਣਗੇ।
ਸ੍ਰੀ ਜਾਖੜ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਸ ਤਰਾ੍ਹਂ ਕਰਨਾਟਕਾ ਦੇ ਲੋਕਾਂ ਅਤੇ ਸ੍ਰੀ ਰਾਹੁਲ ਗਾਂਧੀ ਨੇ ਗੁਜ਼ਰਾਤ ਵਿੱਚ ਮੋਦੀ ਨੂੰ ਨਕੇਲ ਪਾਈ ਉਸੇ ਤਰ੍ਹਾਂ ਆਗਾਮੀ ਲੋਕ ਸਭਾ ਚੋਣਾਂ 'ਚ ਪੰਜਾਬ ਵਿੱਚ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਮਹਿੰਗਾਈ ਨੇ ਦੇਸ਼ ਦਾ ਲੱਕ ਤੋੜ ਦਿੱਤਾ ਹੈ। ਡੀਜ਼ਲ 70 ਰੁਪਏ ਤੱਕ ਪੁਜ ਚੁੱਕਾ ਹੈ ਜਦੋਂ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਲੋਕਾਂ ਦੀ ਸਰਕਾਰ ਸੀ ਨਾਂ ਕਿ ਅਦਾਨੀ ਤੇ ਅੰਬਾਨੀ ਦੀ ਇਸੇ ਲਈ ਉਸਨੇ 560 ਕਰੋੜ ਰੁਪਏ ਖ਼ਜ਼ਾਨੇ ਵਿੱਚੋਂ ਦੇ ਕੇ ਅਤੇ 104 ਡਾਲਰ ਪ੍ਰਤੀ ਬੈਰਲ ਕੱਚਾ ਤੇਲ ਖਰੀਦ ਕੇ ਕਿਸਾਨਾਂ ਤੇ ਟਰਾਂਸਪੋਰਟਰਾਂ ਸਮੇਤ ਲੋਕਾਂ ਨੂੰ ਸਸਤਾ ਤੇਲ ਮੁਹੱਈਆ ਕਰਵਾਉਂਦੀ ਰਹੀ। 
ਉਨ੍ਹਾਂ ਕਿਹਾ ਕਿ ਪੰਤੂ ਅੱਜ ਜਦੋਂ ਕੱਚੇ ਤੇਲ ਦੀ ਕੀਮਤ 69 ਡਾਲਰ ਹੈ ਤਾਂ ਡੀਜ਼ਲ 70 ਰੁਪਏ ਲਿਟਰ ਹੈ। ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਕਿਸਾਨਾਂ ਅਤੇ ਲੋਕਾਂ ਨੂੰ ਦੋਹੀਂ ਹੱਥੀਂ ਲੁੱਟ ਰਹੀ ਹੈ ਇਸ ਲਈ ਲੋਕਾਂ ਨੂੰ ਹੁਣ ਜਾਗਣਾ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ 31 ਮਈ 2012 ਨੂੰ ਦੇਸ਼ ਬੰਦ ਕਰਨ ਵਾਲੇ ਅੱਜ ਕਿਥੇ ਗਏ, ਕਿਸੇ ਨੂੰ ਨਹੀਂ ਪਤਾ। ਸ੍ਰੀ ਜਾਖੜ ਨੇ ਕਿਹਾ ਕਿ ਨੋਟਬੰਦੀ ਵੇਲੇ ਲੋਕ ਮੋਦੀ ਦੇ ਝਾਂਸੇ 'ਚ ਆਕੇ ਲੰਮੀਆਂ ਕਤਾਰਾਂ 'ਚ ਖੜੇ ਤੇ ਕਿਸੇ ਨੇ ਬੈਂਕਾਂ ਦੇ ਸ਼ੀਸ਼ੇ ਨਾ ਭੰਨੇ ਪਰ ਹੁਣ ਲੋਕ ਉਠ ਖੜੇ ਹੋ ਗਏ ਹਨ ਤੇ ਇਹ ਅੱਜ ਦੇ ਇਸ ਟ੍ਰੈਕਟਰ ਮਾਰਚ ਨੇ ਦਿਖਾ ਦਿੱਤਾ ਹੈ। 
ਇਸ ਤੋਂ ਪਹਿਲਾਂ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸ੍ਰੀ ਕੇਸ਼ਵ ਚੰਦ ਯਾਦਵ ਨੇ ਆਪਣੇ ਪਲੇਠੇ ਪੰਜਾਬ ਦੌਰੇ ਸਮੇਂ ਪੰਜਾਬ ਯੂਥ ਕਾਂਗਰਸ ਵੱਲੋਂ ਕੱਢੀ ਗਈ ਅੱਜ ਦੀ ਇਸ ਵਿਸ਼ਾਲ ਟ੍ਰੈਕਟਰ ਯਾਤਰਾ ਦੀ ਕਾਮਯਾਬੀ ਲਈ ਯੂਥ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰੈਲੀ ਨੇ ਜਿਥੇ ਤੁਹਾਡੀ ਆਪਣੀ ਤਾਕਤ ਵਧਾਈ ਹੈ ਉਥੇ ਹੀ ਸ੍ਰੀ ਰਾਹੁਲ ਗਾਂਧੀ ਦੇ ਵੀ ਹੱਥ ਮਜ਼ਬੂਤ ਕੀਤੇ ਹਨ। ਸ੍ਰੀ ਯਾਦਵ ਨੇ ਮੋਦੀ 'ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਜਿੱਥੇ ਦੇਸ਼ ਦੀ ਆਜ਼ਾਦੀ ਲਈ ਖ਼ੂਨ ਵਹਾਇਆ ਉਥੇ ਹੀ ਦੇਸ਼ ਨੂੰ ਵਿਕਸਤ ਵੀ ਕੀਤਾ, ਜਦੋਂ ਕਿ ਭਾਜਪਾ ਅੱਜ ਫੋਕੇ ਰਾਸ਼ਟਰਵਾਦ ਦੇ ਨਾਹਰੇ ਲਗਾ ਕੇ ਕਾਂਗਰਸ ਦੀ ਦੇਸ਼ ਭਗਤੀ 'ਤੇ ਉਂਗਲ ਉਠਾ ਰਹੀ ਹੈ। ਜਦੋਂਕਿ ਮੋਦੀ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਹਰ ਵਰਗ ਦਾ ਖ਼ੂਨ ਚੂਸਿਆ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਦੇਸ਼ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।
ਸ੍ਰੀ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਧੰਨ, ਨੋਟਬੰਦੀ, ਜੀ.ਐਸ.ਟੀ. ਕੀ ਹਰ ਗੱਲ 'ਤੇ ਲੋਕਾਂ ਨੂੰ ਬੇਵਕੂਫ਼ ਬਣਾਇਆ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਪੂਰੀ ਬੇਸਬਰੀ ਨਾਲ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਗਠਨ ਦੀ ਉਡੀਕ ਕਰ ਰਿਹਾ ਹੈ।
ਇੰਡੀਅਨ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਗ਼ੈਰਰਾਜਨੀਤਕ ਪਿਛੋਕੜ ਵਾਲੇ ਮਿਹਨਤਕਸ਼ ਆਗੂਆਂ ਨੂੰ ਅੱਗੇ ਲਿਆਂਦਾ ਹੈ, ਇਸ ਲਈ ਉਨ੍ਹਾਂ ਦੀ ਅਗਵਾਈ 'ਚ ਦੇਸ਼ ਦਾ ਭਵਿੱਖ ਸੁਰੱਖਿਅਤ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਕਸ਼ਮੀਰ ਤੋਂ ਲੈਕੇ ਕੰਨਿਆ ਕੁਮਾਰੀ ਤੱਕ ਦੇਸ਼ ਦੇ ਕੋਨੇ-ਕੋਨੇ 'ਚੋ ਮੋਦੀ ਵਿਰੋਧੀ ਆਵਾਜਾਂ ਆ ਰਹੀਆਂ ਹਨ।
ਅੱਜ ਦੇ ਇਸ ਟ੍ਰੈਕਟਰ ਮਾਰਚ ਨੂੰ ਕਾਮਯਾਬ ਕਰਨ ਵਾਲੇ ਯੂਥ ਆਗੂ ਸ੍ਰੀ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਸ੍ਰੀ ਜਾਖੜ ਅਤੇ ਸ੍ਰੀ ਯਾਦਵ ਦਾ ਸਵਾਗਤ ਕਰਦਿਆਂ ਵਿਸ਼ਵਾਸ਼ ਦਿੱਤਾ ਕਿ ਪਟਿਆਲਾ ਲੋਕ ਸਭਾ ਹਲਕੇ 'ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪੰਜਾਬ ਵਿੱਚੋਂ ਸਭ ਤੋਂ ਵੱਧ ਲੀਡ 'ਤੇ ਜਿਤਾਇਆ ਜਾਵੇਗਾ ਅਤੇ ਮੋਦੀ ਦੀ ਲੋਟੂ ਸਰਕਾਰ ਨੂੰ ਚਲਦਾ ਕੀਤਾ ਜਾਵੇਗਾ। 
ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਸ੍ਰੀ ਸ੍ਰੀਨਿਵਾਸ ਬੀ.ਵੀ., ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਗੁਰਦਾਸਪੁਰ ਦੇ ਵਿਧਾਇਕ ਸ੍ਰੀ ਗੁਰਿੰਦਰਜੀਤ ਸਿੰਘ ਪਾਹੜਾ, ਸ੍ਰੀ ਦੀਪਇੰਦਰ ਸਿੰਘ ਢਿੱਲੋਂ, ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸਮੇਤ ਯੂਥ ਕਾਂਗਰਸ ਦੇ ਲੋਕ ਸਭਾ ਪਟਿਆਲਾ ਹਲਕਾ ਪ੍ਰਧਾਨ ਸ੍ਰੀ ਧਨਵੰਤ ਸਿੰਘ ਜਿੰਮੀ ਡਕਾਲਾ, ਯੂਥ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਨਿਰਭੈ ਸਿੰਘ ਮਿਲਟੀ, ਸ੍ਰੀ ਗਗਨਦੀਪ ਸਿੰਘ ਜੌਲੀ, ਸ੍ਰੀ ਮੋਹਿਤ ਮਹਿੰਦਰਾ, ਸ੍ਰੀ ਰਿੱਕੀ ਮਾਨ, ਸ੍ਰੀ ਉਦੇਵੀਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ 'ਚ ਯੂਥ ਕਾਂਗਰਸ ਦੇ ਆਗੂ ਮੌਜੂਦ ਰਹੇ, ਇਨਾ੍ਹਂ ਦੀ ਮਿਹਨਤ ਦੀ ਬਦੌਲਤ ਇਹ ਮਾਰਚ ਬੇਹੱਦ ਕਾਮਯਾਬ ਰਿਹਾ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration