"/> ਵੱਡੀ ਮਾਤਰਾ ਵਿੱਚ ਕਣਕ ਦੀ ਬਰਾਮਦਗੀ ਦੇ ਬਾਵਜੂਦ ਕਾਰਵਾਈ ਨਾ ਹੋਣਾ ਬਣਿਆ ਬੁਝਾਰਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵੱਡੀ ਮਾਤਰਾ ਵਿੱਚ ਕਣਕ ਦੀ ਬਰਾਮਦਗੀ ਦੇ ਬਾਵਜੂਦ ਕਾਰਵਾਈ ਨਾ ਹੋਣਾ ਬਣਿਆ ਬੁਝਾਰਤ

Published On: punjabinfoline.com, Date: Jun 26, 2018

ਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਪਿੰਡ ਭਾਗੀਵਾਂਦਰ ਦੇ ਇੱਕ ਘਰੋਂ ਤਲਵੰਡੀ ਸਾਬੋ ਪੁਲਸ ਵੱਲੋਂ ਵੱਡੀ ਮਾਤਰਾ ਵਿੱਚ ਕਣਕ ਬਰਾਮਦ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦਾ ਮਾਮਲਾ ਬੁਝਾਰਤ ਬਣਦਾ ਜਾ ਰਿਹਾ ਹੈ ਹਾਲਾਂਕਿ ਸੂਤਰ ਦੱਸਦੇ ਹਨ ਕਿ ਜੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਤਾਂ ਵੱਡੇ ਘਪਲੇ ਤੋਂ ਪਰਦਾ ਉਠਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪੁਲਿਸ ਨੇ ਪਿੰਡ ਭਾਗੀਵਾਂਦਰ ਵਿਖੇ ਇੱਕ ਕਿਸਾਨ ਦੇ ਘਰ ਗੱਟਿਆਂ ਵਿੱਚ ਸਟੋਰ ਕਰਕੇ ਰੱਖੀ ਗਈ ਕਣਕ ਨੂੰ ਸ੍ਰੀ ਵਰਿੰਦਰ ਸਿੰਘ ਐਸ. ਡੀ. ਐਮ. ਤਲਵੰਡੀ ਸਾਬੋ ਦੀ ਸ਼ਿਕਾਇਤ ਤੋਂ ਬਾਅਦ ਛਾਪੇਮਾਰੀ ਉਪਰੰਤ ਤਲਵੰਡੀ ਸਾਬੋ ਥਾਣੇ ਲੈ ਆਂਦਾ ਸੀ। ਟਰਾਲੀ ਦੇ ਕਰੀਬ ਬਰਾਮਦ ਕੀਤੀ ਗਈ ਇਸ ਕਣਕ ਦਾ ਸਬੰਧ ਖੇਤੀਬਾੜੀ ਵਿਭਾਗ ਨਾਲ ਦੱਸਿਆ ਜਾ ਰਿਹਾ ਹੈ ਭਾਵੇਂ ਕਿ ਵਿਭਾਗੀ ਅਧਿਕਾਰੀ ਇਸ ਤੋਂ ਇਨਕਾਰ ਕਰ ਰਹੇ ਹਨ। ਭਰੋਸੇਯੋਗ ਸੂਤਰਾਂ ਮੁਤਾਬਕ ਕਣਕ ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਪਿੰਡ ਦੇ ਹੀ ਇੱਕ ਆੜਤੀਏ ਨੂੰ ਵੇਚੀ ਗਈ ਸੀ ਤੇ ਉਸ ਦੇ ਹੀ ਟਰੈਕਟਰ ਤੇ ਲਿਆਂਦੀ ਗਈ ਸੀ। ਜਿਸ ਦੀ ਸ਼ਿਕਾਇਤ ਐਸ. ਡੀ. ਐਮ ਤਲਵੰਡੀ ਸਾਬੋ ਨੂੰ ਕੀਤੀ ਗਈ ਸੀ। ਉਪਰੰਤ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਸਬੰਧਿਤ ਸਥਾਨ 'ਤੇ ਪੁੱਜ ਕੇ ਕਣਕ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਭਾਵੇਂ ਕਿ ਪੁਲਸ ਵੱਲੋਂ ਕਣਕ ਨੂੰ ਕਬਜੇ ਵਿੱਚ ਲਏ ਹੋਏ 24 ਘੰਟੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਾ ਲਿਆਉਣਾ ਮਾਮਲੇ ਸਬੰਧੀ ਕਈ ਸ਼ੰਕੇ ਖੜੇ ਕਰ ਰਿਹਾ ਹੈ, ਪੁਲਿਸ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਆੜਤੀਏ ਨੇ ਪੁਲਸ ਕੋਲ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਨੇ ਕੋਈ ਕਣਕ ਦੀ ਖਰੀਦ ਨਹੀ ਕੀਤੀ ਸਗੋਂ ਕਣਕ ਨੂੰ ਮੇਰੀ ਟਰੈਕਟਰ ਟਰਾਲੀ ਵਿੱਚ ਲਿਆਂਦਾ ਗਿਆ ਸੀ। ਉੱਧਰ ਥਾਣਾ ਮੁੱਖੀ ਜਗਦੀਸ਼ ਸ਼ਰਮਾਂ ਦੱਸਿਆ ਕਿ ਉਹਨਾਂ ਨੂੰ ਮਾਨਯੋਗ ਵਰਿੰਦਰ ਸਿੰਘ ਐਸ. ਡੀ. ਐਮ. ਤਲਵੰਡੀ ਸਾਬੋ ਨੇ ਮੌਕੇ ਬੁਲਾਇਆ ਸੀ ਤੇ ਕਣਕ ਨੂੰ ਆਪਣੇ ਕਬਜੇ ਵਿੱਚ ਲੈਣ ਦੇ ਹੁਕਮ ਦਿੱਤੇ ਸਨ ਉਹਨਾਂ ਦੱਸਿਆ ਕਿ ਅਸੀਂ ਕਣਕ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਰਵਾਈ ਕਰਨ ਲਈ ਐਸ. ਡੀ. ਐਮ. ਸਾਹਿਬ ਨੂੰ ਲਿਖ ਕੇ ਪੁੱਛਿਆ ਹੈ ਜੋ ਹੁਕਮ ਆਵੇਗਾ ਉਸ ਤੇ ਕਾਰਵਾਈ ਹੋ ਜਾਵੇਗੀ। ਵਰਿੰਦਰ ਸਿੰਘ ਐਸ. ਡੀ. ਐਮ. ਤਲਵੰਡੀ ਸਾਬੋ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਭਾਗੀਵਾਂਦਰ ਵਿਖੇ ਗੈਰਕਾਨੂੰਨੀ ਕਣਕ ਪਈ ਹੈ, ਜਿਸ ਦੀ ਅਸੀਂ ਪੜਤਾਲ ਕਰ ਰਹੇ ਹਾਂ ਕਿ ਇਹ ਕਿੱਥੋਂ ਆਈ, ਉਹਨਾਂ ਕਿਹਾ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਕਣਕ ਆਪਣੇ ਕਬਜੇ ਵਿੱਚ ਲੈ ਕੇ ਇਸ ਦੀ ਪੜਤਾਲ ਕਰੋ ਕਿ ਕਣਕ ਕਿਥੋਂ ਆਈ ਹੈ। ਜਦੋਂ ਮਾਮਲੇ ਸਬੰਧੀ ਖੇਤੀਬਾੜੀ ਅਫਸਰ ਗੁਰਮੇਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਬਰਾਮਦ ਕਣਕ ਦਾ ਖੇਤੀਬਾੜੀ ਵਿਭਾਗ ਨਾਲ ਕੋਈ ਸਬੰਧ ਨਹੀ ਹੈ। ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕਿ ਉਹ ਪਤਾ ਕਰੇ ਕਿ ਕਣਕ ਕਿਸਦੀ ਹੈ। ਅਧਿਕਾਰੀਆਂ ਵੱਲੋਂ ਇੱਕ ਦੂਜੇ ਤੇ ਜਿੰਮੇਵਾਰੀ ਸੁੱਟੇ ਜਾਣ ਨਾਲ ਉਕਤ ਮਾਮਲਾ ਬੁਝਾਰਤ ਬਣਦਾ ਨਜਰ ਆ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਬਰਾਮਦ ਕਣਕ ਤੇ ਪੁਲਿਸ ਕੋਈ ਕਾਰਵਾਈ ਕਰਦੀ ਹੈ ਜਾਂ ਇਹ ਮਾਮਲਾ ਵੀ ਵਿੱਚੇ ਵਿੱਚ ਦੱਬ ਦਿੱਤਾ ਜਾਵੇਗਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration