Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਇੱਕਾ ਦੁੱਕਾ ਘਟਨਾਵਾਂ ਦੇ ਚਲਦਿਆਂ ਅਮਨ ਅਮਾਨ ਨਾਲ ਨੇਪਰੇ ਚੜਿਆਂ ਵੋਟਾਂ ਪਾਉਣ ਦਾ ਕੰਮ। ਪਿੰਡ ਬਹਿਮਣ ਕੌਰ ਸਿੰਘ ਵਿਖੇ ਹੋਈ ਝੜਪ 'ਚ ਅਕਾਲੀ ਅਤੇ ਆਪ ਵਰਕਰ ਜ਼ਖਮੀ।

Published On: punjabinfoline.com, Date: Sep 19, 2018

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਭਾਵੇਂ ਇੱਕ ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ ਪਰ ਉਕਤ ਚੋਣਾਂ ਵਿੱਚ ਸੱਤਾਧਿਰ ਨੇ ਆਪਣੀ ਪਾਵਰ ਦੀ ਰੱਜ ਕੇ ਦੁਰਵਰਤੋਂ ਕਰਦਿਆਂ ਜਿੱਥੇ ਪਿੰਡ ਬਹਿਮਣ ਕੌਰ ਸਿੰਘ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕਰਕੇ ਜਖਮੀ ਕਰ ਦਿੱਤਾ ਉੱਥੇ ਕੁਝ ਪਿੰਡਾਂ ਦੇ ਬੁਥਾਂ ਤੇ ਕਬਜੇ ਕਰਕੇ ਜਾਅਲੀ ਵੋਟਾਂ ਪਾਈਆਂ ਤੇ ਕੁਝ ਬੂਥਾਂ ਤੇ ਕਬਜੇ ਦੀਆਂ ਕੋਸ਼ਿਸਾਂ ਵਿਰੋਧੀਆਂ ਨੇ ਤਕੜੇ ਹੋ ਕੇ ਅਸਫਲ ਬਣਾ ਦਿੱਤੀਆਂ। ਪੱਤਰਕਾਰਾਂ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਦੇ ਜੋਨਾਂ ਤੋਂ ਪ੍ਰਾਪਤ ਕੀਤੀਆਂ ਰਿਪੋਰਟਾਂ ਮੁਤਾਬਿਕ 12 ਵਜੇ ਤੱਕ ਇਹ ਵੋਟਾਂ ਬੜੀ ਧੀਮੀ ਗਤੀ ਨਾਲ ਪਈਆਂ ਪ੍ਰੰਤੂ ਪਾਰਟੀ ਵਰਕਰਾਂ ਅਤੇ ਉਮੀਦਵਾਰਾਂ ਦੀ ਭੱਜ ਦੌੜ ਨਾਲ ਵੋਟਾਂ ਪੈਣ ਦਾ ਕੰਮ 12 ਵਜੇ ਤੋਂ ਬਾਅਦ ਤੇਜੀ ਵੱਲ ਵੱਧਣ ਲੱਗਾ ਅਤੇ ਪੋਲਿੰਗ ਬੂਥਾਂ 'ਤੇ ਇਕੱਠ ਅਤੇ ਵੋਟਾਂ ਪਾਉਣ ਵਾਲਿਆਂ ਦੀਆਂ ਲਾਈਨਾਂ ਲੱਗਣੀਆਂ ਵੀ ਸ਼ੁਰੂ ਹੋਈਆਂ। ਭਾਵੇਂ ਇਸ ਵਾਰ ਸਰਕਾਰ ਵੱਲੋਂ ਮਰਦਾਂ ਦੇ ਬਰਾਬਰ ਔਰਤ ਉਮੀਦਵਾਰਾਂ ਨੂੰ 50 ਪ੍ਰਤੀਸ਼ਤ ਕੋਟਾ ਨਿਯੁਕਤ ਕਰਕੇ ਔਰਤਾਂ ਨੂੰ ਮੌਕਾ ਦਿੱਤਾ ਗਿਆ ਹੈ, ਪਰ ਇੰਨਾਂ ਚੋਣਾਂ 'ਚ ਵੋਟਾਂ ਪਾਉਣ ਦਾ ਜਿਆਦਾ ਰੁਝਾਨ ਮਰਦਾਂ ਦਾ ਹੀ ਰਿਹਾ। ਬੂਥਾਂ 'ਚ ਤੈਨਾਤ ਅਮਲੇ ਤੋਂ ਮਿਲੀ ਜਾਣਕਾਰੀ ਅਨੁਸਾਰ 2 ਵਜੇ ਤੱਕ ਵੋਟਾਂ ਪੈਣ ਦੀ ਗਿਣਤੀ ਲੱਗਭੱਗ 41 ਪ੍ਰਤੀਸ਼ਤ ਜਾ ਪਹੁੰਚੀ ਸੀ। ਆਪਣੀਆਂ ਪਾਰਟੀਆਂ ਦੇ ਪਿੰਡਾਂ ਦੇ ਵਰਕਰਾਂ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਉਤਸ਼ਾਹ ਜਿਵੇਂ ਵੱਧ ਰਿਹਾ ਸੀ ਉਸੇ ਤਰ੍ਹਾਂ ਹੀ ਬੂਥਾਂ 'ਤੇ ਵੀ ਹਰ ਤਰ੍ਹਾਂ ਦਾ ਰੁਝਾਨ ਵੱਧਣ ਲੱਗਾ। ਵੱਖ-ਵੱਖ ਪਿੰਡਾਂ 'ਚ ਜਿੱਥੇ ਮਰਦ, ਔਰਤਾਂ, ਨੌਜਵਾਨ ਵੋਟ ਪਾਉਣ ਲਈ ਆਏ ਉਥੇ ਵੱਡੀ ਉਮਰ ਦੇ ਬਜੁਰਗਾਂ ਨੇ ਵੋਟਾਂ ਪਾ ਕੇ ਨਿੱਜੀ ਦਿਲਚਸਪੀ ਵਿਖਾਈ। ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਜਗਾ ਰਾਮ ਤੀਰਥ ਵਿਖੇ ਵੋਟਾਂ ਪਾਈਆਂ। ਪੋਲਿੰਗ ਸਟੇਸ਼ਨਾਂ ਤੇ ਸੱਤਾਧਿਰ ਦੇ ਆਗੂਆਂ ਦੀ ਸਵੇਰ ਤੋਂ ਹੀ ਧੱਕੇਸ਼ਾਹੀ ਦਾ ਅਸਰ ਸਾਫ ਸਾਫ ਦਿਖਾਈ ਦਿੱਤਾ ਹਾਲਾਂਕਿ ਕਈਆਂ ਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਮਜਬੂਤ ਸਥਿੱਤੀ ਵਿੱਚ ਦਿਖਾਈ ਦਿੱਤਾ। ਮਿਲੀ ਸੂਚਨਾ ਅਨੁਸਾਰ ਪਿੰਡ ਲਹਿਰੀ ਵਿਖੇ ਇੱਕ ਵਿਆਹ ਵਾਲੇ ਲਾੜੇ ਨੇ ਵੀ ਬਰਾਤ ਚੜਣ ਤੋਂ ਪਹਿਲਾ ਵੋਟ ਪਾਉਣਾ ਜ਼ਰੂਰੀ ਸਮਝਿਆ। ਪਿੰਡਾਂ ਦੇ ਸਾਰੇ ਜ਼ੋਨਾਂ 'ਤੇ ਜਿੱਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਆਪਣੀ ਡਿਊਟੀ ਬਾਖੂਬ ਨਿਭਾਈ ਗਈ ਉਥੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਲੀਡਰਾਂ ਵੱਲੋਂ ਆਪਣੀ-ਆਪਣੀ ਪਾਰਟੀ ਦੇ ਬੂਥਾਂ ਨੂੰ ਚੈੱਕ ਕਰਨ ਦੀ ਦੌੜ ਵੀ ਬਣੀ ਰਹੀ। ਭਾਵੇਂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਨੁਮਾਇੰਦਿਆਂ 'ਤੇ ਧੱਕੇਸ਼ਾਹੀਆਂ ਕਰਨ ਦੇ ਦੋਸ਼ਾਂ ਦੀਆਂ ਅਫਵਾਹਾਂ ਦਾ ਬਜ਼ਾਰ ਵੀ ਗਰਮ ਰਿਹਾ ਪਰ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਚੱਲਦਾ ਰਿਹਾ ਅਤੇ ਪ੍ਰਸ਼ਾਨਿਕ ਅਧਿਕਾਰੀਆਂ ਤੇ ਤਾਇਨਾਤ ਚੋਣ ਅਮਲੇ ਵੱਲੋਂ ਵੀ ਬਿਨ੍ਹਾਂ ਕਿਸੇ ਪੱਖਪਾਤ ਅਤੇ ਨਿਰਪੱਖ ਤੌਰ ਆਪਣੀ ਡਿਊਟੀ ਬਾਖੂਬ ਨਿਭਾਈ। ਦੂਜੇ ਪਾਸੇ ਵੋਟਾਂ ਪੈਣ ਦੇ ਆਖੀਰ ਤੱਕ ਲੱਗਭੱਗ ਸੀਂਗੋ ਮੰਡੀ ਆਸ-ਪਾਸ ਜੋਨਾਂ ਤੇ 62 ਪ੍ਰਤੀਸ਼ਤ ਦੇ ਕਰੀਬ ਵੋਟ ਪੋਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਉਥੇ ਹਲਕੇ ਦੇ ਪਿੰਡ ਬੰਗੀ ਰੁਲਦੂ ਵਿਖੇ ਵੱਡੀ ਗਿਣਤੀ ਵਿੱਚ ਨੌਜਵਾਨ ਕਾਂਗਰਸੀ ਬੂਥ ਵਿੱਚ ਵੜ ਗਏ ਅਤੇ ਕਰੀਬ 34 ਬੈਲੇਟ ਪੇਪਰ ਪਾੜ ਕੇ ਲੈ ਗਏ ਇਸਦੀ ਪੁਸ਼ਟੀ ਉੱਥੇ ਤੈਨਾਤ ਪ੍ਰੀਜਾਈਡਿੰਗ ਅਫਸਰ ਕਾਲੂ ਰਾਮ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ। ਬਲਾਕ ਦੇ ਪਿੰਡ ਬਹਿਮਣ ਕੌਰ ਸਿੰਘ ਵਿੱਚ ਕਾਂਗਰਸੀਆਂ ਵੱਲੋਂ ਬੂਥ ਦੇ ਕਬਜੇ ਦੀ ਕੋਸ਼ਿਸ ਨੂੰ ਰੋਕਣ ਦੇ ਚਲਦਿਆਂ ਹੀ ਕਾਂਗਰਸੀ ਵਰਕਰਾਂ ਦੀ ਵਿਰੋਧੀਆਂ ਨਾਲ ਝੜਪ ਹੋ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਦੋ ਆਗੂ ਕੁਲਵੰਤ ਸਿੰਘ ਸਰਕਲ ਇੰਚਾਰਜ ਅਤੇ ਮਨਜੀਤ ਸਿੰਘ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਰਕਰ ਗਿਆਨ ਸਿੰਘ, ਵਜੀਰ ਸਿੰਘ, ਵਕੀਲ ਸਿੰਘ ਦੇ ਜਖਮੀ ਹੋਣ ਦੀ ਖਬਰ ਮਿਲੀ ਹੈ। ਇਸੇ ਤਰ੍ਹਾਂ ਪਿੰਡ ਮਾਨਵਾਲਾ, ਨਥੇਹਾ, ਗੋਲੇਵਾਲਾ ਤੇ ਗਹਿਲੇਵਾਲਾ ਵਿੱਚ ਵੀ ਜਾਅਲੀ ਵੋਟਾਂ ਭੁਗਤਾਏ ਜਾਣ ਦੀਆਂ ਖਬਰਾਂ ਮਿਲੀਆਂ ਹਨ। ਉੱਧਰ ਪਿੰਡ ਜਗਾ ਰਾਮ ਤੀਰਥ ਵਿੱਚ ਬੂਥ ਤੇ ਕਬਜੇ ਦੀ ਕੋਸ਼ਿਸ ਉਦੋਂ ਅਸਫਲ ਹੋ ਗਈ ਜਦੋਂ ਭਾਵੇਂ ਵੱਡੀ ਗਿਣਤੀ ਵਿੱਚ ਅਣਪਛਾਤੇ ਨੌਜਵਾਨ ਸਰਕਾਰੀ ਸਕੂਲ ਦੇ ਬਾਹਰ ਇਕੱਤਰ ਹੋ ਗਏ ਸਨ ਪਰ ਇਸ ਤੋਂ ਪਹਿਲਾਂ ਕਿ ਉਹ ਸਕੂਲ ਵਿੱਚ ਵੜਦੇ ਹਲਕੇ ਦੀ ਵਿਧਾਇਕਾ ਬਲਜਿੰਦਰ ਕੌਰ ਉੱਥੇ ਪੁੱਜ ਗਏ ਤੇ ਉਨਾਂ ਨੇ ਉਚ ਪੁਲਿਸ ਅਧਿਕਾਰੀਆਂ ਨੂੰ ਮੌਕੇ ਤੇ ਬੁਲਾਇਆ ਤੇ ਮੌਕੇ ਦੀ ਸਥਿੱਤੀ ਦੇਖਦਿਆਂ ਉਕਤ ਨੌਜਵਾਨ ਉੱਥੋਂ ਖਿਸਕ ਗਏ। ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਜਿੱਥੇ ਉਕਤ ਚੋਣ ਨੂੰ ਕਾਂਗਰਸੀਆਂ ਵੱਲੋਂ ਲੁੱਟ ਲੈਣਾ ਕਰਾਰ ਦਿੱਤਾ ਉੱਥੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਸਰਕਾਰੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਵਰਕਰਾਂ ਵੱਲੋਂ ਮੋਰਚੇ ਤੇ ਡਟੇ ਰਹਿਣ ਦੀ ਉਨਾਂ ਨੂੰ ਵਧਾਈ ਦਿੱਤੀ। ਇਨਾਂ ਦੇ ਉਲਟ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਹਲਕੇ ਵਿੱਚੋਂ 'ਆਪ' ਤੇ ਅਕਾਲੀ ਦਲ ਦਾ ਸਫਾਇਆ ਹੋ ਗਿਆ ਹੈ ਤੇ ਕਾਂਗਰਸ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories