ਅੱਜ ਖੁੱਲਣਗੇ ਉਮੀਦਵਾਰਾਂ ਦੀ ਕਿਸਮਤ ਦੇ ਦਰਵਾਜੇ, ਪ੍ਰਸ਼ਾਸਨ ਵੱਲੋਂ ਗਿਣਤੀ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ।
ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੀ 19 ਸਤੰਬਰ ਨੂੰ ਪਈਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸਮੁੱਚੇ ਸੂਬੇ ਵਿੱਚ ਅੱਜ 22 ਸਤੰਬਰ ਨੂੰ ਹੋ ਰਹੀ ਹੈ। ਹੋਰਨਾਂ ਖਿੱਤਿਆਂ ਵਾਂਗ ਹਲਕਾ ਤਲਵੰਡੀ ਸਾਬੋ ਦੇ ਤਿੰਨ ਜਿਲ੍ਹਾ ਪ੍ਰੀਸ਼ਦ ਜੋਨਾਂ ਅਤੇ 20 ਬਲਾਕ ਸੰਮਤੀ ਜੋਨਾਂ ਦੀਆਂ ਵੋਟਾਂ ਦੀ ਗਿਣਤੀ ਤਲਵੰਡੀ ਸਾਬੋ ਦੇ ਦਸ਼ਮੇਸ ਪਬਲਿਕ ਸਕੂਲ ਵਿਖੇ ਹੋਵੇਗੀ ਤੇ ਪ੍ਰਸ਼ਾਸਨ ਨੇ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ। ਹਲਕਾ ਤਲਵੰਡੀ ਸਾਬੋ ਅੰਦਰ ਤਿੰਨ ਜਿਲ੍ਹਾ ਪ੍ਰੀਸ਼ਦ ਜੋਨ ਅਤੇ 26 ਬਲਾਕ ਸੰਮਤੀ ਜੋਨ ਹਨ ਜਿਨ੍ਹਾਂ ਵਿੱਚੋਂ 22 ਬਲਾਕ ਸੰਮਤੀ ਜੋਨ ਤਲਵੰਡੀ ਸਾਬੋ ਬਲਾਕ ਵਿੱਚ ਆਂਉਦੇ ਹਨ ਜਦੋਂਕਿ 4 ਬਲਾਕ ਸੰਮਤੀ ਦੇ ਜੋਨ ਸੰਗਤ ਮੰਡੀ ਜੋਨ ਵਿੱਚ ਆਂਉਦੇ ਹਨ।ਤਲਵੰਡੀ ਸਾਬੋ ਬਲਾਕ ਵਿੱਚ ਆਂਉਦੇ 22 ਬਲਾਕ ਸੰਮਤੀ ਜੋਨਾਂ ਵਿੱਚੋਂ 2 ਜੋਨਾਂ ਕਮਾਲੂ ਅਤੇ ਲਾਲੇਆਣਾ ਵਿੱਚੋਂ ਕਾਂਗਰਸ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਸਨ ਸੋ ਜਿੱਥੇ ਬਲਾਕ ਸੰਮਤੀ ਦੇ 20 ਜੋਨਾਂ ਲਈ ਵੋਟਾਂ ਪਈਆਂ ਹਨ ਉੱਥੇ ਲਾਲੇਆਣਾ ਤੇ ਕਮਾਲੂ ਜੋਨ ਵਿੱਚ ਕੇਵਲ ਜਿਲ੍ਹਾ ਪ੍ਰੀਸ਼ਦ ਲਈ ਹੀ ਵੋਟਾਂ ਪਈਆਂ ਹਨ।ਚੋਣ ਅਧਿਕਾਰੀ ਕਮ ਐੱਸਡੀਐੱਮ ਤਲਵੰਡੀ ਸਾਬੋ ਸ੍ਰੀ ਬਰਿੰਦਰ ਕੁਮਾਰ ਦੇ ਦੱਸਣ ਮੁਤਾਬਿਕ ਤਲਵੰਡੀ ਸਾਬੋ ਵਿਖੇ ਜਿਲ੍ਹਾ ਪ੍ਰੀਸ਼ਦ ਦੇ ਤਿੰਨ ਜੋਨਾਂ ਅਤੇ 20 ਬਲਾਕ ਸੰਮਤੀ ਜੋਨਾਂ ਦੀਆਂ ਵੋਟਾਂ ਦੀ ਗਿਣਤੀ ਦਸ਼ਮੇਸ ਪਬਲਿਕ ਸਕੂਲ ਵਿੱਚ ਕੀਤੀ ਜਾਵੇਗੀ ਜਿਸ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨਾਂ ਦੱਸਿਆ ਕਿ ਗਿਣਤੀ ਲਈ 11 ਟੇਬਲ ਲਾਏ ਗਏ ਜਨ ਜਿੱਥੇ ਬੈਲੇਟ ਪੇਪਰਾਂ ਦੀ ਗਿਣਤੀ ਹੋਵੇਗੀ ਤੇ ਉਕਤ ਟੇਬਲਾਂ ਤੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਦਾ ਇੱਕ ਇੱਕ ਗਿਣਤੀ ਏਜੰਟ ਬੈਠੇਗਾ ਜਦੋਂਕਿ ਬਲਾਕ ਸੰਮਤੀ ਦੇ ਇੱਕ ਉਮੀਦਵਾਰ ਪਿੱਛੇ ਇੱਕ ਗਿਣਤੀ ਏਜੰਟ ਬੈਠੇਗਾ।ਉਨਾਂ ਦੱਸਿਆ ਕਿ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਆਰੰਭ ਕਰ ਦਿੱਤੀ ਜਾਵੇਗੀ ਤੇ 11 ਵਜੇ ਤੱਕ ਰੁਝਾਨ ਆਉਣੇ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਉੱਧਰ ਡੀਐੱਸਪੀ ਸ੍ਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਵੋਟਿੰਗ ਦੌਰਾਨ ਸਕੂਲ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਜਾਣਗੇ ਤੇ ਕਿਸੇ ਸ਼ਰਾਰਤੀ ਅਨਸਰ ਨੂੰ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ।ਉਕਤ ਗਿਣਤੀ ਦੇ ਨਾਲ ਹੀ ਜਿਲ੍ਹਾ ਪ੍ਰੀਸ਼ਦ ਤੇ ਤਿੰਨੇ ਜੋਨਾਂ ਤੋਂ ਕੁੱਲ 8 ਅਤੇ ਬਲਾਕ ਸੰਮਤੀ ਦੇ 20 ਜੋਨਾਂ ਤੋਂ ਕੁੱਲ 53 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।ਉਕਤ ਹਲਕੇ ਵਿੱਚ ਚੋਣਾਂ ਦੌਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਿੱਧਾ ਮੁਕਾਬਲਾ ਦਿਖਾਈ ਦਿੱਤਾ ਜਦੋਂਕਿ ਆਮ ਆਦਮੀ ਪਾਰਟੀ ਦੇ ਤਿੰਨ ਜਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਵਿੱਚੋਂ ਜਿੱਥੇ ਦੋ ਉਮੀਦਵਾਰ ਕਾਗਜ ਹੀ ਵਾਪਿਸ ਲੈ ਗਏ ਉੱਥੇ ਬਲਾਕ ਦੀਆਂ 22 ਬਲਾਕ ਸੰਮਤੀ ਜੋਨਾਂ ਵਿੱਚੋਂ 'ਆਪ' ਸਿਰਫ 14 ਉਮੀਦਵਾਰ ਹੀ ਖੜੇ ਕਰ ਸਕੀ ਸੀ ਜਿਸ ਕਾਰਣ ਤਿਕੋਣਾ ਮੁਕਾਬਲਾ ਸਿਰਫ ਕੁਝ ਹੀ ਸੀਟਾਂ ਤੱਕ ਸੀਮਿਤ ਰਹਿ ਗਿਆ ਸੀ।