"/> ਧੂਮਧਾਮ ਨਾਲ ਮਨਾਇਆ ਗਿਆ ਦਿਵਾਲੀ ਦਾ ਪਾਵਨ ਦਿਹਾੜਾ, ਤਖਤ ਸਾਹਿਬ 'ਤੇ ਲੋਕਾਂ ਜਗਾਏ ਦੀਪ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧੂਮਧਾਮ ਨਾਲ ਮਨਾਇਆ ਗਿਆ ਦਿਵਾਲੀ ਦਾ ਪਾਵਨ ਦਿਹਾੜਾ, ਤਖਤ ਸਾਹਿਬ 'ਤੇ ਲੋਕਾਂ ਜਗਾਏ ਦੀਪ।

ਅਦਾਲਤੀ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਚੱਲੇ ਪਟਾਕੇ, ਖੁੱਲੇ ਵਿੱਚ ਰੱਖ ਕੇ ਵੇਚੀਆਂ ਗਈਆਂ ਮਿਠਾਈਆਂ
Published On: punjabinfoline.com, Date: Nov 08, 2018

ਤਲਵੰਡੀ ਸਾਬੋ, 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੰਦੀਛੋੜ ਦਿਵਸ ਅਤੇ ਰੌਸ਼ਨੀਆਂ ਦਾ ਤਿਉਹਾਰ ਦਿਵਾਲੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੁੱਚੇ ਦੇਸ਼ ਵਾਂਗ ਤਲਵੰਡੀ ਸਾਬੋ ਵਾਸੀਆਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਲੋਕਾਂ ਵੱਲੋਂ ਆਪਣੇ ਘਰਾਂ ਦੇ ਨਾਲ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਦੀਪ ਜਲਾਏ ਗਏ। ਪੁਲਿਸ ਪ੍ਰਸ਼ਾਸਨ ਜਿੱਥੇ ਮਾਣਯੋਗ ਸਰਵਉੱਚ ਅਦਾਲਤ ਦੇ ਪਟਾਕੇ ਚਲਾਉਣ ਸਬੰਧੀ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਨਾਕਾਮ ਰਿਹਾ ਉੱਥੇ ਇਸ ਵਾਰ ਨਗਰ ਵਿੱਚ ਥਾਂ-ਥਾਂ ਮਠਿਆਈ ਵਿਕ੍ਰੇਤਾਵਾਂ ਨੇ ਖੁੱਲੇ ਵਿੱਚ ਰੱਖ ਕੇ ਮਠਿਆਈ ਵੇਚੀ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਰਿਹਾ। ਇਤਿਹਾਸਿਕ ਨਗਰ ਦੇ ਲੋਕਾਂ ਨੇ ਦਿਵਾਲੀ ਮੌਕੇ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਮੱਥਾ ਟੇਕਿਆ ਅਤੇ ਪਹਿਲਾਂ ਦੀਵੇ ਤਖਤ ਸਾਹਿਬ ਤੇ ਜਗਾਏ ਗਏ। ਦਿਵਾਲੀ ਮੌਕੇ ਹੀ ਮੱਸਿਆ ਹੋਣ ਕਾਰਨ ਵੱਡੀ ਗਿਣਤੀ ਸੰਗਤਾਂ ਨੇ ਦਿਨ ਵੇਲੇ ਤਖਤ ਸਾਹਿਬ ਦੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤਾ ਅਤੇ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਵਿਖੇ ਵੀ ਵੱਡੀ ਗਿਣਤੀ ਸੰਗਤਾਂ ਨੇ ਮੱਥਾ ਟੇਕਿਆ। ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬੰਦੀਛੋੜ ਦਿਵਸ ਨੂੰ ਸਮਰਪਿਤ ਕਰਕੇ ਧਾਰਮਿਕ ਦੀਵਾਨ ਵੀ ਸਜਾਏ ਗਏ ਜਿਸ ਵਿੱਚ ਸਿੱਖਾਂ ਦੇ ਛੇਵੇਂ ਗੁਰੁ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਵੱਲੋਂ ਦੀਵਾਲੀ ਮੌਕੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਛੁਡਵਾਉਣ ਸਬੰਧੀ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ। ਜਿੱਥੇ ਸੰਗਤਾਂ ਵੱਲੋਂ ਬੰਦੀ ਛੋੜ ਦਿਵਸ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ ਉੱਥੇ ਹਿੰਦੂ ਭਾਈਚਾਰੇ ਵੱਲੋਂ ਭਗਵਾਨ ਸ੍ਰੀ ਰਾਮ ਦੇ ਬਨਵਾਸ ਉਪਰੰਤ ਅਯੋਧਿਆ ਵਾਪਿਸ ਪਰਤਨ ਦੀ ਖੁਸ਼ੀ ਵਿੱਚ ਮਨਾਏ ਜਾਂਦੇ ਦੀਵਾਲੀ ਦੇ ਤਿਉਹਾਰ ਨੂੰ ਧੂੰਮਧਾਮ ਨਾਲ ਮਨਾਇਆ ਗਿਆ। ਦੀਵਾਲੀ ਮੌਕੇ ਇਸ ਵਾਰ ਸਥਾਨਕ ਪੁਲਿਸ ਪ੍ਰਸ਼ਾਸਨ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਸਿਰਫ ਸ਼ਾਮ ਨੂੰ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਫੇਲ੍ ਸਾਬਿਤ ਹੋਇਆ ਤੇ ਨਗਰ ਅੰਦਰ ਪਟਾਕੇ ਚਲਾਉਣ ਦਾ ਦੌਰ ਸ਼ਾਮ ਕਰੀਬ ਸੱਤ ਵਜੇ ਤੋਂ ਆਰੰਭ ਹੋ ਕੇ ਦੇਰ ਰਾਤ ਤੱਕ ਚੱਲਿਆ। ਦੂਜੇ ਪਾਸੇ ਨਗਰ ਅੰਦਰ ਇਸ ਵਾਰ ਪ੍ਰਸ਼ਾਸਨ ਦੀ ਲਾਪਰਵਾਹੀ ਵੀ ਦੇਖਣ ਨੂੰ ਮਿਲੀ ਤੇ ਸ਼ਹਿਰ ਅੰਦਰ ਕਈ ਥਾਵਾਂ 'ਤੇ ਮਠਿਆਈ ਸੜਕਾਂ ਕਿਨਾਰੇ ਸਟਾਲ ਲਗਾ ਕੇ ਖੁੱਲੇ ਵਿੱਚ ਵੇਚੀ ਗਈ ਤੇ ਧੂੜ ਮਿੱਟੀ ਨਾਲ ਲਬਰੇਜ ਖਾਣ ਵਾਲੀਆਂ ਵਸਤਾਂ ਦੀ ਵਿਕਰੀ ਰੋਕਣ ਲਈ ਪ੍ਰਸ਼ਾਸਨ ਕਿਤੇ ਨਜਰੀਂ ਨਹੀਂ ਪਿਆ। ਪਿਛਲੇ ਸਮੇਂ ਵਿੱਚ ਦਿਵਾਲੀ ਮੌਕੇ ਨਗਰ ਅੰਦਰ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਵੀ ਐਂਤਕੀ ਦੁਕਾਨਦਾਰਾਂ ਨੇ ਸਬਕ ਨਹੀਂ ਲਿਆ ਤੇ ਪਟਾਕਿਆਂ ਦੀ ਵਿਕਰੀ ਫਿਰ ਦੁਕਾਨਾਂ ਵਿੱਚ ਹੀ ਹੋਈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮਸਲੇ 'ਤੇ ਵੀ ਪੁਲਿਸ਼ ਪ੍ਰਸ਼ਾਸਨ ਨੇ ਅੱਖਾਂ ਮੀਟੀ ਰੱਖੀਆਂ। ਇਸ ਵਾਰ ਦੀਵਾਲੀ ਦਾ ਤਿਉਹਾਰ ਸੁੱਖ ਸ਼ਾਂਤੀ ਨਾਲ ਨੇਪਰੇ ਚੜ ਜਾਣ ਤੇ ਨਗਰ ਨਿਵਾਸੀਆਂ ਨੇ ਸੁਖ ਦਾ ਸਾਹ ਲਿਆ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration