Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦੁਬਈ ਦੀ ਧਰਤੀ ਤੇ ਵੱਸਦੇ ਗੁਰਸਿੱਖ ਵੀਰਾਂ ਵੱਲੋਂ ਵੱਡੀ ਲਹਿਰ ਸਿਰ ਦਾ ਤਾਜ ਦਸਤਾਰ ਦਾ ਅਗਾਜ਼

Published On: punjabinfoline.com, Date: Dec 13, 2018

ਤਲਵੰਡੀ ਸਾਬੋ, 13 ਦਸੰਬਰ (ਗੁਰਜੰਂਟ ਸਿੰਘ ਨਥੇਹਾ)- ਇਸ ਸਾਲ ਦੀ 28 ਦਸੰਬਰ ਨੂੰ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਦੇ ਸਮੂਹ ਵੀਰਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਮੌਕੇ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਗੁਰਸਿੱਖ ਵੀਰਾਂ, ਨੌਜਵਾਨਾਂ ਨੂੰ ਉਕਤ ਦਸਤਾਰ ਲਹਿਰ ਵੱਲੋਂ ਇਨਾਮ ਤਕਸੀਮ ਕੀਤੇ ਜਾਣਗੇ। ਸਾਡੇ ਪੱਤਰਕਾਰ ਨਾਲ ਦੁਬਈ ਤੋਂ ਫੋਨ 'ਤੇ ਜਾਣਕਾਰੀ ਸਾਂਝੀ ਕਰਦਿਆਂ ਦਸਤਾਰ ਲਹਿਰ ਦੇ ਪ੍ਰਚਾਰਕ ਭਾਈ ਪ੍ਰਗਟ ਸਿੰਘ ਮੋਗਾ ਨੇ ਦਿੱਤੀ। ਉਹਨਾਂ ਦੱਸਿਆ ਕਿ ਇੱਥੇ ਖਾਸ ਗੱਲ ਇਹ ਹੈ ਕਿ ਪਿਛਲੇ ਦੋ ਸਾਲ ਤੋਂ ਜਿੱਥੇ ਵੀਰਾਂ ਵੱਲੋਂ ਦਸਤਾਰ ਦੀ ਸਿਖ਼ਲਾਈ ਦਿੱਤੀ ਜਾਂਦੀ ਹੈ, ਉੱਥੇ ਸਿਰ ਦਾ ਤਾਜ ਦਸਤਾਰ ਦੀ ਅਹਿਮੀਅਤ, ਇਤਿਹਾਸ ਤੇ ਗੁਰਬਾਣੀ ਦੀ ਵੀਚਾਰ ਨਾਲ ਵੀ ਨੌਜਵਾਨ ਵੀਰਾਂ ਨੂੰ ਜੋੜਿਆ ਜਾਂਦਾ ਹੈ। ਉਹਨਾਂ ਪੰਜਾਬ ਦੀ ਨੌਜਵਾਨੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿੱਥੇ ਅੱਜ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਉਹਨਾਂ ਕਲਾਕਾਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਜਿੰਨਾ ਦੇ ਗੀਤਾਂ ਨੂੰ ਸੁਣ ਕੇ ਜਵਾਨੀ ਕੁਰਾਹੇ ਪੈਂਦੀ ਹੈ ਉਹਨਾਂ ਨੂੰ ਲੱਖਾਂ ਰੁਪਏ ਦੇ ਕੇ ਆਪਣੀ ਘਰ ਦੀ ਇੱਜਤ ਤਾਰ-ਤਾਰ ਕਰਵਾਈ ਜਾਂਦੀ ਹੈ, ਉੱਥੇ ਸਾਡਾ ਵੀ ਫਰਜ ਬਣਦਾ ਕਲਗੀਧਰ ਦੇ ਵਾਰਿਸਾਂ ਨੂੰ ਮਾਣ, ਉਤਸ਼ਾਹ ਦੇਣ ਦਾ ਉਪਰਾਲਾ ਕਰੀਏ ਤਾਂ ਜੋ ਉਹ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋ ਕੇ ਇਸ ਲੱਚਰਤਾ ਤੋਂ ਪਿੱਛਾ ਛੁਡਾ ਸਕਣ, ਇਹ ਨਾ ਹੋਵੇ ਕਿ ਸਾਡੀ ਸਾਰੀ ਜਿੰਦਗੀ ਦੂਜਿਆਂ ਨੂੰ ਗਲਤ ਕਹਿੰਦਿਆਂ ਲੰਘ ਜਾਵੇ। ਉਹਨਾਂ ਇਸ ਗੱਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਅਸੀਂ ਯਾਦ ਰੱਖੀਏ ਪਿਤਾ ਦਸਮੇਸ਼ ਜੀ ਨੇ ਚਾਰ ਪੁੱਤਰ ਕਿਸੇ ਧੜੇ ਵੱਲ ਹੱਥ ਕਰਕੇ ਨਹੀਂ ਸਨ ਵਾਰੇ ਉਹ ਸ਼ਹਾਦਤ ਮਨੁੱਖਤਾ ਲਈ ਸੀ ਸਾਡੇ ਲਈ ਸੀ। ਉਹਨਾਂ ਇਸ ਮੌਕੇ ਕਰਵਾਏ ਜਾ ਰਹੇ ਦਸਤਾਰ ਮੁਕਾਬਲੇ ਮੌਕੇ ਜੇਤੂ ਰਹਿਣ ਵਾਲੇ ਵੀਰਾਂ ਨੂੰ ਇਨਾਮ ਦੇਣ ਬਾਰੇ ਦੱਸਦਿਆਂ ਕਿਹਾ ਕਿ ਪਹਿਲਾ ਇਨਾਮ ਇੱਕ ਲਖ ਇਕਵੰਜਾ ਹਜ਼ਾਰ, ਦੂਜਾ ਇਨਾਮ ਇੱਕ ਲੱਖ ਇੱਕੀ ਹਜ਼ਾਰ ਦਿੱਤਾ ਜਾਵੇਗਾ ਜਦੋਂਕਿ ਤੀਸਰਾ ਇਨਾਮ ਇਕੱਨਵੇਂ ਹਜ਼ਾਰ, ਚੌਥਾ ਇਨਾਮ ਇਕਾਹਠ ਹਜ਼ਾਰ ਅਤੇ ਪੰਜਵੀਂ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵੀਰ ਨੂੰ ਭਾਰਤੀ ਕਰੰਸੀ ਅਨੁਸਾਰ ਇਕੱਤੀ ਹਜ਼ਾਰ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਅੰਤ ਵਿੱਚ ਦੇਸ਼-ਵਿਦੇਸ਼ ਵਿੱਚ ਵਸਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਰਲ-ਮਿਲ ਕੇ ਇਸ ਲਹਿਰ ਦਾ ਹਿੱਸਾ ਬਣੀਏ ਤਾਂ ਜੋ ਵਿਦੇਸ਼ਾਂ ਵਿੱਚ ਵੱਸਦੇ ਨੌਜਵਾਨ ਵੀਰਾਂ ਨੂੰ ਗੁਰਬਾਣੀ ਨਾਲ ਜੋੜਣ ਲਈ ਪ੍ਰੇਰਿਆ ਜਾ ਸਕੇ ਅਤੇ ਇਸ ਕਾਰਜ ਲਈ ਆਪ ਸਭ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories