Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭੀਮ ਸੈਨ ਸੱਚਰ ਨੂੰ ਯਾਦ ਕਰਦਿਆਂ

Published On: punjabinfoline.com, Date: Jan 14, 2019

ਭੀਮ ਸੈਨ ਸੱਚਰ ਆਜ਼ਾਦੀ ਪਿੱਛੋਂ (1947) ਦੇ ਪੰਜਾਬ ਦਾ ਦੂਜਾ ਮੁੱਖ ਮੰਤਰੀ ਹੋ ਗੁਜ਼ਰਿਆ ਹੈ। ਉਹ ਦੋ ਵੇਰ ਪੰਜਾਬ ਦਾ ਮੁੱਖ ਮੰਤਰੀ ਰਿਹਾ: ਪਹਿਲਾਂ 188 ਦਿਨਾਂ ਲਈ, ਫੇਰ 3 ਸਾਲ 281 ਦਿਨਾਂ ਲਈ। ਪਹਿਲੀ ਵਾਰ ਉਹ ਪੰਜਾਬ ਦੇ ਮੁੱਖ ਮੰਤਰੀ ਗੋਪੀਚੰਦ ਭਾਰਗਵ ਤੋਂ ਪਿੱਛੋਂ ਅਤੇ ਦੂਜੀ ਵਾਰ ਪੰਜਾਬ ਵਿੱਚ ਪਹਿਲੀ ਵਾਰ ੩੦੨ ਦਿਨਾਂ ਦੇ ਰਾਸ਼ਟਰਪਤੀ ਰਾਜ (20. 06. 1951 ਤੋਂ 17. 04. 1952 ਤੱਕ) ਤੋਂ ਪਿੱਛੋਂ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਇਆ। ਭੀਮ ਸੈਨ ਸੱਚਰ ਦਾ ਜਨਮ 1 ਦਸੰਬਰ 1894 ਈ. ਨੂੰ ਪੇਸ਼ਾਵਰ (ਪਾਕਿਸਤਾਨ) ਵਿਖੇ ਹੋਇਆ। ਬੀ. ਏ. ਤੇ ਲਾਅ ਪਾਸ ਕਰਨ ਪਿੱਛੋਂ ਉਹਨੇ ਕੁਝ ਚਿਰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਵਕਾਲਤ ਕੀਤੀ। ਉਹਨੂੰ ਭਾਰਤ ਦੇ ਸੁਤੰਤਰਤਾ- ਅੰਦੋਲਨ ਨੇ ਬਹੁਤ ਪ੍ਰਭਾਵਿਤ ਕੀਤਾ ਤੇ ਉਹ ਜਵਾਨੀ ਦੀ ਉਮਰ ਵਿੱਚ ਹੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ। 1921 ਈ. ਵਿੱਚ ਉਸਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਚੁਣਿਆ ਗਿਆ। ਇਸ ਦੌਰਾਨ 1947 ਈ. ਵਿੱਚ ਭਾਰਤ ਆਜ਼ਾਦ ਹੋ ਗਿਆ ਅਤੇ ਸੱਚਰ, ਪਾਰਟੀ ਦਾ ਇੱਕ ਮਹੱਤਵਪੂਰਨ ਮੈਂਬਰ ਬਣ ਗਿਆ। 1949 ਵਿੱਚ ਕਾਂਗਰਸ ਨੇ ਉਸਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਚੁਣਿਆ। 3 ਅਪਰੈਲ 1949 ਨੂੰ ਉਸ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਤੇ ਉਹ 18 ਅਕਤੂਬਰ 1949 ਤੱਕ ਇਸ ਅਹੁਦੇ ਤੇ ਰਿਹਾ। ਸੁਤੰਤਰ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਮਈ 1952 ਵਿੱਚ ਹੋਈਆਂ ਅਤੇ ਉਸੇ ਸਾਲ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਗਠਨ ਹੋਇਆ। ਇਸ ਸਮੇਂ ਕਾਂਗਰਸ ਪਾਰਟੀ ਨੇ ਪ੍ਰਾਂਤਕ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਅਤੇ ਸੱਚਰ ਨੂੰ ਦੁਬਾਰਾ 17 ਅਪ੍ਰੈਲ 1952 ਤੋਂ 23 ਜਨਵਰੀ 1952 ਤੱਕ ਮੁੱਖ ਮੰਤਰੀ ਦਾ ਅਹੁਦਾ ਪ੍ਰਾਪਤ ਹੋਇਆ। ਪਾਰਟੀ ਦੀ ਅੰਦਰੂਨੀ ਪਾਲਿਟਿਕਸ ਕਰਕੇ ਸੱਚਰ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਅਤੇ ਕੇਂਦਰੀ ਸਰਕਾਰ ਵੱਲੋਂ ਉਸ ਨੂੰ ਪਹਿਲਾਂ ਉੜੀਸਾ (1956 ਤੋਂ 1957 ਤੱਕ) ਅਤੇ ਪਿੱਛੋਂ ਆਂਧਰ ਪ੍ਰਦੇਸ਼ (1957 ਤੋਂ 1962 ਤੱਕ) ਦਾ ਗਵਰਨਰ ਥਾਪਿਆ ਗਿਆ। ਐਮਰਜੈਂਸੀ ਦੌਰਾਨ ਉਸ ਨੂੰ ਕਾਂਗਰਸ ਪਾਰਟੀ ਦੇ ਨਾਰਾਜ਼ ਆਗੂਆਂ ਨਾਲ (ਜਿਹੜੇ ਪਾਰਟੀ ਦੇ ਪੁਰਾਣੇ 'ਸਕੂਲ' ਨਾਲ ਸੰਬੰਧਿਤ ਸਨ) ਗ੍ਰਿਫ਼ਤਾਰ ਕਰਕੇ ਜੇਲ੍ਹ ਦੀ ਸਜ਼ਾ ਦਿੱਤੀ ਗਈ। ਇਹ ਉਹ ਲੋਕ ਸਨ, ਜੋ ਇੰਦਰਾ ਗਾਂਧੀ ਅਤੇ ਉਸਦੇ ਲੜਕੇ ਸੰਜੇ ਗਾਂਧੀ ਦੇ ਵਧਦੇ ਹੁਕਮਰਾਨਾਂ ਰਵੱਈਏ ਵਿੱਚ ਵਿਰੁੱਧ ਆਵਾਜ਼ ਉਠਾਉਂਦੇ ਸਨ। ਸੱਚਰ ਦੀ ਸ਼ਾਦੀ ਛੋਟੀ ਉਮਰ ਵਿੱਚ ਹੀ ਪਰਿਵਾਰ ਦੀ ਮਰਜ਼ੀ ਨਾਲ ਉਹਦੇ ਆਪਣੇ ਭਾਈਚਾਰੇ ਦੀ ਲੜਕੀ ਨਾਲ ਹੋ ਗਈ ਸੀ। ਉਸਦਾ ਲੜਕਾ ਰਾਜਿੰਦਰ ਸੱਚਰ (ਜਨਮ 1923) ਵਕੀਲ ਅਤੇ ਜੱਜ ਸੀ ਅਤੇ ਉਸ ਨੇ ਦਿੱਲੀ ਹਾਈਕੋਰਟ ਵਿੱਚ ਚੀਫ ਜਸਟਿਸ ਵਜੋਂ ਵੀ ਕੰਮ ਕੀਤਾ। ਰਾਜਿੰਦਰ ਸੱਚਰ ਮਸ਼ਹੂਰ 'ਸੱਚਰ ਕਮੇਟੀ' ਦਾ ਚੇਅਰਮੈਨ ਵੀ ਰਿਹਾ, ਜਿਸ ਨੇ ਭਾਰਤ ਦੀਆਂ ਧਾਰਮਿਕ ਘੱਟ ਗਿਣਤੀਆਂ ਦੇ ਸਟੇਟੱਸ ਬਾਰੇ ਪੱਖਪਾਤੀ ਰਿਪੋਰਟ ਪ੍ਰਸਤੁਤ ਕੀਤੀ ਸੀ। ਖੱਬੇ-ਪੱਖੀ ਵਿਚਾਰਧਾਰਾ ਦਾ ਸਮਰਥਕ ਭਾਰਤ ਦਾ ਚਰਚਿਤ ਪੱਤਰਕਾਰ ਕੁਲਦੀਪ ਨਈਅਰ ਸੱਚਰ ਦਾ ਜਵਾਈ ਸੀ। ਭੀਮ ਸੈਨ ਸੱਚਰ ਦਾ ਦੇਹਾਂਤ 83 ਸਾਲ ਦੀ ਉਮਰ ਵਿੱਚ 18 ਜਨਵਰੀ 1978 ਈ. ਨੂੰ ਹੋਇਆ।
ਡਾ. ਕੁਲਦੀਪ ਕੌਰ
ਐਸੋਸੀਏਟ ਪ੍ਰੋਫੈਸਰ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ
ਤਲਵੰਡੀ ਸਾਬੋ-151302 (ਬਠਿੰਡਾ) ਸੰਪਰਕ: 98784-32318

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories