ਝੀਂਗਾ ਫਾਰਮਿੰਗ ਨਾਲ ਕਿਸਾਨ ਕਮਾ ਸਕਦੇ ਹਨ ਚੰਗਾ ਮੁਨਾਫ਼ਾ- ਮੰਤਰੀ ਬਲਬੀਰ ਸਿੰਘ ਸਿੱਧੂ
ਮਾਨਸਾ, 14 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਝੀਂਗਾ ਕਿਸਮ ਦੀ ਮੱਛੀ ਪਾਲਣ ਸਬੰਧੀ ਬਲਾਕ ਝੁਨੀਰ ਦੇ ਪਿੰਡ ਝੇਰਿਆਂਵਾਲੀ ਵਿਖੇ ਕਿਸਾਨਾਂ ਲਈ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖਾਰੇ ਪਾਣੀ ਅਤੇ ਸੇਮ ਵਾਲਾ ਇਲਾਕਾ ਹੋਣ ਕਾਰਨ ਇਥੋਂ ਦਾ ਕਿਸਾਨ ਆਰਥਿਕ ਮੰਦਹਾਲੀ ਨਾਲ ਜੂਝਦਾ ਰਿਹਾ ਹੈ, ਕਿਉਂਕਿ ਇਥੋਂ ਦੀ ਜ਼ਮੀਨ ਖੇਤੀਬਾੜੀ ਯੋਗ ਨਾ ਹੋਣ ਕਾਰਨ ਫਸਲ ਪੈਦਾ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਖਾਰੇ ਪਾਣੀ ਵਾਲੀ ਜ਼ਮੀਨ ਝੀਂਗਾ ਫਾਰਮਿੰਗ ਲਈ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ੬ ਜ਼ਿਲ੍ਹਿਆਂ ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿਚ ਝੀਂਗਾ ਮੱਛੀ ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿਚ ਜੋ ਜਮੀਨ ਖਾਰਾਪਣ ਵਧਣ ਕਰਕੇ ਖੇਤੀਬਾੜੀ ਦੇ ਯੋਗ ਨਹੀਂ ਰਹੀ ਉਸ ਜ਼ਮੀਨ ਤੇ ਝੀਂਗਾ ਪਾਲਣ ਕਰਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਝੀਂਗਾ ਫਾਰਮਿੰਗ ਦੀ ਇਕ ਫਸਲ ਤੋਂ ਤਕਰੀਬਨ ਚਾਰ ਟਨ ਝੀਂਗੇ ਦਾ ਉਤਪਾਦਨ ਪ੍ਰਤੀ ਫਸਲ ਕੀਤਾ ਜਾ ਸਕਦਾ ਹੈ, ਜਿਸ ਤੋਂ ਤਰਕਰੀਬਨ 10-12 ਲੱਖ ਦੀ ਆਮਦਨ ਪ੍ਰਤੀ ਏਕੜ ਪ੍ਰਤੀ ਸਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਰਤ ਦੇ ਕੰਮ ਨਾਲ ਜੁੜੇ ਲੋਕਾਂ ਦੇ ਲਾਭਪਾਤਰੀ ਕਾਰਡ ਬਣਾਏ ਜਾਣ ਕਿਉਂਕਿ ਕਿਰਤ ਵਿਭਾਗ ਦੇ ਲਾਭਪਾਤਰੀਆਂ ਨੂੰ ਬਿਨਾ ਕਿਸੇ ਭੇਦਭਾਵ ਤੋਂ ਲਾਭ ਮੁਹੱਈਆ ਕਰਵਾਏ ਜਾਂਦੇ ਹਨ। ਉਨਾਂ ਕਿਹਾ ਕਿ ਇਕ ਕਿਸਾਨ ਦੇ ਪੁੱਤ ਹੋਣ ਦੇ ਨਾਮ ਤੇ ਉਨ੍ਹਾਂ ਦਾ ਫਰਜ਼ ਹੈ ਕਿ ਪੰਜਾਬ ਸਰਕਾਰ ਦੁਆਰਾ ਸੂਬੇ ਨੂੰ ਨਸ਼ਾ ਮੁਕਤ, ਕਰਜਾ ਮੁਕਤ ਅਤੇ ਖੁਦਕੁਸ਼ੀ ਮੁਕਤ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਇਸ ਨਾਅਰੇ ਨੂੰ ਪੂਰੇ ਪੰਜਾਬ ਵਿਚ ਬੁਲੰਦ ਕਰਨਗੇ। ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫਰ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰਾਂ ਉਨ੍ਹਾਂ ਦੁਆਰਾ ਖੁਦ ਮੱਛੀ ਪਾਲਣ, ਪਸ਼ੂ ਪਾਲਣ ਵਿਚ ਦਿਲਚਸਪੀ ਲੈ ਕੇ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਤਰਾਂ ਆਉਣ ਵਾਲੇ ਦੋ ਸਾਲਾਂ ਵਿਚ ਝੀਂਗਾ ਫਾਰਮਿੰਗ ਵਿਚ ਇਨਕਲਾਬ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿਚ ਸਬਸਿਡੀ ਬਹੁਤ ਹੈ, ਸਿਰਫ਼ ਜ਼ਮੀਨ ਕਿਸਾਨ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਪੰਜਾਬ ਸ. ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਂਹ ਫੜ੍ਹੀ ਹੈ ਤਾਂ ਜੋ ਕਿਸਾਨੀ ਨੂੰ ਮੁੜ ਤੋਂ ਖੁਸ਼ਹਾਲ ਕੀਤਾ ਜਾ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਡਾ. ਮਦਨ ਮੋਹਨ ਨੇ ਕਿਹਾ ਕਿ ਪੰਜਾਬ ਦੇ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਝੀਂਗਾ ਕਿਸਮ ਦੀ ਮੱਛੀ ਪਾਲਣ ਦੀ ਲਈ ਫਾਇਦੇਮੰਦ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਦੇ 250 ਏਕੜ ਰਕਬੇ ਵਿਚ ਝੀਂਗੇ ਦੀ ਫਾਰਿਮੰਗ ਕੀਤੀ ਗਈ। ਇਸ ਸਾਲ ਪੰਜਾਬ ਵਿਚ ਕੁੱਲ 500 ਟਨ ਝੀਂਗੇ ਦੀ ਪੈਦਾਵਾਰ ਹੋਈ। ਮਾਨਸਾ ਜ਼ਿਲ੍ਹੇ ਵਿਚ ਇਸ ਸਾਲ ਪਹਿਲੀ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਮੀਨਾਂ ਵਿਚ ਕਿਸਾਨਾਂ ਨੇ 25 ਏਕੜ ਰਕਬੇ ਵਿਚ ਝੀਂਗੇ ਦੀ ਕਾਸ਼ਤ ਕੀਤੀ ਅਤੇ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਮੀਨਾਂ ਵਿਚ ਝੀਂਗਾ ਫਾਰਮਿੰਗ ਕਰਨ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਖਾਰੇਪਾਣੀ ਵਿਚ ਝੀਂਗਾ ਫਾਰਮਿੰਗ ਕਰਨ ਅਤੇ ਝੀਂਗਾ ਪਾਲਣ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਸਬੰਧੀ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਡਾ. ਮਨੋਜ ਬਾਲਾ ਬਾਂਸਲ, ਸਾਬਕਾ ਪ੍ਰਧਾਨ ਬਿਕਰਮ ਸਿੰਘ ਮੋਫ਼ਰ, ਐਸ. ਡੀ. ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਡਾਇਰੈਕਟਰ ਡੇਅਰੀ ਤੇ ਵਿਕਾਸ ਸ੍ਰੀ ਇੰਦਰਜੀਤ ਸਿੰਘ, ਕਿਰਤ ਵਿਭਾਗ ਤੋਂ ਸਹਾਇਕ ਲੇਬਰ ਕਮਿਸ਼ਨਰ ਜੰਗੀਰ ਸਿੰਘ ਭੰਗੂ, ਡਿਪਟੀ ਡਾਇਰੈਕਟਰ ਪਸ਼ੁ ਪਾਲਣ ਗੁਰਪਾਲ ਸਿੰਘ ਵਾਲੀਆ, ਸਹਾਇਕ ਡਾਇਰੈਕਰ ਮੱਛੀ ਪਾਲਣ ਸੁਖਵਿੰਦਰ ਸਿੰਘ, ਵਿਦਿਆ ਸਾਗਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਸਵਿੰਦਰ ਕੌਰ ਮੀਆਂ, ਸਰਪੰਚ ਪਿੰਡ ਬਾਜੇਵਾਲਾ ਪੋਹਲੋਜੀਤ ਸਿੰਘ, ਸੀ. ਆਈ. ਐਫ਼. ਈ ਰੋਹਤਕ ਅਤੇ ਸੀਫਾ ਦੇ ਸਾਇੰਸਦਾਨ ਡਾ. ਹਰੀ ਕ੍ਰਿਸ਼ਨ ਅਤੇ ਡਾ. ਮੁਕੇਸ਼ ਕੁਮਾਰ ਤੋਂ ਇਲਾਵਾ ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ, ਸਰਪੰਚ ਕੁਲਵਿੰਦਰ ਸਿੰਘ ਘੋਨਾ ਰਾਏਪੁਰ, ਸਰਪੰਚ ਗੁਰਵਿੰਦਰ ਸਿੰਘ ਰਾਏਪੁਰ-2, ਕੁਲਦੀਪ ਸਿੰਘ ਰੰਧਾਵਾ ਝੇਰਿਆਂਵਾਲੀ, ਟੇਕ ਸਿੰਘ ਧਾਲੀਵਾਲ ਬੀਰੇਵਾਲਾ ਜੱਟਾਂ, ਪ੍ਰਧਾਨ ਅਵਤਾਰ ਸਿੰਘ, ਜਸਵਿੰਦਰ ਸਿੰਘ ਜੌੜਕੀਆਂ, ਸਰਪੰਚ ਸਰਬਜੀਤ ਸਿੰਘ ਮੀਆਂ, ਜਿਲਾ ਪ੍ਰੀਸ਼ਦ ਮੈਂਬਰ ਜਸਪਿੰਦਰ ਕੌਰ ਮੀਆਂ, ਜਸਵੰਤ ਸਿੰਘ ਮਿੰਟੂ, ਰਾਵਲ ਸਿੰਘ, ਬਿੱਕਰ ਸਿੰਘ, ਜਗਪਾਲ ਸਿੰਘ, ਅਵਤਾਰ ਸਿੰਘ, ਅਜੈਬ ਸਿੰਘ ਚਚੋਹਰ, ਸਰਪੰਚ ਰਣਜੀਤ ਸਿੰਘ ਉੱਡਤ ਭਗਤ ਰਾਮ, ਸੁਖਵਿੰਦਰ ਸਿੰਘ ਰਾਮਾਨੰਦੀ, ਠੇਕੇਦਾਰ ਬਲਰਾਜ ਸਿੰਘ ਬੀਰੇਵਾਲਾ ਜੱਟਾਂ ਆਦਿ ਅਗਾਂਹਵਧੂ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਤੋ ਉਪਰੰਤ ਉਹ ਮਹਰੂਮ ਐਮਪੀ ਬਠਿੰਡਾ ਹਾਕਮ ਸਿੰਘ ਮੀਆਂ ਦੇ ਘਰ ਪਿੰਡ ਮੀਆਂ ਵਿਖੇ ਵੀ ਉਹਨਾਂ ਦੇ ਪਰਿਵਾਰ ਨੂੰ ਮਿਲਣ ਲਈ ਪੁੱਜੇ। ਆਖਰ 'ਚ ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ ਨੇ ਜਿੱਥੇ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੂੰ ਇੱਕ ਯਾਦਗਾਰ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ।