'ਸ਼ਬਦ ਗੁਰੁ ਯਾਤਰਾ' ਦੇਰ ਸ਼ਾਮ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੀ, ਸੰਗਤਾਂ ਨੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਕੀਤੇ ਦਰਸ਼ਨ। 12 ਨੂੰ ਅਗਲੇ ਮੁਕਾਮ ਲਈ ਰਵਾਨਾ ਹੋਵੇਗੀ ਧਾਰਮਿਕ ਯਾਤਰਾ।
ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੀ ਜਾ ਰਹੀ 'ਸ਼ਬਦ ਗੁਰੂ ਯਾਤਰਾ' ਅੱਜ ਦੇਰ ਸ਼ਾਮ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੀ ਜਿੱਥੇ ਰਾਤ ਦੇ ਪੜਾਅ ਉਪਰੰਤ 12 ਫਰਵਰੀ ਨੂੰ ਭਲਕੇ ਉਹ ਆਪਣੇ ਅਗਲੇ ਮੁਕਾਮ ਲਈ ਰਵਾਨਾ ਹੋ ਜਾਵੇਗੀ। ਅੱਜ ਸਭ ਤੋਂ ਪਹਿਲਾਂ ਹਲਕਾ ਤਲਵੰਡੀ ਸਾਬੋ ਦੀ ਹੱਦ ਵਿੱਚ ਪ੍ਰਵੇਸ਼ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਇਕੱਤਰ ਹੋਏ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਅਕਾਲੀ ਵਰਕਰਾਂ ਨੇ ਯਾਤਰਾ ਦੇ ਫੁੱਲਾਂ ਦੀ ਵਰਖਾ ਕਰਦਿਆਂ ਵੱਖ ਵੱਖ ਪਦਾਰਥਾਂ ਦੇ ਲੰਗਰ ਵੀ ਲਗਾਏ।ਇਸ ਮੌਕੇ ਸਾਬਕਾ ਵਿਧਾਇਕ ਸਿੱਧੂ ਨੇ ਪੰਜ ਪਿਆਰਿਆਂ ਅਤੇ ਯਾਤਰਾ ਵਿੱਚ ਸ਼ਾਮਿਲ ਧਾਰਮਿਕ ਸਖਸ਼ੀਅਤਾਂ ਨੂੰ ਸਿਰੋਪੇ ਭੇਂਟ ਕੀਤੇ। ਪਿੰਡ ਜੀਵਨ ਸਿੰਘ ਵਾਲਾ ਵਿੱਚ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਬੀਬੀਆਂ ਹਾਜਿਰ ਸਨ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਯਾਤਰਾ ਵਿੱਚ ਸ਼ਮੂਲੀਅਤ ਕਰਦਿਆਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਉੱਥੇ ਨਾਲ ਚੱਲ ਰਹੀ ਪਾਰਦਰਸ਼ੀ ਬੱਸ ਵਿੱਚ ਸ਼ੁਸੋਭਿਤ ਗੁਰੁ ਸਾਹਿਬਾਨ ਦੇ ਸ਼ਸਤਰਾਂ ਦੇ ਵੀ ਦਰਸ਼ਨ ਕੀਤੇ।ਵੱਖ ਵੱਖ ਥਾਵਾਂ ਤੇ ਭਰਵੇਂ ਸਵਾਗਤ ਉਪਰੰਤ ਦੇਰ ਸ਼ਾਮ 'ਸ਼ਬਦ ਗੁਰੁ ਯਾਤਰਾ' ਤਖਤ ਸ੍ਰੀ ਦਮਦਮਾ ਸਾਹਿਬ ਪੁੱਜੀ। ਤਖਤ ਸਾਹਿਬ ਪੁੱਜਣ ਤੇ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਯਾਤਰਾ ਦਾ ਖਾਲਸਾਈ ਜਾਹੋ ਜਲਾਲ ਨਾਲ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ। ਯਾਤਰਾ ਅੱਗੇ ਜਿੱਥੇ ਦਮਦਮਾ ਸਾਹਿਬ ਗੱਤਕਾ ਅਖਾੜਾ ਤੇ ਗੁਰੁ ਕਾਸ਼ੀ ਗੁਰਮਤਿ ਇੰਸਟੀਚੂਟ ਦੇ ਵਿਦਿਆਰਥੀ ਨੇ ਸਿੱਖ ਮਾਰਸ਼ਲ ਖੇਡ ਗੱਤਕੇ ਦੇ ਜੌਹਰ ਦਿਖਾਏ ਉੱਥੇ ਯਾਤਰਾ ਦੇ ਅੱਗੇ ਚੱਲ ਰਿਹਾ ਖਾਲਸਾਈ ਬੈਂਡ ਮਨਮੋਹਕ ਧੁਨਾਂ ਵਿਖੇਰ ਰਿਹਾ ਸੀ। ਤਖਤ ਸਾਹਿਬ ਵਿਖੇ ਯਾਤਰਾ ਦੇ ਪੁੱਜਣ ਮੌਕੇ ਆਤਿਸ਼ਬਾਜੀ ਵੀ ਕੀਤੀ ਗਈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਤੋਂ ਇਲਾਵਾ ਯਾਤਰਾ ਵਿੱਚ ਸ਼ਾਮਿਲ ਧਾਰਮਿਕ ਸਖਸ਼ੀਅਤਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਹਲਕੇ ਦੇ ਸਾਬਕਾ ਵਿਧਾਇਕ ਸਿੱਧੂ ਨੂੰ ਸਿਰੋਪਾਓ ਦੀ ਬਖਸ਼ਿਸ ਕੀਤੀ। ਸਿੰਘ ਸਾਹਿਬ ਵੱਲੋਂ ਅਰਦਾਸ ਉਪਰੰਤ ਪਾਲਕੀ ਵਿੱਚ ਸ਼ੁਸੋਭਿਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੁਖਆਸਨ ਕਰ ਦਿੱਤੇ ਗਏ ਤੇ ਯਾਤਰਾ ਨੇ ਪੜਾਅ ਲਾਇਆ। ਸਿੰਘ ਸਾਹਿਬ ਨੇ ਦੱਸਿਆ ਕਿ 12 ਫਰਵਰੀ ਨੂੰ ਸਵੇਰੇ ੯ ਵਜੇ ਯਾਤਰਾ ਅਗਲੇ ਪੜਾਅ ਲਈ ਰਵਾਨਾ ਹੋ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਨੇ ਦੱਸਿਆ ਕਿ ਯਾਤਰਾ ਦੇ ਅਗਲੇ ਪੜਾਅ ਲਈ ਵੀ ਵੱਖ-ਵੱਖ ਹਲਕਿਆਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਲੋੜੀਂਦੇ ਪ੍ਰਬੰਧ ਕਰ ਦਿੱਤੇ ਗਏ ਹਨ ਜਦੋਂਕਿ ਸਾਬਕਾ ਵਿਧਾਇਕ ਸਿੱਧੂ ਨੇ ਦੱਸਿਆ ਕਿ ਅਗਲੇ ਪੜਾਅ ਦੌਰਾਨ 12 ਫਰਵਰੀ ਨੂੰ ਯਾਤਰਾ ਦਾ ਪਿੰਡ ਫਤਿਹਗੜ ਨੌ ਆਬਾਦ ਤੇ ਪਿੰਡ ਜਗਾ ਰਾਮ ਤੀਰਥ ਵਿੱਚ ਅਕਾਲੀ ਵਰਕਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਜਿੱਥੋਂ ਯਾਤਰਾ ਸਰਦੂਲਗੜ ਹਲਕੇ ਵਿੱਚ ਪ੍ਰਵੇਸ਼ ਕਰ ਜਾਵੇਗੀ। ਇਸ ਮੌਕੇ ਸਾਬਕਾ ਵਿਧਾਇਕ ਸਿੱਧੂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ, ਜਥੇਦਾਰ ਗੁਰਤੇਜ ਸਿੰਘ ਢੱਡੇ, ਭਾਈ ਜਗਸੀਰ ਸਿੰਘ ਮਾਂਗੇਆਣਾ,ਬੀਬੀ ਜੋਗਿੰਦਰ ਕੌਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ,ਭਾਈ ਕਰਨ ਸਿੰਘ ਮੈਨੇਜਰ ਤਖਤ ਸਾਹਿਬ, ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ, ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਗੋਲਡੀ ਸਿੱਧੂ ਪਥਰਾਲਾ, ਸੁਰਿੰਦਰ ਨੰਬਰਦਾਰ ਡੂੰਮਵਾਲੀ, ਸੁਖਬੀਰ ਸਿੰਘ ਚੱਠਾ, ਅਵਤਾਰ ਸਿੰਘ ਮੈਨੂੰਆਣਾ, ਤੇਜਾ ਸਿੰਘ ਮਲਕਾਣਾ, ਹਰਮੋਹਿੰਦਰ ਸਿੰਘ, ਨਿੱਪੀ ਮਲਕਾਣਾ, ਹੈਪੀ ਸਾਬਕਾ ਸਰਪੰਚ ਜੀਵਨ ਸਿੰਘ ਵਾਲਾ, ਮੋਤੀ ਸਿੰਘ ਭਾਗੀਵਾਂਦਰ, ਪਾਲੀ ਸਿੰਘ ਗਿੱਲ, ਚਰਨਾ ਸਿੰਘ ਭਾਗੀਵਾਂਦਰ, ਸੁਰਿੰਦਰਪਾਲ ਸਿੰਘ ਜੀਵਨ ਸਿੰਘ ਵਾਲਾ, ਕੁਲਦੀਪ ਸਿੰਘ ਭੁੱਖਿਆਂਵਾਲੀ, ਹਰਪਾਲ ਸਿੰਘ ਵਿਰਕ, ਕਰਮਜੀਤ ਸਿੰਘ ਬਿੱਲਾ ਬਾਬਾ, ਭਿੰਦਾ ਜੱਜਲ, ਇਸਤਰੀ ਅਕਾਲੀ ਦਲ ਦੀ ਦ੍ਰੋਪਦੀ ਕੌਰ, ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਸੁਖਮੰਦਿਰ ਸਿੰਘ ਭਾਗੀਵਾਂਦਰ, ਅਵਤਾਰ ਸਿੰਘ ਸਰਪੰਚ ਜੀਵਨ ਸਿੰਘ ਵਾਲਾ, ਮਾਨ ਦਲ ਆਗੂ ਅਵਤਾਰ ਸਿੰਘ ਚੋਪੜਾ ਸਾਬਕਾ ਉਪ ਚੇਅਰਮੈਨ ਆਦਿ ਆਗੂ ਹਾਜਿਰ ਸਨ।