ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਾਲਵਾ ਜੋਨ ਦਾ ਹਫਤਾਵਾਰੀ ਸਮਾਗਮ ਹੋਇਆ।

Date: 25 August 2019
GURJANT SINGH, BATHINDA
191 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, 10 ਅਕਤੂਬਰ ਨੂੰ ਹੋਵੇਗਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਮੇਲਨ।

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਗੁਰਮਤਿ ਪ੍ਰਚਾਰ ਲਹਿਰ ਅਤੇ ਹਫ਼ਤਾਵਾਰੀ ਸਮਾਗਮਾਂ ਦੀ ਲੜੀ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 83ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵਹੀਰ ਵਿੱਚ ਸ਼ਾਮਲ ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ ਅਤੇ ਪ੍ਰਚਾਰਕ ਆਪੋ ਆਪਣੇ ਹਲਕੇ ਦੀਆਂ ਸੰਗਤਾਂ ਸਮੇਤ ਸ਼ਾਮਿਲ ਹੋਏ। ਹਫ਼ਤਾਵਾਰੀ ਗੁਰਮਤਿ ਸਮਾਗਮ ਵਿੱਚ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਜਗਸੀਰ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਗੁਰਦਾਸ ਸਿੰਘ ਗੋਸਲ, ਭਾਈ ਚਮਕੌਰ ਸਿੰਘ ਕਕਰਾਲਾ ਢਾਡੀ ਜਥੇ, ਭਾਈ ਬਲਵਿੰਦਰ ਸਿੰਘ ਭਾਗੀਕੇ ਅਤੇ ਭਾਈ ਮੋਹਣ ਸਿੰਘ ਨਰਿੰਦਰਪੁਰਾ ਪ੍ਰਚਾਰਕਾਂ ਵੱਲੋਂ ਗੁਰ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਭੋਲਾ ਸਿੰਘ ਹੀਰੇਵਾਲਾ ਇੰਚਾਰਜ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਮਾਲਵਾ ਜੋਨ ਵਿੱਚ ਸੇਵਾਵਾਂ ਨਿਭਾਅ ਰਹੇ ਪ੍ਰਚਾਰਕਾਂ, ਢਾਡੀਆਂ ਤੇ ਕਵੀਸ਼ਰਾਂ ਵਲੋਂ ਪਿੰਡ-ਪਿੰਡ ਜਾ ਕੇ ਸੰਗਤਾਂ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਰਹਿਤ ਮਰਿਯਾਦਾ ਤੋਂ ਜਾਣੂ ਕਰਵਾਇਆ ਜਾਂਦਾ ਹੈ। ਹਲਕਾ ਮਾਨਸਾ ਤੋਂ ਸਮਾਗਮ ਵਿੱਚ ਸੰਗਤ ਲੈ ਕੇ ਪੁੱਜੇ ਜਥੇਦਾਰ ਮਿੱਠੂ ਸਿੰਘ ਕਾਹਨੇਕੇ ਮੈਂਬਰ ਸ਼੍ਰੋ. ਗੁ. ਪ੍ਰ. ਕਮੇਟੀ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਪਿੰਡ ਆਲੀਕਾ (ਮਾਨਸਾ) ਤੋਂ ਅੰਮ੍ਰਿਤ ਪਾਨ ਕਰਨ ਲਈ ਪੁੱਜੀ ਸੰਗਤ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਕਕਾਰ ਦਿੱਤੇ ਗਏ। ਭਾਈ ਪਰਮਜੀਤ ਸਿੰਘ ਸਰੋਆ ਵੱਲੋਂ ਹਫਤਾਵਾਰੀ ਸਮਾਗਮਾਂ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਆਈਆਂ ਸੰਗਤਾਂ, ਢਾਡੀ ਜਥਿਆਂ ਅਤੇ ਮਾਲਵਾ ਜੋਨ ਦੇ ਸਮੂਹ ਪ੍ਰਚਾਰਕਾਂ ਦਾ ਇਸ ਸਮਾਗਮ ਦੀ ਸਫਲਤਾ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ਮੌਕੇ 191 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਹਨਾਂ ਨੇ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਵੱਜੋਂ 10 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਹੋਰ ਸੰਗਤਾਂ ਨੂੰ ਵੀ ਆਉਦੇ ਸਮਾਗਮਾਂ ਵਿੱਚ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਭਾਈ ਕਰਨ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਮਨਪ੍ਰੀਤ ਸਿੰਘ ਭਲਵਾਨ, ਭਾਈ ਦਲਵਾਰਾ ਸਿੰਘ, ਭਾਈ ਹਰਬੰਸ ਸਿੰਘ, ਭਾਈ ਬਲਵੀਰ ਸਿੰਘ ਰਾਏਪੁਰ, ਭਾਈ ਸਵਰਨ ਸਿੰਘ ਮੂਸਾ, ਭਾਈ ਦਾਰਾ ਸਿੰਘ, ਭਾਈ ਬਲਵੀਰ ਸਿੰਘ ਚੀਮਾ ਤੇ ਭਾਈ ਸਵਰਨ ਸਿੰਘ ਮੂਸਾ ਆਦਿ ਹਾਜਰ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com