Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜੁਡੀਸ਼ੀਅਲ ਅਦਾਲਤ ਚ ਜ਼ਹਿਰ ਪਿਆਲਾ ਪੀਣ ਵਾਲਾ ਕਿਸਾਨ ਮੌਤ ਹੱਥੋਂ ਹਾਰਿਆ। ਸਿਰੇ ਦੀ ਸੰਗੀਨ ਇਸ ਘਟਨਾ ਨੇ ਇਨਸਾਫ਼ ਦਾ ਜਨਾਜ਼ਾ ਕੱਢ ਦਿੱਤੈ- ਸ਼ਿੰਗਾਰਾ ਮਾਨ

Published On: punjabinfoline.com, Date: Aug 31, 2019

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਵਕਤ ਦੇ ਇੱਕ ਅਣਅਧਿਕਾਰਤ ਹਾਕਮ, ਪਿੰਡ ਵਿਚਲੇ ਉਸ ਦੇ ਕੁਝ ਪਿਛਲੱਗ ਅਤੇ ਕੁਝ ਪੁਲੀਸ ਅਧਿਕਾਰੀਆਂ ਦੇ ਨਾਪਾਕ ਗੱਠਜੋੜ ਉਪਰ ਜ਼ਮੀਨ ਖੋਹਣ ਦੇ ਸੰਗੀਨ ਦੋਸ਼ ਲਾਉਂਦਿਆਂ ਜਿਸ ਕਿਸਾਨ ਗੁਰਸੇਵਕ ਸਿੰਘ ਨੇ ਬੀਤੇ ਕੱਲ੍ਹ ਅਦਾਲਤ ਦੇ ਅਹਾਤੇ ਵਿੱਚ ਜ਼ਹਿਰ ਪਿਆਲਾ ਪੀ ਲਿਆ ਸੀ ਦੋ ਪੁੱਤਰਾਂ ਦਾ ਬਾਪ ਉਕਤ ਕਿਸਾਨ ਬੀਤੀ ਦੇਰ ਰਾਤ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਮੌਤ ਹੱਥੋਂ ਹਾਰ ਗਿਆ। ਇਹ ਖ਼ਬਰ ਲਿਖੇ ਜਾਣ ਦੇ ਵਕਤ ਉਸ ਦੀ ਮ੍ਰਿਤਕ ਦੇਹ ਦਾ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਪੋਸਟਮਾਰਟਮ ਵੀ ਕੀਤਾ ਜਾ ਚੁੱਕਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਇਸ ਸੰਗੀਨ ਮਾਮਲੇ ਉੱਪਰ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਾਨਯੋਗ ਜੱਜ ਸਾਹਿਬ ਦੀ ਇੱਕ ਅਦਾਲਤ ਦੇ ਧੁਰ ਅੰਦਰ ਤੱਕ ਹਾਜ਼ਰ ਜੇਕਰ ਇੱਕ ਕਿਸਾਨ ਜ਼ਹਿਰ ਪਿਆਲਾ ਪੀਣ ਲਈ ਮਜ਼ਬੂਰ ਹੋ ਗਿਆ ਹੈ ਤਾਂ ਇਹ ਘਟਨਾ ਆਪਣੇ ਆਪ ਵਿੱਚ ਸਿਰਾ ਤਾਂ ਹੈ ਹੀ, ਸਗੋਂ ਇਨਸਾਫ਼ ਦਾ ਜਨਾਜ਼ਾ ਵੀ ਚੁਰਾਹੇ ਵਿੱਚ ਨਿਕਲ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰਾਂ ਭਾਵੇਂ ਕਿਸੇ ਵੀ ਰੰਗ ਦੀਆਂ ਹੋਣ ਮਜ਼ਦੂਰਾਂ ਕਿਸਾਨਾਂ ਅਤੇ ਹਰ ਕਿਸਮ ਦੇ ਕਿਰਤੀ ਵਰਗ ਉਪਰ ਜਬਰ ਦਾ ਕੁਹਾੜਾ ਵਾਹੁਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੀਆਂ ਹਨ। ਉਨ੍ਹਾਂ ਕਿਹਾ ਕਿ ਹੋਰ ਗੱਲਾਂ ਬਾਅਦ ਵਿੱਚ ਪਹਿਲਾਂ ਜਿਨ੍ਹਾਂ ਲੋਕਾਂ ਦਾ ਨਾਂ ਲੈ ਕੇ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋਇਆ ਹੈ ਖੜ੍ਹੇ ਪੈਰ ਉਨ੍ਹਾਂ ਉੱਪਰ ਮੁਕੱਦਮੇ ਦਰਜ ਕਰਕੇ ਸੀਖਾਂ ਪਿੱਛੇ ਸੁੱਟੇ ਜਾਣ।
ਉੱਧਰ ਭਾਰਤੀ ਕਿਸਾਨ ਯੂਨੀਅਨ ਦੀ ਇੱਕ ਪੂਰੀ ਟੀਮ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਇਸ ਮਾਮਲੇ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਮਿਲੀ। ਉਨ੍ਹਾਂ ਇੱਕ ਪ੍ਰੈੱਸ ਭੇਟ ਵਾਰਤਾ ਵਿਚ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਉਨ੍ਹਾਂ ਬਿਆਨਾਂ ਅਨੁਸਾਰ ਜੋ ਮ੍ਰਿਤਕ ਵਿਅਕਤੀ ਨੇ ਮਰਨ ਤੋਂ ਪਹਿਲਾਂ ਦਿੱਤੇ ਜੋ ਕੈਮਰੇ ਵਿੱਚ ਰਿਕਾਰਡ ਹਨ ਦੀ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਕਤ ਭਰੋਸੇ ਪਿੱਛੋਂ ਮ੍ਰਿਤਕ ਕਿਸਾਨ ਦੀ ਦੇਹ ਜਿਹੜੀ ਪਿਛਲੀ ਸਾਰੀ ਰਾਤ ਤੋਂ ਹਸਪਤਾਲ ਵਿੱਚ ਪਈ ਸੀ ਅਤੇ ਕਈ ਘੰਟੇ ਪਹਿਲਾਂ ਪੋਸਟਮਾਰਟਮ ਵੀ ਹੋ ਚੁੱਕਾ ਸੀ। ਕਾਰਵਾਈ ਦੇ ਕਿਸੇ ਭਰੋਸੇ ਬਿਨਾਂ ਸੰਸਕਾਰ ਨਾ ਕੀਤੇ ਜਾਣ ਦਾ ਅੜਿੱਕਾ ਬਣਿਆ ਹੋਇਆ ਸੀ। ਵਿਸ਼ਵਾਸ ਦੁਆਏ ਜਾਣ ਪਿੱਛੋਂ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories