"ਬਰਸੀ 'ਤੇ ਵਿਸ਼ੇਸ਼" ਰੂਹਾਨੀਅਤ ਦਾ ਮੁਜੱਸਮਾ ਸਨ ਮਹੰਤ ਬਾਬਾ ਗੁਰਦੇਵ ਸਿੰਘ ਜੀ।

Date: 19 August 2020
GURJANT SINGH, BATHINDA
ਮੇਰੇ ਪਿੰਡ ਹੀ ਨਹੀਂ ਸਾਡੇ ਸਾਰੇ ਇਲਾਕੇ ਦੀ ਸਤਿਕਾਰ ਯੋਗ ਹਸਤੀ ਸਨ ਮਹੰਤ ਬਾਬਾ ਗੁਰਦੇਵ ਸਿੰਘ ਜੀ। ੳਹਨਾਂ ਦਾ ਜਨਮ 1938 ਵਿੱਚ ਹੋਇਆ। ਪਿਤਾ ਜੀ ਦਾ ਨਾਂਅ ਸ੍ਰੀ ਹਜ਼ਾਰਾ ਸਿੰਘ ਸੀ ਅਤੇ ਮਾਤਾ ਜੀ ਦੇ ਨਾਂਅ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।

ਬਾਬਾ ਜੀ ਦੇ ਜਨਮ ਅਸਥਾਨ ਵਾਰੇ ਉਹਨਾਂ ਦੇ ਦੱਸਣ ਅਨੁਸਾਰ 1947 ਦੀ ਵੰਡ ਸਮੇਂ ਰਾਵਲਪਿੰਡੀ (ਪੰਜਾਬ ਪਾਕਿਸਤਾਨ) ਦੇ ਇਲਾਕੇ ਤੋਂ ਸਨ। 47 ਦੇ ਰੌਲੇ ਵੇਲੇ ਉਹ ਚੌਥੀ ਜਮਾਤ ਵਿੱਚ ਪੜਦੇ ਸਨ ਭੜਕੀ ਹੋਈ ਭੀੜ ਨੇ ਉਹਨਾਂ ਅਤੇ ਨਾਲ ਦੇ ਜਮਾਤੀਆਂ ਦੀਆਂ ਅੱਖਾਂ ਵਿੱਚ ਕੋਈ ਜਹਿਰੀਲੀ ਵਸਤੂ ਪਾ ਦਿਤੀ ਜਿਸ ਨਾਲ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਉਸ ਸਮੇਂ ਦੀ ਫੌਜ ਬਾਬਾ ਜੀ ਨੂੰ ਸਾਥੀਆਂ ਸਮੇਤ ਅੰਮ੍ਰਿਤਸਰ ਸਾਹਿਬ ਵਿੱਚ ਲੈ ਆਈ ਉੱਥੇ ਅੱਖਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਹੋਈ। ਮੰਹਤ ਜੀ ਦੱਸਦੇ ਸਨ ਕਿ ਇਕ ਵਾਰ ਉਹਨਾਂ ਦੀ ਨਜ਼ਰ ਠੀਕ ਹੋ ਗਈ ਸੀ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ਼ਹਿਰ ਵੀ ਦੇਖਿਆ ਪਰ ਬਾਅਦ ਵਿੱਚ ਸਾਰੀ ਉਮਰ ਬਿਨ ਅੱਖਾਂ ਤੋਂ ਵੀ ਬਹੁਤ ਸਾਰਿਆਂ ਦੇ ਜੀਵਨ ਵਿਚ ਰੌਸ਼ਨੀ ਖਿਲਾਰਦੇ ਰਹੇ ਉੱਥੇ ਹੀ ਸੰਗੀਤ ਵਿਦਿਆ, ਗੁਰਬਾਣੀ, ਵਰੇਲ ਲਿਪੀ ਅਤੇ ਧਾਰਮਿਕ ਗਿਆਨ ਹਾਸਲ ਕੀਤਾ। ਉਹ ਪਹਿਲਾਂ ਬਠਿੰਡੇ ਦੇ ਹਾਜੀ ਰਤਨ ਗੁਰੂਘਰ ਆਏ ਫੇਰ ਕੇਵਲ ਪਿੰਡ ਵਿੱਚ ਉਸ ਤੋਂ ਬਾਅਦ ਸਾਡੇ ਪਿੰਡ "ਗੁਰੂਦੁਆਰਾ ਦਸ਼ਮੇਸ਼ ਸਰ ਦਾਦੂ" ਉਸ ਵੇਲੇ ਜਿਲਾ ਹਿਸਾਰ (ਹਰਿਆਣਾ) ਪਹੁੰਚੇ ਅਤੇ ਉਥੇ ਰਹਿ ਕੇ ਬਾਬਾ ਜੀ

ਨੇ 40-41ਸਾਲ ਪਿੰਡ ਦੇ ਗੁਰਦੁਆਰੇ ਵਿੱਚ ਨਿਰਸਵਾਰਥ ਸੇਵਾ ਕੀਤੀ ਅਤੇ ਕਰਵਾਈ।

ਬਾਬੇ ਤਾਂ ਬਹੁਤ ਨੇ ਪਰ ਅੱਜ ਉਸ ਬਾਬੇ ਬਾਰੇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਦਾ ਨਾਂ ਕੋਈ ਬੈਂਕ ਖਾਤਾ, ਨਾਂ ਹੀ ਕੋਈ ਨਿੱਜੀ ਜਾਇਦਾਦ, ਜੋ ਕੀਤਾ ਪਿੰਡ ਦੇ ਸਾਹਮਣੇ ਆ, ਉਹ ਸਾਡੇ ਪਿੰਡ ਵਿੱਚ 1956-57 ਦੇ ਨੇੜੇ ਤੇੜੇ ਆਏ ਜਦੋਂ ਜ਼ਿਆਦਾਤਰ ਘਰ ਵੀ ਕੱਚੇ ਸਨ ਅਤੇ ਗੁਰੂਘਰ ਵੀ ਉਹਨਾਂ ਦੇ ਦੱਸਣ ਮੁਤਾਬਕ ਕੱਚੀਆਂ ਇੱਟਾਂ ਦਾ ਹੀ ਸੀ ਪਰ ਵਰਤਮਾਨ ਸਮੇਂ ਗੁਰੂਘਰ ਵੀ ਪੱਥਰ ਲਗਿਆ ਅਤੇ ਜ਼ਿਆਦਾਤਰ ਘਰ ਵੀ ਪੱਕੇ ਹਨ।

ਉਹਨਾਂ ਨੇ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹਨਾਂ ਦਾ ਜਨਮ ਸਥਾਨ ਕੋਈ ਹੋਰ ਹੈ ਸਗੋਂ ਤਨੋਂ ਮਨੋਂ ਪਿੰਡ ਦਾਦੂ ਨੂੰ ਅਪਣਾਇਆ ਅਤੇ ਉਸੇ ਦੇ ਹੀ ਹੋ ਕੇ ਰਹੇ।

ਜਿਥੋਂ ਤੱਕ ਮੈਨੂੰ ਪਤਾ ਉਹਨਾਂ ਨੇ ਕਦੇ ਵੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਪਿੰਡ ਵਿੱਚ ਕਿਸੇ ਵੀ ਮਜ਼ਹਬ ਜਾਂ ਭਾਈਚਾਰੇ ਦਾ ਸਮਾਗਮ ਹੁੰਦਾ ਗੁਰੂਘਰ ਦੇ ਲਾਊਡ ਸਪੀਕਰ ਤੋਂ ਸੂਚਨਾ ਬੋਲ ਦਿੰਦੇ ਸਨ ਭਾਵੇਂ ਕਿਸੇ ਨੇ ਮਿੱਠੇ ਚੌਲ, ਚਾਹ ਨਾਲ ਬਿਸਕੁਟ, ਮੰਦਰ ਵਿੱਚ ਜਗਰਾਤਾ, ਜਾਂ ਫੇਰ ਡੇਰੇ ਵਿੱਚ ਜੱਗ, ਯਾਨੀਕੇ ਧਾਰਮਿਕ ਕੱਟੜਤਾ ਨਹੀਂ ਸੀ। ਉਹਨਾਂ ਦਾ ਸਤਿਕਾਰ ਪਿੰਡ ਵਿੱਚ ਰਹਿੰਦੇ ਜਾਂ ਮੰਡੀ ਅਤੇ ਬਾਹਰਲੇ ਸਾਰੇ ਭਾਈਚਾਰਿਆਂ ਦੇ ਪਰਿਵਾਰ ਕਰਦੇ ਹਨ।

ਬਾਬਾ ਗੁਰਦੇਵ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹ ਹੀ ਲਿਖਣ ਦੀ ਕੋਸ਼ਿਸ਼ ਕਰਾਂਗਾ ਜੋ ਮੈਂ ਉਹਨਾਂ ਦੇ ਨਾਲ ਰਹਿਕੇ ਦੇਖਿਆ ਜਾਂ ਮਹਿਸੂਸ ਕੀਤਾ, ਹੋ ਸਕਦਾ ਮੇਰੇ ਤੋਂ ਵਡੇਰੀ ਉਮਰ ਦੇ ਜਾਂ ਉਹਨਾਂ ਦੇ ਨੇੜੇ ਰਹਿਣ ਵਾਲੇ ਜਿਆਦਾ ਦੱਸ ਸਕਦੇ ਹਨ। ਅੱਖਾਂ ਤੋਂ ਮੁਨਾਖੇ ਹੁੰਦੇ ਹੋਏ ਵੀ ਜੋ ਗਿਆਨ ਸੀ ਉਹ ਲਾਜਵਾਬ ਸੀ,ਅਮ੍ਰਿਤ ਵੇਲੇ ਤੋਂ ਲੈਕੇ ਰਾਤ ਤੱਕ ਬਹੁਤ ਸਾਰੇ ਕੰਮ ਕਰਨੇ ਪਿੰਡ ਦੇ ਘਰ-ਘਰ ਜਾਕੇ ਡਾਲੀ (ਲੰਗਰ) ਲਿਆਉਣਾ, ਕਿਤੇ ਵੀ ਨੇੜੇ ਜਾਂ ਦੂਰ ਜਾਣਾ ਆਉਣਾ, ਆਮ ਤੌਰ 'ਤੇ ਪਿੰਡ ਦਾ ਕੋਈ ਬੱਚਾ ਜਾਂ ਨੌਜਵਾਨ ਉਹਨਾਂ ਦੇ ਨਾਲ ਹੁੰਦਾ। ਜਿੰਨਾ ਵਿੱਚ ਮੈਂ ਵੀ ਸ਼ਾਮਿਲ ਹਾਂ ਅਤੇ ਮੈਨੂੰ ਇਸ ਦਾ ਮਾਣ ਹੈ। ਜਿਸ ਨੂੰ ਵੀ ਮਦਦ ਜਾਂ ਸਲਾਹ ਦੀ ਲੋੜ ਹੁੰਦੀ ਜੇਕਰ ਉਹਨਾਂ ਕੋਲ ਆਉਂਦਾ ਤਾਂ ਹਰ ਲੋੜੀਂਦਾ ਸਹਿਯੋਗ ਦਿੰਦੇ।

ਸਾਦਾ ਜੀਵਨ ਜਿਉਣ ਦੀਆਂ ਗੱਲਾਂ ਤਾਂ ਅਸੀਂ ਸਾਰੇ ਹੀ ਕਰਦੇ ਹਾਂ ਪਰ ਜੋ ਨਿੱਜੀ ਤੌਰ 'ਤੇ ਬਾਬਾ ਜੀ ਦੇ ਜੀਵਨ ਤੋਂ ਸਿਖਿਆ, ਨਾ ਕੋਈ ਦਿਖਾਵਾ ਸਾਦੇ ਕੱਪੜੇ ਪਾਉਣੇ, ਸਾਦਾ ਖਾਣ-ਪੀਣ ਅਤੇ ਹਰ ਵੇਲੇ ਦੂਜਿਆਂ ਦੇ ਸੁੱਖ ਵਿੱਚ ਹੀ ਖੁਸ਼ ਰਹਿਣਾ। ਉਹ ਸਦਾ ਨਿਧੜਕ, ਚੜਦੀਕਲਾ ਵਿੱਚ ਰਹਿੰਦੇ ਸਨ। ਮੇਰੇ ਯਾਦ ਹੈ ਜਦੋਂ ਪਿੰਡ ਵਿੱਚ ਕੋਈ ਸਾਂਝਾ ਕੰਮ ਕਰਨਾ ਹੁੰਦਾ ਤਾਂ ਹਮੇਸ਼ਾ ਹਲਾਸ਼ੇਰੀ ਦਿੰਦੇ, ਹਿਮੰਤੀ ਤਾਂ ਐਨੇ ਸਨ ਕਿ ਕੋਈ ਵੀ ਸਮਾਗਮ ਕਰਨਾ ਕਦੇ ਵੀ ਮੈਂ ਉਹਨਾਂ ਨੂੰ ਅਕਦੇ ਜਾਂ ਥੱਕਦੇ ਨਹੀਂ ਵੇਖਿਆ। ਉਹ ਗੱਲ ਕਰਨ ਵੇਲੇ 'ਜਰਾ' ਸ਼ਬਦ ਬਹੁਤ ਵਰਤਦੇ ਸਨ ਜਿਵੇਂ ਉਹ ਕਹਿੰਦੇ 'ਜਰਾ ਇਹ ਬਾਬੇ ਨਾਨਕ ਦਾ ਥੜਾ ਇਕ ਗਿਆ ਦੂਜਾ ਖੜਾ' ਪਿੰਡ ਅਤੇ ਇਲਾਕੇ ਦੇ ਲੋਕਾਂ ਵਿਚ ਉਹਨਾਂ ਦੀ ਸ਼ਖਸੀਅਤ ਦਾ ਬਹੁਤ ਪ੍ਰਭਾਵ ਹੈ। ਉਨ੍ਹਾ ਦੇ ਹੁੰਦਿਆਂ ਕਈ ਦੌਰ ਆਏ ਅਤੇ ਚਲੇ ਗਏ। ਗੁਰੂਘਰਾਂ ਵਿੱਚ ਧਾਰਮਿਕ ਸਮਾਗਮ ਦੌਰਾਨ ਕਲਾਕਾਰ ਸੱਦੇ ਜਾਂਦੇ, ਕੁਲਦੀਪ ਮਾਣਕ ਆਮ ਤੌਰ ਤੇ ਆਉਂਦਾ ਸੀ ਅਤੇ ਨਿਰੋਲ ਧਾਰਮਿਕ ਗਾਣੇ ਹੀ ਪੇਸ਼ ਕਰਦਾ ਸੀ।

ਸਾਡੇ ਪਿੰਡ ਵੀ ਉਸਨੇ ਆਉਣਾ ਸੀ ਪਰ ਕਿਸੇ ਕਾਰਨ ਉਸ ਨੇ ਰਣਜੀਤ ਮਣੀ ਤੇ ਅਵਤਾਰ ਬੱਲ ਨੂੰ ਭੇਜਿਆ ਇਹ 90 ਦੇ ਨੇੜੇ ਤੇੜੇ ਦੀ ਗੱਲ ਆ। ਉਹਨਾਂ ਦਾ ਗਾਇਆ ਗੀਤ 'ਹਰ ਚੀਜ ਬਣਾਈ ਬੰਦੇ ਨੇ, ਹਰ ਚੀਜ ਬਣਾਉਂਦਾ ਹੈ ਬੰਦਾ' ਅੱਜ ਵੀ ਯਾਦ ਆ। ਉਸ ਵੇਲੇ ਦੇ ਚੋਟੀ ਦੇ ਕਵੀਸ਼ਰ ਸਾਡੇ ਪਿੰਡ ਵਿੱਚ ਆਏ ਪੰਡਿਤ ਬਿਰਜ ਲਾਲ ਜੀ, ਸਾਧੂ ਸਿੰਘ, ਨਾਭੇ ਵਾਲੀਆਂ ਬੀਬੀਆਂ, ਪਾਰਸ ਰਾਮੂਵਾਲੀਆ ਜੀ ਅਤੇ ਹੋਰ ਬਹੁਤ। ਉਸ ਤੋਂ ਬਾਅਦ ਧਾਰਨਾ ਵਾਲੇ ਬਾਬੇ ਆਉਣੇ ਸ਼ੁਰੂ ਹੋਏ ਇਹਨਾਂ ਬਾਰੇ ਕਦੇ ਖੁਲ ਕੇ ਵਿਚਾਰ ਕਰਾਂਗੇ।

ਜਦੋਂ ਪਿੰਡ ਵਿੱਚ ਡਾਲੀ (ਲੰਗਰ) ਲੈਣ ਜਾਂਦੇ ਜੇਕਰ ਕੋਈ ਘਰ ਭੁੱਲ ਜਾਣਾ ਤਾਂ ਉਹਨਾਂ ਝੱਟ ਕਹਿਣਾ "ਜਰਾ ਫਲਾਣੇ ਦਾ ਘਰ ਰਹਿ ਗਿਆ"। ਨੇਤਰਹੀਣ ਹੁੰਦੇ ਹੋਏ ਵੀ ਪਿੰਡ ਦਾ ਹਰ ਇਕ ਘਰ ਚੰਗੀ ਤਰਾਂ ਯਾਦ ਸੀ। ਬਠਿੰਡੇ ਤਾਂ ਉਹਨਾਂ ਨਾਲ ਮੈਂ ਹੀ ਨਹੀ, ਬਲਕਿ ਪਿੰਡ ਦੇ ਉਸ ਵੇਲੇ ਦੇ ਸਾਰੇ ਨਿਆਣੇ ਅਤੇ ਸਿਆਣੇ ਜਿਹੜੇ ਉਹਨਾਂ ਨਾਲ ਜੁੜੇ ਹੋਏ ਸਨ ਗਏ ਹੋਣਗੇ। ਬਜਾਜ ਦੀ ਹੱਟੀ ਜਿਥੇ ਯੂਨਿਟਾਂ ਦੇ ਪੱਤੇ, ਕਰਤਾਰ ਹਰਮੋਨੀਅਮ ਠੀਕ ਕਰਨ ਲਈ, ਸ਼ਰਮਾ ਮਿਸ਼ਠਾਨ ਭੰਡਾਰ, ਗਰਮੀਆਂ ਵਿਚ ਠੰਡੀ ਮਿੱਠੀ ਲੱਸੀ ਅਤੇ ਸਿਆਲਾਂ ਵਿੱਚ ਚਾਹ-ਬਰਫੀ ਅਤੇ ਪਕੌੜੇ ਅੱਜ ਵੀ ਚੇਤੇ ਹਨ। ਇਕ ਕੁਸ਼ਲ ਪ੍ਰਬੰਧਕ ਹੁੰਦੇ ਹੋਏ ਹਰ ਇਕ ਵਸਤੂ ਜੋ ਗੁਰੂਘਰ ਨਾਲ ਸਬੰਧਤ ਸੀ ਉਹਨਾਂ ਦੇ ਹਮੇਸ਼ਾ ਧਿਆਨ ਵਿਚ ਰਹਿੰਦੀ। ਬਾਬਾ ਜੀ ਦੇ ਜੀਵਨ ਬਾਰੇ ਬਹੁਤ ਕੁਝ ਹੈ ਜੋ ਲਿਖਿਆ ਜਾ ਸਕਦਾ ਹੈ। ਉਹ ਇਕ ਆਤਮ ਨਿਰਭਰ ਹਸਤੀ ਸਨ। ਧਰਮ ਯੁੱਧ ਮੋਰਚਿਆਂ ਵਿਚ ਵੀ ਉਹਨਾਂ ਨੇ ਆਪਣਾ ਯੋਗਦਾਨ ਪਾਇਆ।

ਅੱਜ ਕੱਲ੍ਹ ਬਾਬਾ ਦਰਸ਼ਨ ਸਿੰਘ ਜੀ ਇਸ ਅਸਥਾਨ ਦੀ ਸੇਵਾ ਪਿੰਡ, ਇਲਾਕੇ ਅਤੇ ਹੋਰ ਦੂਰ ਨੇੜੇ ਦੀਆਂ ਸ਼ੰਗਤਾਂ ਦੇ ਸਹਿਯੋਗ ਨਾਲ ਨਿਭਾਅ ਰਹੇ ਹਨ। ਉਹ ਬਚਪਨ ਤੋਂ ਹੀ ਬਾਬਾ ਗੁਰਦੇਵ ਸਿੰਘ ਜੀ ਦੇ ਨਾਲ ਰਹੇ ਹਨ। ਦਸਦੇ ਹਨ ਕਿ ਕਿਸੇ ਸਮੇਂ ਪਿੰਡ ਵਿੱਚ ਪਾਣੀ ਦੀ ਕਿੱਲਤ ਹੁੰਦੀ ਸੀ ਤਾਂ ਬਾਬਾ ਦਰਸ਼ਨ ਸਿੰਘ ਜੀ ਨਹਿਰ ਤੋਂ ਪਿੱਤਲ ਦੇ ਵਡੇ ਟੋਕਣੇ ਨਾਲ ਪਾਣੀ ਲਿਆਉਂਦੇ ਸਨ। ਬਾਬਾ ਦਰਸ਼ਨ ਸਿੰਘ ਜੀ ਦੇ ਦੱਸਣ ਮੁਤਾਬਕ ਪੰਜਾਬੀ ਸੂਬੇ ਲਈ ਇਕ ਇਕੱਠ ਵੀ ਹੋਇਆ ਸੀ ਜਿਸ ਵਿਚ ਉਸ ਵੇਲੇ ਦੇ ਆਗੂ ਸੰਤ ਲੌਂਗੋਵਾਲ ਜੀ, ਟੌਹੜਾ ਸਾਹਬ ਅਤੇ ਕੌਮ ਦੇ ਬਹੁਤ ਸਾਰੇ ਲੀਡਰ ਸ਼ਾਮਿਲ ਹੋਏ ਤਾਂ ਮੰਹਤ ਬਾਬਾ ਗੁਰਦੇਵ ਸਿੰਘ ਜੀ ਵੀ ਉਸ ਵਿਚ ਸ਼ਾਮਿਲ ਸਨ।

ਕਿਸੇ ਸਮਾਜਿਕ ਜਾਂ ਧਾਰਮਿਕ ਹਸਤੀ ਦੇ ਸਰੀਰ ਛੱਡਣ ਤੋਂ ਬਾਅਦ ਲਿਖਣ ਵੇਲੇ ਉਸ ਦੇ ਜੀਵਨ ਦੇ ਨਾਲ-ਨਾਲ ਸਰੀਰ ਤਿਆਗਣ ਭਾਵ ਮੌਤ ਸਮੇਂ ਜੋ ਮਨੋਦਸ਼ਾ ਹੁੰਦੀ ਹੈ ਉਸ ਵਾਰੇ ਵਿਚਾਰ ਕਰਨਾ ਬਹੁਤ ਹੀ ਲਾਜ਼ਮੀ ਬਣਦਾ।

ਦੁਨਿਆਵੀ ਮਨੁੱਖ ਹਮੇਸ਼ਾ ਮੌਤ ਤੋਂ ਘਬਰਾਉਂਦਾ ਹੈ ਕਿਉਂਕਿ ਉਹ ਮੋਹ ਮਾਇਆ ਦੇ ਜਾਲ ਵਿੱਚ ਉਲਝਿਆ ਹੁੰਦਾ ਹੈ। ਇਕ ਸੰਪੂਰਨ ਹਸ਼ਤੀ ਮੌਤ ਦਾ ਸਵਾਗਤ ਕਰਦੀ ਹੈ। 3 ਭਾਦੋਂ (ਦੇਸੀ ਮਹਿਨਾ) 1997 ਜਦੋਂ ਬਾਬਾ ਗੁਰਦੇਵ ਸਿੰਘ ਜੀ ਨੇ ਸਰੀਰ ਛੱਡਿਆ ਤਾਂ ਮੈ ਉਥੇ ਮੌਜੂਦ ਸੀ। ਉਹ ਜਿਆਦਾ ਬੀਮਾਰ ਨਹੀਂ ਸਨ ਇਕ ਦਿਨ ਪਹਿਲਾਂ ਬਿਲਕੁੱਲ ਠੀਕ ਸਨ ਅਤੇ ਨਾ ਹੀ ਅੰਤ ਸਮੇਂ ਕਿਸੇ ਤੋਂ ਸੇਵਾ ਕਰਵਾਈ।

ਉਹਨਾਂ ਦੇ ਆਖਰੀ ਬਚਨ ਜਦੋਂ ਸ੍ਰੀ ਅਮਰਨਾਥ ਜੀ ਨੇ ਪੁੱਛਿਆ ਮੰਹਤ ਜੀ ਕਿਵੇਂ ਹੋ ਤਾਂ ਬਾਬਾ ਜੀ ਦਾ ਉੱਤਰ ਸੀ "ਜਰਾ ਹੁਣ ਪਹਿਲਾਂ ਨਾਲੋਂ ਠੀਕ ਹਾਂ" ਅਤੇ ਮੂੰਹ ਦੂਜੇ ਪਾਸੇ ਕਰ ਲਿਆ। ਉਹਨਾਂ ਨੇ ਜੋ ਆਖਰੀ ਸ਼ਬਦ ਕਹੇ ਉਹ ਖੋਜ ਦਾ ਵਿਸ਼ਾ ਹਨ। ਮੌਤ ਨੂੰ ਬੂਹੇ 'ਤੇ ਖੜੀ ਦੇਖ ਕੇ ਇਹ ਬਚਨ ਉਹ ਹੀ ਕਹਿ ਸਕਦਾ ਜਿਸ ਨੇ ਜੀਵਨ ਅਤੇ ਮੌਤ ਦੇ ਭੇਦ ਨੂੰ ਸਮਝ ਲਿਆ ਹੋਵੇ। ਉਹ ਜਾ ਚੁੱਕੇ ਸਨ ਸਾਡੇ ਸਾਰਿਆਂ ਤੋਂ ਦੂਰ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਨਾਲ ਬਿਤਾਇਆ ਸਮਾਂ ਅਤੇ ਆਪਣੇ ਪ੍ਰਭਾਵਸ਼ਾਲੀ ਵਿਅਕਤੀਤਵ ਕਰਕੇ ਸਦਾ ਹੀ ਸਾਡੇ ਵਿੱਚ ਹਨ।

ਗੁਰਮੇਲ ਸਿੰਘ ਦਾਦੂ

ਵਿਨੀਪੈਗ (ਕੈਨੇਡਾ)

204-509-3913

ਪੇਸ਼ਕਸ਼: ਗੁਰਜੰਟ ਸਿੰਘ ਨਥੇਹਾ

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com