Canada Cocaine Smuggling Case: 40 ਕਿਲੋ ਕੋਕੀਨ ਤਸਕਰੀ ਮਾਮਲੇ ’ਚ ਭਾਰਤੀ ਮੂਲ ਦਾ ਰਣਜੀਤ ਸਿੰਘ ਟਰੱਕ ਡਰਾਈਵਰ ਦੋਸ਼ੀ ਕਰਾਰ
ਕੈਨੇਡਾ ਦੇ ਓਨਟਾਰੀਓ ਦੀ ਇੱਕ ਅਦਾਲਤ ਨੇ 33 ਸਾਲਾ ਭਾਰਤੀ ਮੂਲ ਦੇ ਸਿੱਖ ਟਰੱਕ ਡਰਾਈਵਰ ਰਣਜੀਤ ਸਿੰਘ ਨੂੰ ਲਗਭਗ 40 ਕਿਲੋ ਕੋਕੀਨ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਹ ਕੋਕੀਨ ਅਪ੍ਰੈਲ 2024 ਵਿੱਚ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਲਿਆਂਦੀ ਗਈ ਸੀ, ਜਿਸ ਦੀ ਕੀਮਤ ਲਗਭਗ 4.8 ਮਿਲੀਅਨ ਡਾਲਰ ਦੱਸੀ ਗਈ ਹੈ।
ਓਨਟਾਰੀਓ ਸੁਪੀਰੀਅਰ ਕੋਰਟ ਦੇ ਜਸਟਿਸ ਸਕੌਟ ਪ੍ਰੈਟ ਨੇ ਸੋਮਵਾਰ ਨੂੰ ਰਣਜੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਅਤੇ ਤਸਕਰੀ ਦੇ ਉਦੇਸ਼ ਨਾਲ ਆਪਣੇ ਕੋਲ ਰੱਖਣ ਦੇ ਦੋਸ਼ਾਂ ਤਹਿਤ ਦੋਸ਼ੀ ਪਾਇਆ। ਜੱਜ ਨੇ ਜੂਨ ਵਿੱਚ ਸਾਰਨੀਆ ਵਿਖੇ ਤਿੰਨ ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ।
ਟਰੱਕ ਵਿੱਚੋਂ ਬਰਾਮਦ ਹੋਈ ਸੀ 40 ਕਿਲੋ ਕੋਕੀਨ
ਰਣਜੀਤ ਸਿੰਘ ਨੇ ਦੋਵਾਂ ਦੋਸ਼ਾਂ ਤੋਂ ਬੇਕਸੂਰ ਹੋਣ ਦੀ ਪਟੀਸ਼ਨ ਦਾਇਰ ਕੀਤੀ ਸੀ। ਇਹ ਮਾਮਲਾ 26 ਅਪ੍ਰੈਲ 2024 ਨੂੰ ਬਲੂ ਵਾਟਰ ਬ੍ਰਿਜ ਦੇ ਕੈਨੇਡਾ ਵਾਲੇ ਪਾਸੇ ਉਸ ਦੇ ਟਰੱਕ ਵਿੱਚੋਂ ਦੋ ਬਕਸਿਆਂ ਵਿੱਚੋਂ ਮਿਲੀ ਲਗਭਗ 40 ਕਿਲੋਗ੍ਰਾਮ ਕੋਕੀਨ ਨਾਲ ਸਬੰਧਤ ਹੈ। ਬਰਾਮਦ ਕੀਤੀ ਗਈ ਕੋਕੀਨ ਦੀ ਕੀਮਤ 3.6 ਮਿਲੀਅਨ ਤੋਂ 4.8 ਮਿਲੀਅਨ ਡਾਲਰ ਦੇ ਵਿਚਕਾਰ ਦੱਸੀ ਗਈ ਸੀ।
ਜਸਟਿਸ ਪ੍ਰੈਟ ਨੇ ਕਿਹਾ ਕਿ ਉਨ੍ਹਾਂ ਨੇ ਰਣਜੀਤ ਸਿੰਘ ਦੇ ਬਿਆਨ ’ਤੇ ਭਰੋਸਾ ਨਹੀਂ ਕੀਤਾ। ਉਨ੍ਹਾਂ ਨੇ ਉਸ ਦੀ ਗਵਾਹੀ ਵਿੱਚ ਕਈ ਅਸੰਗਤਤਾਵਾਂ ਵੱਲ ਵੀ ਇਸ਼ਾਰਾ ਕੀਤਾ।
ਸਰਕਾਰੀ ਵਕੀਲ ਨੇ ਕੀ ਲਾਏ ਸਨ ਦੋਸ਼?
ਮੁਕੱਦਮੇ ਦੌਰਾਨ ਸਰਕਾਰੀ ਵਕੀਲ (ਕ੍ਰਾਊਨ) ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਨੇ ਇਲੀਨੋਇਸ ਦੇ ਚੰਨਾਹਨ ਸਥਿਤ ਇੱਕ ਪਾਇਲਟ ਟਰੈਵਲ ਸੈਂਟਰ ਵਿੱਚ ਕਿਸੇ ਹੋਰ ਟਰੱਕ ਤੋਂ ਕੋਕੀਨ ਦੀਆਂ ਇੱਟਾਂ ਪ੍ਰਾਪਤ ਕੀਤੀਆਂ ਸਨ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ’ਤੇ ਇਲੀਨੋਇਸ ਦੇ ਸ਼ੋਰਵੁੱਡ ਵਿੱਚ ਇੱਕ ਹੋਮ ਡਿਪੋ ਸਟੋਰ ਤੋਂ ਗੱਤੇ ਦੇ ਡੱਬੇ ਖਰੀਦੇ ਅਤੇ ਉਨ੍ਹਾਂ ਵਿੱਚ ਨਸ਼ੀਲੇ ਪਦਾਰਥ ਪੈਕ ਕੀਤੇ।
ਸਰਕਾਰੀ ਵਕੀਲ ਮੁਤਾਬਕ, ਉਸ ਨੇ ਇਹ ਡੱਬੇ ਮਿਸ਼ੀਗਨ ਦੇ ਲੈਂਸਿੰਗ ਵਿੱਚ ਸੈਂਡਰਜ਼ ਰੋਡ ’ਤੇ ਸਥਿਤ ਇੱਕ ਯਾਰਡ ਵਿੱਚ ਆਪਣੇ ਟ੍ਰੇਲਰ ’ਤੇ ਲੱਦ ਦਿੱਤੇ ਸਨ। ਬਾਅਦ ਵਿੱਚ ਇਹ ਡੱਬੇ ਹੋਰ ਸਾਮਾਨ ਦੇ ਇੱਕ ਪੈਲੇਟ ਵਿੱਚ ਲੁਕਾ ਦਿੱਤੇ ਗਏ ਸਨ।
ਰਣਜੀਤ ਸਿੰਘ ਨੇ ਅਦਾਲਤ ਵਿੱਚ ਕੀ ਦਿੱਤੀ ਸਫ਼ਾਈ?
ਰਣਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਭਾਵੇਂ ਉਸ ਦੇ ਟ੍ਰੇਲਰ ਵਿੱਚੋਂ ਕੋਕੀਨ ਬਰਾਮਦ ਹੋਈ ਸੀ, ਪਰ ਉਸ ਨੂੰ ਨਾ ਤਾਂ ਇਹ ਨਸ਼ੀਲੇ ਪਦਾਰਥ ਦਿੱਤੇ ਗਏ ਸਨ ਅਤੇ ਨਾ ਹੀ ਉਸ ਨੂੰ ਪਤਾ ਸੀ ਕਿ ਇਹ ਉੱਥੇ ਕਿਵੇਂ ਪਹੁੰਚੇ।
ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਕੰਪਨੀ ਦੇ ਮਾਲਕ ਨੇ ਉਸ ਨੂੰ ਹੋਮ ਡਿਪੋ ਤੋਂ ਡੱਬੇ ਖਰੀਦਣ ਅਤੇ ਮਿਸ਼ੀਗਨ ਦੇ ਯਾਰਡ ਵਿੱਚ ਕਿਸੇ ਹੋਰ ਟਰੱਕ ਕੋਲ ਛੱਡਣ ਲਈ ਕਿਹਾ ਸੀ। ਉਸ ਨੇ ਇਹ ਵੀ ਕਿਹਾ ਕਿ ਯਾਰਡ ਵਿੱਚ ਉਸ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਦੇਖਿਆ ਸੀ ਅਤੇ ਵਾਸ਼ਰੂਮ ਜਾਣ ਸਮੇਂ ਆਪਣਾ ਟਰੱਕ 10 ਤੋਂ 15 ਮਿੰਟ ਲਈ ਬਿਨਾਂ ਨਿਗਰਾਨੀ ਛੱਡ ਦਿੱਤਾ ਸੀ।
ਫਰਵਰੀ ਵਿੱਚ ਹੋਵੇਗੀ ਸਜ਼ਾ ਬਾਰੇ ਸੁਣਵਾਈ
ਜੱਜ ਨੇ ਸਰਕਾਰੀ ਵਕੀਲ ਦੇ ਮੁੱਖ ਪੱਖ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਰਣਜੀਤ ਸਿੰਘ ਨੇ ਸੰਭਾਵਿਤ ਤੌਰ ’ਤੇ ਟਰੈਵਲ ਸੈਂਟਰ ਵਿਖੇ ਕਿਸੇ ਹੋਰ ਡਰਾਈਵਰ ਤੋਂ ਕੋਕੀਨ ਪ੍ਰਾਪਤ ਕੀਤੀ ਸੀ।
ਜੱਜ ਨੇ ਅੱਗੇ ਕਿਹਾ ਕਿ ਰਣਜੀਤ ਸਿੰਘ ਨੇ ਨਸ਼ੀਲੇ ਪਦਾਰਥ ਕਿਸ ਸਮੇਂ ਪ੍ਰਾਪਤ ਕੀਤੇ, ਇਹ ਮਹੱਤਵਪੂਰਨ ਨਹੀਂ ਹੈ, ਕਿਉਂਕਿ ਕੈਨੇਡਾ ਵਿੱਚ ਦਾਖ਼ਲ ਹੋਣ ਸਮੇਂ ਕੋਕੀਨ ਉਸ ਦੇ ਕਬਜ਼ੇ ਵਿੱਚ ਸੀ ਅਤੇ ਉਸ ਨੂੰ ਪਤਾ ਸੀ ਕਿ ਇਹ ਟ੍ਰੇਲਰ ਦੇ ਅੰਦਰ ਮੌਜੂਦ ਸੀ।
ਰਣਜੀਤ ਸਿੰਘ ਨੂੰ ਮਈ 2024 ਦੇ ਸ਼ੁਰੂ ਵਿੱਚ 200,000 ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਉਹ ਸਜ਼ਾ ਸੁਣਾਏ ਜਾਣ ਤੱਕ ਜ਼ਮਾਨਤ ’ਤੇ ਬਾਹਰ ਰਹੇਗਾ। ਸਜ਼ਾ ਤੈਅ ਕਰਨ ਲਈ ਸੁਣਵਾਈ ਫਰਵਰੀ ਵਿੱਚ ਹੋਵੇਗੀ।