Punjab Infoline

ਪੰਜਾਬੀ

ਪੰਜਾਬ ’ਚ ਕੈਮਿਸਟਾਂ ਨੇ ਪ੍ਰੈਗਾਬੋਲਿਨ ਸਮੇਤ ਸਾਈਕੋਟਰੌਪਿਕ ਦਵਾਈਆਂ ਦੀ ਵਿਕਰੀ ਰੋਕੀ, ਸ਼ੂਗਰ ਅਤੇ ਨਸਾਂ ਦੇ ਦਰਦ ਵਾਲੇ ਮਰੀਜ਼ਾਂ ਦੀਆਂ ਮੁਸ਼ਕਲਾਂ ਵਧੀਆਂ

27 Oct, 2026 09:53 AM

ਪੰਜਾਬ ਭਰ ਵਿੱਚ ਕੈਮਿਸਟਾਂ ਵੱਲੋਂ ਸਾਈਕੋਟਰੌਪਿਕ ਦਵਾਈਆਂ ਦੀ ਵਿਕਰੀ ਬੰਦ ਕਰਨ ਦੇ ਫੈਸਲੇ ਕਾਰਨ ਸ਼ੂਗਰ, ਨਸਾਂ ਦੇ ਦਰਦ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਪਨਗਰ ਜ਼ਿਲ੍ਹੇ ਵਿੱਚ ਕੈਮਿਸਟ ਆਪਣੇ ਕੋਲ ਮੌਜੂਦ ਇਨ੍ਹਾਂ ਦਵਾਈਆਂ ਦਾ ਸਟਾਕ ਬਕਸਿਆਂ ਵਿੱਚ ਪੈਕ ਕਰਦੇ ਦੇਖੇ ਗਏ। ਕੁਝ ਦੁਕਾਨਦਾਰਾਂ ਨੇ ਡਾਕਟਰਾਂ ਦੀ ਪਰਚੀ ਲੈ ਕੇ ਆਏ ਮਰੀਜ਼ਾਂ ਨੂੰ ਵੀ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ।

ਪਰਵਿੰਦਰ ਕਤਲ ਕਾਂਡ ਤੋਂ ਬਾਅਦ ਨਸ਼ੀਲੀਆਂ ਜਾਂ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਵਿਰੁੱਧ ਪੁਲੀਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਪ੍ਰੈਗਾਬੋਲਿਨ ਦੀ ਵਿਕਰੀ ਰੋਕਣ ਨਾਲ ਮਰੀਜ਼ਾਂ ਨੂੰ ਮੁਸ਼ਕਲ

ਨੰਗਲ ਦੇ ਕੈਮਿਸਟ ਅਤੇ ਸਟਾਕਿਸਟ ਕਰਨ ਚੌਧਰੀ ਨੇ ਕਿਹਾ ਕਿ ਪਰਵਿੰਦਰ ਕਤਲ ਕਾਂਡ ਤੋਂ ਬਾਅਦ ਪ੍ਰੈਗਾਬੋਲਿਨ ਦਵਾਈ ’ਤੇ ਸਵਾਲ ਉਠਾਏ ਜਾ ਰਹੇ ਹਨ, ਜਦਕਿ ਇਹ ਨਸ਼ਾ ਨਹੀਂ, ਸਗੋਂ ਇੱਕ ਦਵਾਈ ਹੈ। ਉਨ੍ਹਾਂ ਮੁਤਾਬਕ ਇਹ ਸ਼ੂਗਰ ਕਾਰਨ ਨਸਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਲਈ ਪ੍ਰਭਾਵਸ਼ਾਲੀ ਦਵਾਈ ਹੈ ਅਤੇ ਡਾਕਟਰ ਇਸ ਦੀ ਵੱਡੇ ਪੱਧਰ ’ਤੇ ਸਿਫਾਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਕੈਮਿਸਟਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਉਨ੍ਹਾਂ ਨੇ ਇਸ ਦੀ ਵਿਕਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਰਿਪੋਰਟਾਂ ਅਨੁਸਾਰ ਸਮੱਸਿਆ ਸਿਰਫ਼ ਪ੍ਰੈਗਾਬੋਲਿਨ ਤੱਕ ਸੀਮਤ ਨਹੀਂ ਰਹੀ। ਕੁਝ ਕੈਮਿਸਟਾਂ ਨੇ ਡਾਕਟਰਾਂ ਦੀ ਪਰਚੀ ਦਿਖਾਉਣ ਦੇ ਬਾਵਜੂਦ ਇਨਸੁਲਿਨ ਦੇ ਟੀਕੇ, ਸਰਿੰਜਾਂ, ਡਿਸਪੋਜ਼ੇਬਲ ਸੂਈਆਂ ਅਤੇ ਹੋਰ ਦਵਾਈਆਂ ਵੇਚਣ ਤੋਂ ਵੀ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਪੁਲੀਸ ਜਾਂਚ ਦੇ ਡਰ ਦਾ ਹਵਾਲਾ ਦੇ ਰਹੇ ਹਨ ਕੈਮਿਸਟ

ਪਟਿਆਲਾ ਵਿੱਚ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੀ ਟੀਮ ਨੇ ਸ਼ੂਗਰ ਦੇ ਇੱਕ ਮਰੀਜ਼ ਦੀ ਪਰਚੀ ਦਿਖਾ ਕੇ ਸੂਈਆਂ ਅਤੇ ਸਰਿੰਜਾਂ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਕੈਮਿਸਟਾਂ ਨੇ ਪੁਲੀਸ ਜਾਂਚ ਦੇ ਡਰ ਦਾ ਹਵਾਲਾ ਦਿੰਦਿਆਂ ਇਹ ਚੀਜ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ।

ਜਲੰਧਰ ਵਿੱਚ ਮਰੀਜ਼ਾਂ ਨੂੰ ਅਜਿਹੇ ਮੈਡੀਕਲ ਸਟੋਰ ਲੱਭਣੇ ਪਏ ਜਿੱਥੇ ਸਾਈਕੋਟਰੌਪਿਕ ਦਵਾਈਆਂ ਦਾ ਸਟਾਕ ਉਪਲਬਧ ਸੀ। ਜਿਨ੍ਹਾਂ ਕੈਮਿਸਟਾਂ ਕੋਲ ਦਵਾਈਆਂ ਮੌਜੂਦ ਹਨ, ਉਹ ਡਾਕਟਰਾਂ ਦੀਆਂ ਪਰਚੀਆਂ ’ਤੇ ਦਵਾਈਆਂ ਦੇ ਰਹੇ ਹਨ। ਹਾਲਾਂਕਿ, ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਡਰੱਗ ਅਥਾਰਿਟੀਜ਼ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਉਹ ਵਿਕਰੀ ਪੂਰੀ ਤਰ੍ਹਾਂ ਬੰਦ ਕਰ ਸਕਦੇ ਹਨ।

ਅੰਮ੍ਰਿਤਸਰ ਵਿੱਚ ਦੁਕਾਨਾਂ ’ਤੇ ਲਾਏ ਪੋਸਟਰ

ਅੰਮ੍ਰਿਤਸਰ ਵਿੱਚ ਕੁਝ ਕੈਮਿਸਟਾਂ ਨੇ ਸੂਬੇ ਦੇ ਡਰੱਗ ਕੰਟਰੋਲ ਵਿਭਾਗ ਵੱਲੋਂ ਕਥਿਤ ਪਰੇਸ਼ਾਨੀ ਦੇ ਵਿਰੋਧ ਵਿੱਚ ਆਪਣੀਆਂ ਦੁਕਾਨਾਂ ’ਤੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਪੋਸਟਰਾਂ ਵਿੱਚ ਪ੍ਰੈਗਾਬੋਲਿਨ ਅਤੇ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਉਪਲਬਧ ਨਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਕਦਮ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਦਵਾਈਆਂ ਦੀ ਵਿਕਰੀ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਚੁੱਕਿਆ ਗਿਆ ਹੈ।

ਹਾਲਾਂਕਿ, ਅੰਮ੍ਰਿਤਸਰ ਦੀ ਇੱਕ ਸਥਾਨਕ ਕੈਮਿਸਟ ਐਸੋਸੀਏਸ਼ਨ ਨੇ ਇਸ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਭਰੋਸਾ ਦਿੱਤਾ ਹੈ ਕਿ ਉਸ ਨਾਲ ਸਬੰਧਤ ਮੈਡੀਕਲ ਸਟੋਰਾਂ ’ਤੇ ਦਵਾਈਆਂ ਮਿਲਦੀਆਂ ਰਹਿਣਗੀਆਂ।

Latest News