ਸ੍ਰੀ ਗੰਗਾਨਗਰ ਰੇਲ ਧਮਾਕਾ ਮਾਮਲੇ ’ਚ ਗੁਰਦਾਸਪੁਰ ਤੋਂ ਨੌਜਵਾਨ ਤੇ ਮੁਟਿਆਰ ਗ੍ਰਿਫ਼ਤਾਰ
ਸ੍ਰੀ ਗੰਗਾਨਗਰ: ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 3 ਨਵੰਬਰ ਨੂੰ ਹੋਏ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਪਾਕਿਸਤਾਨੀ ਕਨੈਕਸ਼ਨ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਅਨੁਸਾਰ, ਇਹ ਧਮਾਕਾ ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਰਾਜਸਥਾਨ ਪੁਲੀਸ ਨੇ ਇਸ ਮਾਮਲੇ ਵਿੱਚ ਸ਼ੱਕੀ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ।
ਰਾਜਸਥਾਨ ਪੁਲੀਸ ਨੇ ਗੁਰਦਾਸਪੁਰ ਪੁਲੀਸ ਦੀ ਮਦਦ ਨਾਲ ਸਰਹੱਦੀ ਖੇਤਰ ਕਲਾਨੌਰ ਦੇ ਪਿੰਡ ਚੌੜਾ ਕਲਾਂ ਤੋਂ 22 ਸਾਲਾ ਦਵਿੰਦਰ ਸਿੰਘ ਅਤੇ ਦੋਸਤਪੁਰ ਪਿੰਡ ਦੀ 21 ਸਾਲਾ ਮਹਿਕਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ’ਤੇ ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।
ਮਾਂ ਨੇ ਧੀ ਦੇ ਘਰੋਂ ਜਾਣ ਬਾਰੇ ਦਿੱਤੀ ਜਾਣਕਾਰੀ
ਮਹਿਕਪ੍ਰੀਤ ਕੌਰ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਉਸ ਦੇ ਕਾਬੂ ਵਿੱਚ ਨਹੀਂ ਸੀ ਅਤੇ ਪਰਿਵਾਰ ਦੀ ਗੱਲ ਨਹੀਂ ਸੁਣਦੀ ਸੀ। ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ, ਪਰ ਵਿਆਹ ਤੋਂ ਛੇ ਮਹੀਨੇ ਬਾਅਦ ਹੀ ਮੁੰਡੇ ਨੂੰ ਤਲਾਕ ਦੇ ਦਿੱਤਾ।
ਸਰਬਜੀਤ ਕੌਰ ਮੁਤਾਬਕ, ਧਮਾਕੇ ਤੋਂ ਦੋ ਦਿਨ ਪਹਿਲਾਂ ਮਹਿਕਪ੍ਰੀਤ ਇੱਕ ਦੋਸਤ ਨੂੰ ਮਿਲਣ ਦਾ ਕਹਿ ਕੇ ਘਰੋਂ ਚਲੀ ਗਈ ਸੀ। ਉਹ ਧਮਾਕੇ ਤੋਂ ਚਾਰ ਜਾਂ ਪੰਜ ਦਿਨ ਬਾਅਦ ਵਾਪਸ ਆਈ ਅਤੇ ਆਪਣੇ ਕਮਰੇ ਵਿੱਚ ਕਿਸੇ ਨਾਲ ਫ਼ੋਨ ’ਤੇ ਗੱਲ ਕਰ ਰਹੀ ਸੀ। ਮਾਂ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੀ ਧੀ ਧਮਾਕੇ ਵਿੱਚ ਸ਼ਾਮਲ ਸੀ ਜਾਂ ਨਹੀਂ।
ਜਾਣਕਾਰੀ ਅਨੁਸਾਰ, ਰਾਜਸਥਾਨ ਪੁਲੀਸ ਨੇ ਮਹਿਕਪ੍ਰੀਤ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਕੋਲੋਂ 30,000 ਰੁਪਏ ਨਕਦ ਬਰਾਮਦ ਕੀਤੇ ਹਨ।
ਦਵਿੰਦਰ ਦੇ ਪਰਿਵਾਰ ਨੇ ਦੱਸਿਆ ਬੇਕਸੂਰ
ਦੂਜੇ ਪਾਸੇ, ਦਵਿੰਦਰ ਸਿੰਘ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਪਹਿਲਾਂ ਮਹਿਕਪ੍ਰੀਤ ਕੌਰ ਨੇ ਪਿਆਰ ਵਿੱਚ ਫਸਾਇਆ ਅਤੇ ਫਿਰ ਬੰਬ ਧਮਾਕੇ ਦੇ ਮਾਮਲੇ ਵਿੱਚ ਫਸਾ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਦਵਿੰਦਰ ਪੂਰੀ ਤਰ੍ਹਾਂ ਬੇਕਸੂਰ ਹੈ।
ਪਰਿਵਾਰ ਮੁਤਾਬਕ, ਧਮਾਕੇ ਵਾਲੀ ਰਾਤ ਦਵਿੰਦਰ ਝੋਨੇ ਦੀ ਫ਼ਸਲ ਦੀ ਪੇਮੈਂਟ ਲੈਣ ਲਈ ਅਨਾਜ ਮੰਡੀ ਗਿਆ ਹੋਇਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਮਹਿਕਪ੍ਰੀਤ ਨੇ ਹੀ ਉਸ ਨੂੰ ਪੁਲੀਸ ਕੋਲ ਗ੍ਰਿਫ਼ਤਾਰ ਕਰਵਾਇਆ।
ਅਕਤੂਬਰ ਵਿੱਚ ਵੀ ਕੀਤੀਆਂ ਗਈਆਂ ਸਨ ਧਮਾਕੇ ਦੀਆਂ ਕੋਸ਼ਿਸ਼ਾਂ
ਰਾਜਸਥਾਨ ਪੁਲੀਸ ਅਨੁਸਾਰ, ਮਹਿਕਪ੍ਰੀਤ ਕੌਰ ਦਾ ਸਾਬਕਾ ਪਤੀ ਕਰਮਵੀਰ ਸਿੰਘ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਮਹਿਕਪ੍ਰੀਤ ਕਥਿਤ ਤੌਰ ’ਤੇ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਆ ਗਈ ਸੀ।
ਜਾਂਚ ਮੁਤਾਬਕ, 6 ਅਕਤੂਬਰ ਨੂੰ ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ ’ਤੇ ਰਾਮਸਿੰਘਪੁਰ ਥਾਣੇ ਨੇੜੇ ਰੇਲਵੇ ਪਟੜੀਆਂ ਨੂੰ ਵਿਸਫੋਟਕ ਨਾਲ ਉਡਾਉਣ ਦੀ ਯੋਜਨਾ ਬਣਾਈ ਗਈ ਸੀ। ਹਾਲਾਂਕਿ, ਪਾਕਿਸਤਾਨ ਤੋਂ ਬੰਬ ਨਾ ਮਿਲਣ ਕਾਰਨ ਇਹ ਕੋਸ਼ਿਸ਼ ਨਾਕਾਮ ਰਹੀ।
ਇਸ ਤੋਂ ਬਾਅਦ 12 ਅਤੇ 13 ਅਕਤੂਬਰ ਨੂੰ ਮੁਲਜ਼ਮਾਂ ਨੇ ਪਾਕਿਸਤਾਨੀ ਹੈਂਡਲਰਾਂ ਵੱਲੋਂ ਦਿੱਤਾ ਗਿਆ ਟਾਈਮਰ ਵਾਲਾ ਬੰਬ ਰੇਲਵੇ ਪਟੜੀਆਂ ’ਤੇ ਲਗਾਇਆ, ਪਰ ਧਮਾਕਾ ਨਹੀਂ ਹੋ ਸਕਿਆ। ਪੁਲੀਸ ਅਨੁਸਾਰ, ਇਸ ਤੋਂ ਬਾਅਦ ਇੱਕ ਹੋਰ ਬੰਬ ਲਗਾਇਆ ਗਿਆ ਅਤੇ 3 ਨਵੰਬਰ ਨੂੰ ਰੇਲਵੇ ਟਰੈਕ ’ਤੇ ਧਮਾਕਾ ਹੋਇਆ।