ਕੈਨੇਡਾ ’ਚ ਪੁਲੀਸ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲਾ 18 ਸਾਲਾ ਪੰਜਾਬੀ ਨੌਜਵਾਨ ਪਿਸਤੌਲ ਸਮੇਤ ਗ੍ਰਿਫ਼ਤਾਰ
ਸਰੀ (ਕੈਨੇਡਾ): ਸਰੀ ਪੁਲੀਸ ਨੇ 18 ਸਾਲਾ ਪੰਜਾਬੀ ਨੌਜਵਾਨ ਨੂੰ ਪੁਲੀਸ ਨਾਕੇ ’ਤੇ ਰੁਕਣ ਦੀ ਬਜਾਏ ਕਾਰ ਭਜਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਕਾਰ ਵਿੱਚੋਂ ਨਾਜਾਇਜ਼ 9 ਐੱਮਐੱਮ ਦਾ ਪਿਸਤੌਲ ਬਰਾਮਦ ਹੋਇਆ ਹੈ।
ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਸਰੀ ਵਾਸੀ ਪਰਮਵੀਰ ਸਿੰਘ ਦਿਓਲ ਵਜੋਂ ਹੋਈ ਹੈ। ਪੁਲੀਸ ਮੁਤਾਬਕ, ਦੀਵਾਲੀ ਦੀ ਰਾਤ ਉਹ ਚਿੱਟੇ ਰੰਗ ਦੀ ਪੋਰਸ਼ ਕਾਰ ਚਲਾ ਰਿਹਾ ਸੀ। ਇਸ ਦੌਰਾਨ ਪੁਲੀਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਸਰੀ ਪੁਲੀਸ ਦੇ ਬੁਲਾਰੇ ਸਰਜੈਂਟ ਅਲੀ ਗੈਲਸ ਨੇ ਦੱਸਿਆ ਕਿ ਪੁਲੀਸ ਟੀਮ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ, ਪਰ ਡਰਾਈਵਰ ਨੇ ਰੁਕਣ ਦੀ ਬਜਾਏ ਕਾਰ ਦੀ ਰਫ਼ਤਾਰ ਹੋਰ ਵਧਾ ਦਿੱਤੀ। ਪੁਲੀਸ ਨੇ ਥੋੜ੍ਹੀ ਦੂਰੀ ’ਤੇ ਕਾਰ ਨੂੰ ਰੋਕ ਲਿਆ।
ਕਾਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ ਨਾਜਾਇਜ਼ 9 ਐੱਮਐੱਮ ਦਾ ਪਿਸਤੌਲ ਬਰਾਮਦ ਹੋਇਆ। ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਵੱਖ-ਵੱਖ ਜੁਰਮਾਂ ਤਹਿਤ 8 ਧਾਰਾਵਾਂ ਲਗਾਈਆਂ ਗਈਆਂ ਹਨ।
ਉਸ ਨੂੰ ਅਗਲੇ ਹਫ਼ਤੇ ਅਦਾਲਤ ਵਿੱਚ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ।