Rahul Gandhi ਦੇ ਕਾਫ਼ਲੇ ਦੀਆਂ ਗੱਡੀਆਂ ਦੀ ਟੱਕਰ: ਜਾਂਚ ਲਈ SIT ਗਠਿਤ, IG ਕਿਰਨ ਐੱਸ. ਕਰਨਗੇ ਅਗਵਾਈ
ਡੀ.ਜੀ.ਪੀ. ਦੇ ਨਿਰਦੇਸ਼ਾਂ ’ਤੇ ਆਈ.ਜੀ. ਕਿਰਨ ਐੱਸ. ਦੀ ਅਗਵਾਈ ਹੇਠ ਬਣੀ ਟੀਮ
ਉੱਤਰ ਪ੍ਰਦੇਸ਼ ਪੁਲੀਸ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਕਾਫ਼ਲੇ ਦੇ ਪਿੱਛੇ ਚੱਲ ਰਹੇ ਵਾਹਨਾਂ ਦੀ ਟੱਕਰ ਦੀ ਘਟਨਾ ਦੀ ਜਾਂਚ ਲਈ ਵਿਸ਼ੇਸ਼ ਤਫ਼ਤੀਸ਼ੀ ਟੀਮ (SIT) ਦਾ ਗਠਨ ਕੀਤਾ ਹੈ।
ਸੀਨੀਅਰ ਪੁਲੀਸ ਅਧਿਕਾਰੀਆਂ ਮੁਤਾਬਕ, ਸੂਬੇ ਦੇ ਪੁਲੀਸ ਮਹਾਨਿਰਦੇਸ਼ਕ (ਡੀ.ਜੀ.ਪੀ.) ਰਾਜੀਵ ਕ੍ਰਿਸ਼ਨ ਦੇ ਨਿਰਦੇਸ਼ਾਂ ’ਤੇ ਬਣੀ ਇਹ ਟੀਮ ਘਟਨਾ ਦੇ ਸਾਰੇ ਪਹਿਲੂਆਂ ਦੀ ਵਿਸਥਾਰਪੂਰਵਕ ਜਾਂਚ ਕਰੇਗੀ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ, ਜਦੋਂ ਰਾਹੁਲ ਗਾਂਧੀ ਸੁਲਤਾਨਪੁਰ ਵਿੱਚ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਜਾ ਰਹੇ ਸਨ।
ਆਈ.ਜੀ. ਕਿਰਨ ਐੱਸ. ਕਰਨਗੇ SIT ਦੀ ਅਗਵਾਈ
ਇੱਕ ਅਧਿਕਾਰਤ ਬਿਆਨ ਅਨੁਸਾਰ, SIT ਦੀ ਅਗਵਾਈ ਲਖਨਊ ਰੇਂਜ ਦੇ ਪੁਲੀਸ ਮਹਾਨਿਰੀਖਕ (ਆਈ.ਜੀ.) ਕਿਰਨ ਐੱਸ. ਕਰਨਗੇ। ਸੁਲਤਾਨਪੁਰ ਦੇ ਵਧੀਕ ਪੁਲੀਸ ਕਪਤਾਨ ਬ੍ਰਿਜ ਨਾਰਾਇਣ ਸਿੰਘ ਅਤੇ ਸੁਲਤਾਨਪੁਰ ਦੇ ਟਰੈਫਿਕ ਡਿਪਟੀ ਪੁਲੀਸ ਕਪਤਾਨ (ਡੀ.ਐੱਸ.ਪੀ.) ਰਾਮ ਕ੍ਰਿਸ਼ਨ ਚਤੁਰਵੇਦੀ ਇਸ ਟੀਮ ਦੇ ਮੈਂਬਰ ਹੋਣਗੇ।
ਜਾਂਚ ਟੀਮ ਹਾਦਸੇ ਦੇ ਕਾਰਨਾਂ ਅਤੇ ਹਾਲਾਤ ਦੀ ਜਾਂਚ ਕਰੇਗੀ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਸੁਰੱਖਿਆ ਪ੍ਰਬੰਧਾਂ ਜਾਂ ਟਰੈਫਿਕ ਕੰਟਰੋਲ ਵਿੱਚ ਕੋਈ ਲਾਪਰਵਾਹੀ ਜਾਂ ਕੁਤਾਹੀ ਤਾਂ ਨਹੀਂ ਹੋਈ। SIT ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਜ਼ਰੂਰੀ ਉਪਾਅ ਸੁਝਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਟੀਮ ਸਾਰੇ ਪਹਿਲੂਆਂ ਦੀ ਜਾਂਚ ਤੋਂ ਬਾਅਦ ਜਲਦ ਤੋਂ ਜਲਦ ਪੁਲੀਸ ਹੈੱਡਕੁਆਰਟਰ ਨੂੰ ਵਿਸਥਾਰਪੂਰਵਕ ਰਿਪੋਰਟ ਸੌਂਪੇਗੀ।
ਪੂਰਵਾਂਚਲ ਐਕਸਪ੍ਰੈੱਸ-ਵੇਅ ’ਤੇ ਵਾਪਰਿਆ ਸੀ ਹਾਦਸਾ
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਰਾਹੁਲ ਗਾਂਧੀ ਦੇ ਕਾਫ਼ਲੇ ਵਿੱਚ ਸ਼ਾਮਲ ਕੁਝ ਵਾਹਨ ਪੂਰਵਾਂਚਲ ਐਕਸਪ੍ਰੈੱਸ-ਵੇਅ ’ਤੇ ਆਪਸ ਵਿੱਚ ਟਕਰਾ ਗਏ। ਇਹ ਘਟਨਾ ਸਵੇਰੇ ਲਗਪਗ 10:15 ਵਜੇ ਵਾਪਰੀ, ਜਦੋਂ ਰਾਹੁਲ ਗਾਂਧੀ ਸੁਲਤਾਨਪੁਰ ਜਾ ਰਹੇ ਸਨ।
ਅਧਿਕਾਰੀ ਮੁਤਾਬਕ, ਕਾਫ਼ਲੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਸਥਾਨਕ ਕਾਂਗਰਸੀ ਆਗੂਆਂ ਦੀ ਇੱਕ ਨਿੱਜੀ ਗੱਡੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੇ ਚੱਲ ਰਹੇ ਵਾਹਨ ਇੱਕ-ਦੂਜੇ ਨਾਲ ਟਕਰਾ ਗਏ। ਪੁਲੀਸ ਨੇ ਦੱਸਿਆ ਕਿ ਟੱਕਰ ਵਿੱਚ ਸ਼ਾਮਲ ਕੁਝ ਵਾਹਨ ਰਸਤੇ ਵਿੱਚ ਕਾਫ਼ਲੇ ਨਾਲ ਜੁੜੇ ਸਨ। ਇਨ੍ਹਾਂ ਵਿੱਚ ਗੁਆਂਢੀ ਜ਼ਿਲ੍ਹੇ ਅਮੇਠੀ ਦੇ ਕਾਂਗਰਸ ਕਰਮਚਾਰੀਆਂ ਸਮੇਤ ਹੋਰ ਲੋਕ ਸਵਾਰ ਸਨ।
ਰਾਹੁਲ ਗਾਂਧੀ ਸੁਰੱਖਿਅਤ
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਰਾਹੁਲ ਗਾਂਧੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਮੁਤਾਬਕ, ਘਟਨਾ ਗੰਭੀਰ ਨਹੀਂ ਸੀ ਅਤੇ ਕਿਸੇ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।