Punjab Infoline

ਪੰਜਾਬੀ

ਅਕਾਲ ਯੂਨੀਵਰਸਿਟੀ ਵਿਖੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਉਤਸ਼ਾਹ ਨਾਲ ਮਨਾਇਆ।

09 Sep, 2026 03:39 PM

ਤਲਵੰਡੀ ਸਾਬੋ, 09 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ 'ਵਿਸ਼ਵ ਫਿਜ਼ੀਓਥੈਰੇਪੀ ਦਿਵਸ 2026' ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਵਿਭਾਗੀ ਕੋਆਰਡੀਨੇਟਰਾਂ ਡਾ. ਰਿਤੂ  ਅਤੇ ਡਾ. ਨਵਜੋਤ ਕੌਰ  ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਸਿਹਤ ਸੰਭਾਲ, ਬਿਮਾਰੀਆਂ ਤੋਂ ਬਚਾਅ, ਸਰੀਰਕ ਤੰਦਰੁਸਤੀ ਵਿੱਚ ਫਿਜ਼ੀਓਥੈਰੇਪੀ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਸੀ।ਸਮਾਗਮ ਦੀ ਸ਼ੁਰੂਆਤ ਪੈਰਾਂ ਦੀ ਜਾਂਚ ਸੰਬੰਧੀ ਗਤੀਵਿਧੀ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਅਤੇ ਭਾਗੀਦਾਰਾਂ ਦੇ ਪੈਰਾਂ ਦੀ ਬਣਾਵਟ, ਚਾਲ ਅਤੇ ਪੋਸਚਰ ਦੀ ਜਾਂਚ ਕੀਤੀ ਗਈ। ਇਸ ਦੌਰਾਨ ਮਾਹਰਾਂ ਨੇ ਫਿਜ਼ੀਓਥੈਰੇਪੀ ਰਾਹੀਂ ਪੈਰਾਂ ਦੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਪਛਾਣ ਕੇ ਸੁਧਾਰਨ ਬਾਰੇ ਅਹਿਮ ਜਾਣਕਾਰੀ ਦਿੱਤੀ ਤਾਂ ਜੋ ਭਵਿੱਖ ਵਿੱਚ ਸਰੀਰਕ ਸੰਤੁਲਨ ਅਤੇ ਤੁਰਨ-ਫਿਰਨ ਵਿੱਚ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ, ਵਿਦਿਆਰਥੀਆਂ ਲਈ 'ਫਿਜ਼ੀਓ ਫਿਟਨੈਸ' ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਭਾਗੀਦਾਰਾਂ ਦੀ ਸਰੀਰਕ ਤਾਕਤ, ਲਚਕੀਲਾਪਣ, ਸੰਤੁਲਨ ਅਤੇ ਫੁਰਤੀ ਦੀ ਪਰਖ ਕੀਤੀ ਗਈ। ਇਸ ਦੇ ਨਾਲ ਹੀ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਰਾਹੀਂ ਫਿਟਨੈਸ ਦੇ ਸੁਨੇਹੇ ਨੂੰ ਮਨੋਰੰਜਕ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਗੇਮ ਸਟਾਲ ਵੀ ਲਗਾਏ ਗਏ, ਜਿਨ੍ਹਾਂ ਨੇ ਵਿਦਿਆਰਥੀਆਂ ਵਿੱਚ ਟੀਮ ਭਾਵਨਾ ਅਤੇ ਉਤਸ਼ਾਹ ਵਧਾਇਆ। ਵਿਭਾਗ ਦੇ ਬੁਲਾਰਿਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਫਿਜ਼ੀਓਥੈਰੇਪੀ ਓ.ਪੀ.ਡੀ. ਦਾ ਉਦਘਾਟਨ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ, ਪੋਸਟਰ ਅਤੇ ਵਰਕਿੰਗ ਮਾਡਲ ਪ੍ਰਦਰਸ਼ਨੀਆਂ ਵਰਗੇ ਨਵੀਨਤਮ ਵਿਸ਼ਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਸਮਾਗਮ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਦੇਣ ਅਤੇ ਸਮਾਜ ਵਿੱਚ ਤੰਦਰੁਸਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਦ੍ਰਿਸ਼ਟੀ ਤੋਂ ਪੂਰਨ ਤੌਰ ‘ਤੇ ਸਫਲ ਰਿਹਾ।

Posted By: GURJANT SINGH

Latest News