ਕੈਨੇਡਾ: ਸਰੀ ’ਚ ਖ਼ਾਲਿਸਤਾਨੀ ਆਗੂ ਦੀ ਕਾਰ ਨੂੰ ਲਾਈ ਅੱਗ, ਨਿੱਝਰ ਦੇ ਸਹਿਯੋਗੀ ਦੀ ਬੱਸ ਦੀ ਵੀ ਭੰਨ-ਤੋੜ,ਸਰੀ ’ਚ ਖ਼ਾਲਿਸਤਾਨ ਸਮਰਥਕ ਰੈਲੀ ਤੋਂ ਬਾਅਦ ਕਾਰ ਨੂੰ ਲਾਈ ਅੱਗ
ਕੈਨੇਡਾ ਦੇ ਸਰੀ ਵਿੱਚ ਖ਼ਾਲਿਸਤਾਨੀ ਆਗੂ ਦੀ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਹਰਦੀਪ ਸਿੰਘ ਨਿੱਝਰ ਦੇ ਇੱਕ ਸਹਿਯੋਗੀ ਦੀ ਬੱਸ ਦੀ ਵੀ ਭੰਨ-ਤੋੜ ਕੀਤੀ ਗਈ। ਇਹ ਘਟਨਾ ਇਲਾਕੇ ਵਿੱਚ ਖ਼ਾਲਿਸਤਾਨ ਸਮਰਥਕ ਰੈਲੀ ਤੋਂ ਕੁਝ ਘੰਟਿਆਂ ਬਾਅਦ ਵਾਪਰੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਰੀ ਪੁਲਿਸ ਸਰਵਿਸ ਮੁਤਾਬਕ, ਅਧਿਕਾਰੀਆਂ ਨੂੰ ਰਾਤ 11:45 ਵਜੇ 14500 ਬਲਾਕ ਦੀ 91 ਐਵੇਨਿਊ ਵਿੱਚ ਬੁਲਾਇਆ ਗਿਆ ਸੀ। ਉੱਥੇ ਇੱਕ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਵਿੱਚ ਜੁਟੀ ਹੋਈ ਸੀ।
ਸ਼ੱਕੀ ਵਿਅਕਤੀ ਪੈਦਲ ਫ਼ਰਾਰ ਹੋਇਆ
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੱਗ ਲਗਾਉਣ ਵਾਲਾ ਸ਼ੱਕੀ ਵਿਅਕਤੀ ਪੈਦਲ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਘਟਨਾ ਪਿੱਛੇ ਕੋਈ ਸਪੱਸ਼ਟ ਮਕਸਦ ਸਾਹਮਣੇ ਨਹੀਂ ਆਇਆ।
ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਰਾਤ 11 ਵਜੇ ਤੋਂ ਅੱਧੀ ਰਾਤ ਤੱਕ ਦੀ CCTV ਫੁਟੇਜ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਦੀ ਜਾਂਚ ਮੇਜਰ ਕਰਾਈਮ ਇਨਵੈਸਟੀਗੇਟਰਜ਼ ਵੱਲੋਂ ਕੀਤੀ ਜਾ ਰਹੀ ਹੈ।
ਰੈਲੀ ਤੋਂ ਕੁਝ ਘੰਟਿਆਂ ਬਾਅਦ ਵਾਪਰੀ ਘਟਨਾ
ਇਹ ਘਟਨਾ ਇਲਾਕੇ ਵਿੱਚ ਹੋਈ ਇੱਕ ਖ਼ਾਲਿਸਤਾਨ ਸਮਰਥਕ ਰੈਲੀ ਤੋਂ ਕੁਝ ਘੰਟਿਆਂ ਬਾਅਦ ਵਾਪਰੀ। ਰੰਧਾਵਾ ਅਜਿਹੀਆਂ ਰੈਲੀਆਂ ਦੇ ਜਾਣੇ-ਪਛਾਣੇ ਪ੍ਰਬੰਧਕ ਹਨ। ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਉਨ੍ਹਾਂ ਨੂੰ ਅਪਰੈਲ ਵਿੱਚ 'ਡਿਊਟੀ ਟੂ ਵਾਰਨ' (Duty to Warn) ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਰਾਹੀਂ ਉਨ੍ਹਾਂ ਨੂੰ ਆਪਣੀ ਜਾਨ ਨੂੰ ਗੰਭੀਰ ਖ਼ਤਰੇ ਬਾਰੇ ਸੂਚਿਤ ਕੀਤਾ ਗਿਆ ਸੀ।
ਪੁਲਿਸ ਵੱਲੋਂ ਅਜਿਹੇ ਨੋਟਿਸ ਉਸ ਸਮੇਂ ਜਾਰੀ ਕੀਤੇ ਜਾਂਦੇ ਹਨ, ਜਦੋਂ ਕਿਸੇ ਵਿਅਕਤੀ ਦੀ ਜਾਨ ਨੂੰ ਖ਼ਤਰੇ ਸਬੰਧੀ ਪੁਖ਼ਤਾ ਜਾਣਕਾਰੀ ਮੌਜੂਦ ਹੋਵੇ।
ਹਰਦੀਪ ਸਿੰਘ ਨਿੱਝਰ ਨਾਲ ਕੀ ਹੈ ਸਬੰਧ?
'ਟੀਮ ਸ਼ਹੀਦ ਨਿੱਝਰ' ਦਾ ਸਬੰਧ ਹਰਦੀਪ ਸਿੰਘ ਨਿੱਝਰ ਨਾਲ ਹੈ। ਉਨ੍ਹਾਂ ਦਾ ਜਨਮ 11 ਅਕਤੂਬਰ 1977 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰ ਸਿੰਘ ਪੁਰਾ ਵਿੱਚ ਹੋਇਆ ਸੀ। 18 ਜੂਨ 2023 ਨੂੰ ਸਰੀ ਦੇ ਇਸੇ ਇਲਾਕੇ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕੈਨੇਡਾ ਅਤੇ FBI ਨੇ ਇਸ ਕਤਲ ਵਿੱਚ ਭਾਰਤੀ ਖ਼ੁਫ਼ੀਆ ਏਜੰਸੀਆਂ ਸਮੇਤ ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੈੱਟਵਰਕ ਦਾ ਹੱਥ ਹੋਣ ਦੇ ਦੋਸ਼ ਲਾਏ ਸਨ।
ਹਾਲਾਂਕਿ, ਪੁਲਿਸ ਨੇ ਅਜੇ ਤੱਕ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਨੂੰ ਰੈਲੀ ਜਾਂ ਕਿਸੇ ਵੀ ਸਮੂਹ/ਗਰੁੱਪ ਨਾਲ ਨਹੀਂ ਜੋੜਿਆ ਹੈ।