1984 Sikh Massacre: ਪੀੜਤ ਪਰਿਵਾਰਾਂ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ, 1 ਨਵੰਬਰ ਦੀ ਕਾਂਗਰਸ ਰੈਲੀ ਦਾ ਵਿਰੋਧ
1984 ਦੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਇੱਕ ਵਫ਼ਦ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਕਾਂਗਰਸ ਦੀ ਰੈਲੀ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਅਤੇ ਇਸ ਨੂੰ ਸਿੱਖਾਂ ਦੇ ਸੋਗ ਵਾਲੇ ਦਿਨ ਦਾ ਅਪਮਾਨ ਕਰਾਰ ਦਿੱਤਾ।
1984 ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੇ ਵਫ਼ਦ ਨੇ ਰਾਜਪਾਲ ਨੂੰ ਪੀੜਤ ਪਰਿਵਾਰਾਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੜ ਵਸੇਬੇ ਦੇ ਮਾਮਲਿਆਂ ਵਿੱਚ ਦਖਲ ਦੇਣ ਦੀ ਅਪੀਲ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਬੰਧਤ ਹੁਕਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।
ਮਕਾਨਾਂ, ਬੂਥਾਂ ਅਤੇ ਰੁਜ਼ਗਾਰ ਦੇ ਮੁੱਦੇ ਰਾਜਪਾਲ ਕੋਲ ਚੁੱਕੇ
ਵਫ਼ਦ ਨੇ ਪੀੜਤ ਪਰਿਵਾਰਾਂ ਨੂੰ ਮਕਾਨਾਂ ਅਤੇ ਫਲੈਟਾਂ ਦੀ ਅਲਾਟਮੈਂਟ ਤੇ ਉਨ੍ਹਾਂ ਦਾ ਕਬਜ਼ਾ ਦਿਵਾਉਣ, ਕਾਰੋਬਾਰ ਲਈ ਬੂਥ, ਰੈੱਡ ਕਾਰਡ ਅਤੇ ਰੁਜ਼ਗਾਰ ਨਾਲ ਸਬੰਧਤ ਮੁੱਦੇ ਉਠਾਏ। ਮੈਂਬਰਾਂ ਨੇ ਦੱਸਿਆ ਕਿ ਸਰਕਾਰੀ ਫੈਸਲਿਆਂ ਅਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਕਈ ਪਰਿਵਾਰ ਅਜੇ ਵੀ ਆਪਣੇ ਹੱਕਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ।
ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਸੂਬਾ ਸਰਕਾਰ ਤੋਂ ਲੰਬਿਤ ਮਾਮਲਿਆਂ ਦੀ ਸਥਿਤੀ ਬਾਰੇ ਰਿਪੋਰਟ ਮੰਗੀ ਜਾਵੇ ਅਤੇ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਏ ਜਾਣ। ਵਫ਼ਦ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਦਹਾਕਿਆਂ ਤੱਕ ਇੰਤਜ਼ਾਰ ਕਰਵਾਉਣਾ ਬੇਇਨਸਾਫੀ ਨੂੰ ਹੋਰ ਡੂੰਘਾ ਕਰਦਾ ਹੈ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 1984 ਦੇ ਪੀੜਤਾਂ ਦਾ ਮੁੜ ਵਸੇਬਾ ਕਿਸੇ ਵੀ ਸਰਕਾਰ ਦਾ ਅਹਿਸਾਨ ਨਹੀਂ, ਸਗੋਂ ਉਸ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਨਸਾਫ, ਮੁੜ ਵਸੇਬੇ ਅਤੇ ਪੀੜਤ ਪਰਿਵਾਰਾਂ ਦੇ ਬਣਦੇ ਹੱਕਾਂ ਦੀ ਲੜਾਈ ਵਿੱਚ ਹਰ ਪੱਧਰ 'ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।
1 ਨਵੰਬਰ ਦੀ ਕਾਂਗਰਸ ਰੈਲੀ ਦਾ ਵਿਰੋਧ ਕਰਨ ਦਾ ਐਲਾਨ
ਪੀੜਤ ਪਰਿਵਾਰਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅਤੇ ਚੋਣ ਕਮਿਸ਼ਨ ਵਿਰੁੱਧ ਰਾਹੁਲ ਗਾਂਧੀ ਵੱਲੋਂ ਸੱਦੀ ਗਈ ਰੈਲੀ ਸਿੱਖਾਂ ਦੇ ਦਰਦ ਪ੍ਰਤੀ ਕਾਂਗਰਸ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ 1 ਨਵੰਬਰ 1984 ਉਹ ਦਿਨ ਹੈ, ਜਦੋਂ ਦਿੱਲੀ ਵਿੱਚ ਸਿੱਖਾਂ ਦਾ ਵੱਡੇ ਪੱਧਰ 'ਤੇ ਕਤਲੇਆਮ ਸ਼ੁਰੂ ਹੋਇਆ ਸੀ।
ਉਨ੍ਹਾਂ ਮੁਤਾਬਕ, ਪੀੜਤ ਪਰਿਵਾਰਾਂ ਲਈ ਇਹ ਦਿਨ ਮਾਰੇ ਗਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਯਾਦ ਕਰਨ ਅਤੇ ਅਜੇ ਤੱਕ ਨਾ ਮਿਲੇ ਇਨਸਾਫ ਦਾ ਹਿਸਾਬ ਮੰਗਣ ਦਾ ਹੈ। ਉਸੇ ਸ਼ਹਿਰ ਅਤੇ ਉਸੇ ਤਰੀਕ ਨੂੰ ਸਿਆਸੀ ਤਾਕਤ ਦਾ ਪ੍ਰਦਰਸ਼ਨ ਕਰਨਾ ਉਨ੍ਹਾਂ ਦੇ ਜ਼ਖ਼ਮਾਂ ਨੂੰ ਮੁੜ ਕੁਰੇਦਣ ਦੇ ਬਰਾਬਰ ਹੈ।
ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਅਤੇ ਕਾਂਗਰਸ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਤਾਂ ਰੈਲੀ ਲਈ ਕੋਈ ਹੋਰ ਤਰੀਕ ਚੁਣੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇਨਸਾਫ ਅਤੇ ਸੰਵਿਧਾਨ ਦੀ ਗੱਲ ਕਰਨ ਵਾਲੀ ਪਾਰਟੀ ਆਪਣੇ ਅਤੀਤ ਦੀ ਜਵਾਬਦੇਹੀ ਤੋਂ ਬਚ ਨਹੀਂ ਸਕਦੀ। ਪੀੜਤ ਪਰਿਵਾਰਾਂ ਨੇ ਐਲਾਨ ਕੀਤਾ ਕਿ ਉਹ ਰੈਲੀ ਦਾ ਵਿਰੋਧ ਕਰਨਗੇ ਅਤੇ ਰਾਹੁਲ ਗਾਂਧੀ ਦੇ ਪੁਤਲੇ ਫੂਕਣਗੇ।
ਸਤਨਾਮ ਸਿੰਘ ਸੰਧੂ ਨੇ ਵੀ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 1 ਨਵੰਬਰ ਸਿੱਖ ਕੌਮ ਲਈ ਡੂੰਘੀ ਪੀੜਾ ਦਾ ਦਿਨ ਹੈ। ਇਸ ਦਿਨ ਦਿੱਲੀ ਵਿੱਚ ਸਿਆਸੀ ਭੀੜ ਇਕੱਠੀ ਕਰਨਾ ਪੀੜਤਾਂ ਦੇ ਦੁੱਖਾਂ ਪ੍ਰਤੀ ਬੇਰੁਖ਼ੀ ਦਰਸਾਉਂਦਾ ਹੈ।
ਵਫ਼ਦ ਵਿੱਚ ਕੌਣ-ਕੌਣ ਸੀ ਸ਼ਾਮਲ?
ਵਫ਼ਦ ਵਿੱਚ 1984 ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ, ਸਕੱਤਰ ਦਲਜੀਤ ਸਿੰਘ, ਚੇਅਰਮੈਨ ਗੁਰਦੇਵ ਸਿੰਘ, ਇੰਦਰਪਾਲ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਸਿੰਘ (ਡੀ ਪੀ), ਭੁਪਿੰਦਰ ਕੌਰ, ਰਾਜਵੰਤ ਕੌਰ, ਸੰਗੀਤਾ ਕੌਰ ਅਤੇ ਵਿਧਵਾ ਗੁਰਦੇਵ ਕੌਰ ਸ਼ਾਮਲ ਸਨ।
ਸੁਸਾਇਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਦੱਸਿਆ ਕਿ 1984 ਵਿੱਚ ਉਨ੍ਹਾਂ ਦੇ ਪਤੀ ਦੇ ਦੋ ਛੋਟੇ ਭਰਾਵਾਂ ਸਮੇਤ ਪਰਿਵਾਰ ਦੇ ਅੱਠ ਮੈਂਬਰ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਘਰ ਅਤੇ ਪਿਆਰੇ ਗੁਆਏ, ਉਹ ਅੱਜ ਵੀ ਉਸ ਸਦਮੇ ਵਿੱਚੋਂ ਗੁਜ਼ਰ ਰਹੇ ਹਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਨਸਾਫ ਦੀ ਉਮੀਦ ਜਤਾਈ ਅਤੇ ਪੀੜਤਾਂ ਦੇ ਮੁੱਦੇ ਚੁੱਕਣ ਲਈ ਸਤਨਾਮ ਸਿੰਘ ਸੰਧੂ ਦਾ ਧੰਨਵਾਦ ਕੀਤਾ।