Punjab Infoline

ਪੰਜਾਬੀ

ਲੰਗਰ ਸੇਵਾ ਕਮੇਟੀ ਨੰਗਲਾ ਵੱਲੋਂ ਪਿੰਡ ਨੰਗਲਾ ਵਿਖੇ ਖੂਨਦਾਨ ਕੈਂਪ ਲਗਾਇਆ

01 Nov, 2026 09:02 PM

(46 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਪਾਇਆ ਯੋਗਦਾਨ)
 

ਤਲਵੰਡੀ ਸਾਬੋ, 1 ਨਵੰਬਰ (ਗੁਰਜੰਟ ਸਿੰਘ ਨਥੇਹਾ)- ਲੰਗਰ ਸੇਵਾ ਕਮੇਟੀ ਨੰਗਲਾ ਵੱਲੋਂ ਪਿੰਡ ਨੰਗਲਾ ਵਿਖੇ ਭਾਈ ਕਾਹਨ ਸਿੰਘ ਖਾਲਸਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਏਮਜ਼ ਹਸਪਤਾਲ ਬਠਿੰਡਾ ਦੀ ਮੈਡੀਕਲ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ। ਕੈਂਪ ਦੌਰਾਨ 46 ਖੂਨਦਾਨੀਆਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਮੌਕੇ ਏਮਜ਼ ਹਸਪਤਾਲ ਬਠਿੰਡਾ ਤੋਂ ਪਹੁੰਚੇ ਡਾ. ਹਰੀਸ਼ ਨੇ ਖੂਨਦਾਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ, ਜਿਸ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਲੋੜ ਅਕਸਰ ਹਾਦਸਿਆਂ, ਗੰਭੀਰ ਬਿਮਾਰੀਆਂ ਅਤੇ ਸਰਜਰੀ ਦੌਰਾਨ ਪੈਂਦੀ ਹੈ। ਅਜਿਹੇ ਸਮੇਂ ਖੂਨਦਾਨੀਆਂ ਵੱਲੋਂ ਦਿੱਤਾ ਗਿਆ ਖੂਨ ਮਰੀਜ਼ਾਂ ਲਈ ਜੀਵਨਦਾਨ ਸਾਬਤ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਪ੍ਰਤੀ ਜਾਗਰੂਕ ਹੋਣ ਅਤੇ ਵੱਧ ਤੋਂ ਵੱਧ ਖੂਨਦਾਨ ਕਰਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਭਾਈ ਕਾਹਨ ਸਿੰਘ ਖਾਲਸਾ ਨੇ ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੰਗਰ ਸੇਵਾ ਕਮੇਟੀ ਨੰਗਲਾ ਵੱਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨਾਂ ਵਿੱਚੋਂ ਇੱਕ ਹੈ, ਕਿਉਂਕਿ ਇਸ ਨਾਲ ਕਿਸੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਉਨ੍ਹਾਂ ਕੈਂਪ ਨੂੰ ਸਫ਼ਲ ਬਣਾਉਣ ਲਈ ਖੂਨਦਾਨੀਆਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਭਾਈ ਕਾਹਨ ਸਿੰਘ ਖਾਲਸਾ ਨੇ ਖੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਅਤੇ ਏਮਜ਼ ਹਸਪਤਾਲ ਬਠਿੰਡਾ ਦੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਖੂਨਦਾਨੀਆਂ ਅਤੇ ਡਾਕਟਰਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਬਿੱਟੂ ਸਿੰਘ, ਕਾਲਾ ਸਿੰਘ, ਗੁਰਚਰਨ ਸਿੰਘ, ਗੁਰਜੱਜ ਸਿੰਘ, ਪ੍ਰਕਾਸ਼ ਸਿੰਘ, ਡਾਕਟਰ ਸੁਖਦੀਪ ਸਿੰਘ, ਕੁਲਦੀਪ ਸਿੰਘ, ਬਸੰਤ ਸਿੰਘ, ਨਿਰਮਲ ਸਿੰਘ, ਜਗਪਾਲ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਵੱਲੋਂ ਸਹਿਯੋਗ ਦਿੱਤਾ ਗਿਆ।

Latest News