ਲਾਹੌਰ ਵਿੱਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਦੀ ਮੰਗ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਦੀ ਪੰਜਾਬ CM ਨੂੰ ਲਿਖਿਆ ਪੱਤਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸੰਭਾਲ ਯਕੀਨੀ ਬਣਾਉਣ ਲਈ ਆਖਿਆ ਹੈ।
ਜਥੇਦਾਰ ਗੜਗੱਜ ਨੇ ਵਿਸ਼ੇਸ਼ ਤੌਰ ’ਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਬੰਧਤ ‘ਲਾਲ ਖੂਹ, ਕੱਟੜੀ ਚੰਦੂ’ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਪੱਤਰ ਦਾ ਮਕਸਦ ਇਤਿਹਾਸਕ ਵਿਰਾਸਤ ਵੱਲ ਧਿਆਨ ਦਿਵਾਉਣਾ
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਪੰਜਾਬ ਸਰਕਾਰ ਦੇ ਪ੍ਰੋਵਿੰਸ਼ੀਅਲ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਤ ਕੀਤਾ ਗਿਆ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੱਤਰ ਦਾ ਮਕਸਦ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ਉੱਤੇ ਦੋਸ਼ ਲਗਾਉਣਾ ਨਹੀਂ ਹੈ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਵੱਲ ਧਿਆਨ ਦਿਵਾਉਣਾ ਹੈ, ਜਿਸ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਜੁੜੇ ਹੋਏ ਹਨ।
ਲਾਹੌਰ ਦਾ ਸਿੱਖ ਇਤਿਹਾਸ ਨਾਲ ਡੂੰਘਾ ਸਬੰਧ
ਉਨ੍ਹਾਂ ਕਿਹਾ ਕਿ ਲਾਹੌਰ ਸਿੱਖ ਇਤਿਹਾਸ ਲਈ ਕੋਈ ਦੂਰਲਾ ਜਾਂ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹ ਧਰਤੀ ਹੈ ਜਿੱਥੇ ਸਿੱਖ ਗੁਰੂ ਸਾਹਿਬਾਨ ਦੀਆਂ ਯਾਦਾਂ, ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਗੁਰਸਿੱਖ ਪਰੰਪਰਾ ਦੇ ਅਨੇਕਾਂ ਅਧਿਆਇ ਆਪਣੀਆਂ ਭੌਤਿਕ ਨਿਸ਼ਾਨੀਆਂ ਸਮੇਤ ਮੌਜੂਦ ਰਹੇ ਹਨ।
ਉਨ੍ਹਾਂ ਕਿਹਾ ਕਿ ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ, ਪੰਜਾਬ ਦੀ ਵੰਡ ਅਤੇ ਹੋਰ ਇਤਿਹਾਸਕ ਹਾਲਾਤ ਕਾਰਨ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਹਨ ਜਾਂ ਆਪਣੀ ਪਹਿਲੀ ਸਥਿਤੀ ਵਿੱਚ ਨਹੀਂ ਰਹੀਆਂ। ਇਸ ਲਈ ਅੱਜ ਵੀ ਮੌਜੂਦ ਇਤਿਹਾਸਕ ਨਿਸ਼ਾਨੀਆਂ ਦੀ ਸੰਭਾਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।
ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ ਲਈ ਪਾਕਿਸਤਾਨ ਪੰਜਾਬ ਸਰਕਾਰ ਦੀ ਸ਼ਲਾਘਾ
ਜਥੇਦਾਰ ਗੜਗੱਜ ਨੇ ਲਹਿੰਦੇ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਅਤੇ ਉਨ੍ਹਾਂ ਨੂੰ ਮੁੜ ਖੋਲ੍ਹਣ ਲਈ ਪਾਕਿਸਤਾਨ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਉਨ੍ਹਾਂ ਨਾਲ ਹੀ ਕਿਹਾ ਕਿ ਇਹ ਕਾਰਜ ਉਸੇ ਭਾਵਨਾ ਨਾਲ ਮੁਕੰਮਲ ਕੀਤੇ ਜਾਣਗੇ, ਜਿਸ ਨਾਲ ਇਹ ਸ਼ੁਰੂ ਕੀਤੇ ਗਏ ਹਨ।
Posted By: Punjab Infoline Bureau