ਡਿਊਟੀ ਦੌਰਾਨ ਹਾਦਸੇ ’ਚ ਜ਼ਖਮੀ ਪੰਜਾਬ ਪੁਲਿਸ ਦੇ ASI ਪਵਨ ਕੁਮਾਰ ਸ਼ਰਮਾ ਦੀ ਇਲਾਜ ਦੌਰਾਨ ਮੌਤ
ਅੰਮ੍ਰਿਤਸਰ ਵਿੱਚ ਸਕੂਟੀ ਦੀ ਟੱਕਰ ਨਾਲ ਜ਼ਖ਼ਮੀ ਹੋਏ ਪੰਜਾਬ ਪੁਲਿਸ ਦੇ ASI ਪਵਨ ਕੁਮਾਰ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਹ ਪਿਛਲੇ 12 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਹ ਬੋਲ ਵੀ ਨਹੀਂ ਪਾ ਰਹੇ ਸਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ।
ਪਵਨ ਕੁਮਾਰ ਸ਼ਰਮਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਲਾਰੈਂਸ ਰੋਡ ’ਤੇ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਸਨ। ਪੁਲਿਸ ਮੁਤਾਬਕ 30 ਅਗਸਤ ਨੂੰ ਦੁਪਹਿਰ ਕਰੀਬ 1:45 ਵਜੇ ਉਹ ਸੈਲੀਬ੍ਰੇਸ਼ਨ ਰੋਡ ਨੇੜੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਡਿਊਟੀ ਕਰ ਰਹੇ ਸਨ।
ਪੁਲਿਸ ਅਨੁਸਾਰ ਇਸ ਦੌਰਾਨ ਪਵਨ ਕੁਮਾਰ ਨੇ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਸਕੂਟੀ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਸਕੂਟੀ ਸਵਾਰ ਨਾ ਰੁਕਿਆ ਤਾਂ ASI ਪਵਨ ਕੁਮਾਰ ਸੜਕ ਦੇ ਵਿਚਕਾਰ ਤੱਕ ਪਹੁੰਚ ਗਏ।
ਇਸੇ ਦੌਰਾਨ ਪਿੱਛੋਂ ਦੂਜੀ ਸਕੂਟੀ ’ਤੇ ਸਵਾਰ ਦੋ ਨੌਜਵਾਨ ਆ ਗਏ। ਅਚਾਨਕ ਸਾਹਮਣੇ ਆਏ ASI ਨੂੰ ਉਹ ਦੇਖ ਨਹੀਂ ਸਕੇ ਅਤੇ ਉਨ੍ਹਾਂ ਦੀ ਸਕੂਟੀ ਪਵਨ ਕੁਮਾਰ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੋਵੇਂ ਸਕੂਟੀ ਸਵਾਰ ਨੌਜਵਾਨ ਵੀ ਸੜਕ ’ਤੇ ਡਿੱਗ ਪਏ, ਜਦਕਿ ASI ਪਵਨ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਗਏ।
ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ਅੱਜ 12 ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
Posted By: Punjab Infoline Bureau