Punjab Infoline

ਪੰਜਾਬੀ

ਖ਼ਜ਼ਾਨੇ ਕਦੇ ਭਰਦੇ ਨਹੀਂ, ਪਰ ਸਰਕਾਰ ਦੀ ਕੰਮ ਕਰਨ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ- ਲੱਖੋਵਾਲ

25 Mar, 2019 05:30 AM

ਧੂਰੀ,24 ਮਾਰਚ (ਮਹੇਸ਼ ਜਿੰਦਲ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਹਰ ਮੁਹਾਜ਼ ’ਤੇ ਫ਼ੇਲ ਕਰਾਰ ਦਿੱਤਾ ਉੱਥੇ ਕੇਂਦਰ ਦੀ ਮੋਦੀ ਸਰਕਾਰ ’ਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੱੁਕਰਨ ਦਾ ਦੋਸ਼ ਲਾਇਆ। ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰੀ ਸੱਤਾ ’ਚ ਆਉਣ ਤੋਂ ਪਹਿਲਾਂ ਭਾਜਪਾ ਆਗੂ ਰਾਜਨਾਥ ਸਿੰਘ ਨੇ ਦਿੱਲੀ ਵਿਖੇ ਜਥੇਬੰਦੀ ਦੀ ਇੱਕ ਰੈਲੀ ਦੀ ਸਟੇਜ ਤੋਂ ਕਿਹਾ ਸੀ ਕਿ ਕੇਂਦਰ ’ਚ ਭਾਜਪਾ ਦੀ ਸਰਕਾਰ ਆਉਣ ’ਤੇ ਜਿੱਥੇ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ ਉੱਥੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਡਾ.ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ। ਪਰ ਪੰਜ ਸਾਲ ਸੱਤਾ ਹੰਢਾਉਣ ਦੇ ਬਾਵਜੂਦ ਮੋਦੀ ਸਰਕਾਰ ਨੇ ਦੋਹਾਂ ਵਿਚੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨਾਂ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਕੀਤੀ ਸ਼ੁਰੂਆਤ ਨੂੰ ਭਾਵੇਂ ਚੰਗਾ ਦੱਸਿਆ ਪਰ ਉਨਾਂ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਜਿੱਥੇ ਸਮੁੱਚੇ ਕਰਜ਼ਿਆਂ ਉੱਪਰ ਲੀਕ ਮਾਰਨ ਦੀ ਲੋੜ ਹੈ ਉੱਥੇ ਖੇਤੀ ਜਿਨਸਾਂ ਦੇ ਭਾਅ ਡਾ.ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਤੈਅ ਕਰਨ ਦੀ ਲੋੜ ਹੈ। ਉਨਾਂ ਕੈਪਟਨ ਵੱਲੋਂ ਖ਼ਜ਼ਾਨਾ ਖ਼ਾਲੀ ਹੋਣ ਦਾ ਰੋਲਾ ਪਾਉਣ ਬਾਰੇ ਕਿਹਾ ਕਿ ਖ਼ਜ਼ਾਨੇ ਕਦੇ ਵੀ ਨਹੀਂ ਭਰਦੇ ਪਰ ਸਰਕਾਰ ਦੀ ਕੰਮ ਕਰਨ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਲੋਕ ਸਭਾ ਚੋਣਾਂ ਵਿਚ ਜਥੇਬੰਦੀ ਕਿਹੜੀ ਸਿਆਸੀ ਪਾਰਟੀ ਦੀ ਮਦਦ ਕਰੇਗੀ ਬਾਰੇ ਲੱਖੋਵਾਲ ਨੇ ਕਿਹਾ ਕਿ ਅਜੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਉਨਾਂ ਗੰਨੇ ਦੀ ਫ਼ਸਲ ਦੀ ਅਦਾਇਗੀ ਕਰਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਹਾ ਕਿ ਸੰਘਰਸ਼ ਦੀ ਸਫਲਤਾ ਲਈ ਜਥੇਬੰਦੀ ਵੱਲੋਂ ਧਰਨੇ ਵਾਲੇ ਸਥਾਨ ’ਤੇ ਸੂਬਾ ਪੱਧਰੀ ਮੀਟਿੰਗ ਸੱਦ ਕੇ ਵਰਕਰਾਂ ਦੀਆਂ ਡਿੳੂਟੀਆਂ ਲਾਈਆਂ ਜਾਣਗੀਆਂ।

Posted By: MAHESH JINDAL

Latest News