ਇੰਡੀਗੋ ਦੀ ਦਿੱਲੀ-ਚੇਨਈ ਉਡਾਣ ਨੂੰ ਧਮਕੀ, ਜਹਾਜ਼ ਨੂੰ ਜਾਂਚ ਲਈ ਇਕਾਂਤ ਥਾਂ ’ਤੇ ਲਿਜਾਇਆ
ਜਹਾਜ਼ ਦੇ ਪਖਾਨੇ ਵਿੱਚ ਮਿਲਿਆ ਸੁਨੇਹਾ; ‘6E 6091 ਨੂੰ ਉਡਾਣ ਨਾ ਭਰਨ ਦਿਓ’
IndiGo Flight Threat: ਚੇਨਈ ਜਾਣ ਵਾਲੀ ਇੰਡੀਗੋ ਦੀ ਇੱਕ ਉਡਾਣ ਨੂੰ ਸ਼ੁੱਕਰਵਾਰ ਧਮਕੀ ਭਰਿਆ ਸੁਨੇਹਾ ਮਿਲਣ ਤੋਂ ਬਾਅਦ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ’ਤੇ ਵਾਪਸ ਪਾਰਕਿੰਗ ਵਾਲੀ ਥਾਂ ’ਤੇ ਲਿਆਂਦਾ ਗਿਆ। ਇਸ ਘਟਨਾ ਮਗਰੋਂ ਜਹਾਜ਼ ਨੇ ਉਡਾਣ ਨਹੀਂ ਭਰੀ।
ਉਡਾਣਾਂ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ‘ਫਲਾਈਟਰੇਡਾਰ24 ਡਾਟ ਕਾਮ’ ਅਨੁਸਾਰ, ਏਅਰਬੱਸ ਏ321 ਨਿਓ ਜਹਾਜ਼ ਰਾਹੀਂ ਚਲਾਈ ਜਾਣ ਵਾਲੀ ਦਿੱਲੀ-ਚੇਨਈ ਉਡਾਣ 6E 6091 ਨੇ ਦੁਪਹਿਰ ਕਰੀਬ 3 ਵੱਜ ਕੇ 15 ਮਿੰਟ ’ਤੇ ਰਵਾਨਾ ਹੋਣਾ ਸੀ।
ਸੂਤਰਾਂ ਨੇ ਦੱਸਿਆ ਕਿ ਹਵਾਈ ਆਵਾਜਾਈ ਕੰਟਰੋਲ (ਏਟੀਸੀ) ਨੂੰ ਫ਼ੋਨ ਆਇਆ ਸੀ, ਜਿਸ ਵਿੱਚ ਉਡਾਣ ਲਈ ਧਮਕੀ ਭਰਿਆ ਸੁਨੇਹਾ ਮਿਲਣ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਅਨੁਸਾਰ, ਜਹਾਜ਼ ਦੇ ਇੱਕ ਪਖਾਨੇ ਵਿੱਚ ਸੁਨੇਹਾ ਮਿਲਿਆ ਸੀ, ਜਿਸ ਵਿੱਚ ਲਿਖਿਆ ਸੀ, ‘6E 6091 ਨੂੰ ਉਡਾਣ ਨਾ ਭਰਨ ਦਿਓ।’
ਜਹਾਜ਼ ਨੂੰ ਜਾਂਚ ਲਈ ਇਕਾਂਤ ਥਾਂ ’ਤੇ ਲਿਜਾਣ ਦਾ ਫ਼ੈਸਲਾ
ਸੂਤਰਾਂ ਮੁਤਾਬਕ, ਜਹਾਜ਼ ਨੂੰ ਪਾਰਕਿੰਗ ਵਾਲੀ ਥਾਂ ਤੋਂ ਬਾਹਰ ਕੱਢ ਲਿਆ ਗਿਆ ਸੀ ਅਤੇ ਉਹ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਪਰ ਧਮਕੀ ਭਰਿਆ ਸੁਨੇਹਾ ਮਿਲਣ ਤੋਂ ਬਾਅਦ ਜਹਾਜ਼ ਦੀ ਤਲਾਸ਼ੀ ਲਈ ਉਸ ਨੂੰ ਹਵਾਈ ਅੱਡੇ ਦੇ ਇਕਾਂਤ ਸਥਾਨ ’ਤੇ ਲਿਜਾਣ ਦਾ ਫ਼ੈਸਲਾ ਕੀਤਾ ਗਿਆ।
ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਮਾਮਲੇ ’ਤੇ ਹਵਾਈ ਕੰਪਨੀ ਇੰਡੀਗੋ ਦੀ ਪ੍ਰਤੀਕਿਰਿਆ ਦੀ ਉਡੀਕ ਕੀਤੀ ਜਾ ਰਹੀ ਸੀ।