Punjab Infoline

ਪੰਜਾਬੀ

ਬਾਬਾ ਫੂਲ ਬਿਰਧ ਘਰ ਤਪਾ ਵਿਖੇ ਮਨਾਇਆ ਬਜ਼ੁਰਗਾਂ ਲਈ ਕੌਮਾਂਤਰੀ ਦਿਵਸ, ਵਿਸ਼ੇਸ਼ ਮੈਡੀਕਲ ਤੇ ਜਾਗਰੂਕਤਾ ਕੈਂਪ ਲਗਾਇਆ

04 Oct, 2026 12:04 AM

ਤਪਾ/ਬਰਨਾਲਾ: ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐਸ. ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਾਬਾ ਫੂਲ ਬਿਰਧ ਘਰ ਤਪਾ ਵਿਖੇ ਬਜ਼ੁਰਗਾਂ ਲਈ ਕੌਮਾਂਤਰੀ ਦਿਵਸ ਮਨਾਇਆ ਗਿਆ।

ਸਟੇਟ ਐਕਸ਼ਨ ਫਾਰ ਸੀਨੀਅਰ ਸਿਟੀਜ਼ਨ 2026-27 ਤਹਿਤ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ‘ਸਾਡੇ ਬਜ਼ੁਰਗ-ਸਾਡਾ ਮਾਣ’ ਮੁਹਿੰਮ ਅਧੀਨ ਵਿਸ਼ੇਸ਼ ਮੈਡੀਕਲ ਤੇ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਐਸ.ਡੀ.ਐਮ. ਸ਼੍ਰੀ ਆਯੂਸ਼ ਗੋਇਲ (ਆਈ.ਏ.ਐਸ.) ਨੇ ਕੀਤਾ।

ਬਜ਼ੁਰਗਾਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਆਯੂਸ਼ ਗੋਇਲ ਨੇ ਕਿਹਾ ਕਿ ਉਹ ਸਮਾਜ ਹੀ ਕਾਮਯਾਬ ਮੰਨਿਆ ਜਾਂਦਾ ਹੈ, ਜਿੱਥੇ ਬੱਚੇ ਖੁਸ਼ ਹਨ ਅਤੇ ਵੱਡਿਆਂ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਬਜ਼ੁਰਗਾਂ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਹੈ। ਕੈਂਪ ਦੌਰਾਨ ਵੱਖ-ਵੱਖ ਤਜਰਬੇਕਾਰ ਡਾਕਟਰਾਂ ਅਤੇ ਮਾਹਿਰਾਂ ਵੱਲੋਂ ਇੱਕੋ ਛੱਤ ਹੇਠ ਬਜ਼ੁਰਗਾਂ ਲਈ ਅੱਖਾਂ ਅਤੇ ਹੱਡੀਆਂ ਦੀ ਜਾਂਚ, ਗੈਰ-ਸੰਕਰਾਮਕ ਬਿਮਾਰੀਆਂ ਦੀ ਸਕ੍ਰੀਨਿੰਗ, ਡਿਮੈਂਸ਼ੀਆ ਦੀ ਪਛਾਣ ਅਤੇ ਮਨੋਵਿਗਿਆਨਕ ਸਲਾਹ ਸਮੇਤ ਵੱਖ-ਵੱਖ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।

ਮੈਡੀਕਲ ਜਾਂਚ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ, ਜਿਨ੍ਹਾਂ ਵਿੱਚ ਬੁਢਾਪਾ ਪੈਨਸ਼ਨ, ਸੀਨੀਅਰ ਸਿਟੀਜ਼ਨ ਕਾਰਡ ਅਤੇ ਬੈਂਕਾਂ ਦੀਆਂ ਸਕੀਮਾਂ ਸ਼ਾਮਲ ਹਨ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਸਟਾਲ ਲਗਾਇਆ ਗਿਆ, ਜਿੱਥੇ ਬਜ਼ੁਰਗਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਦੇਣ ਦੇ ਨਾਲ ਉਨ੍ਹਾਂ ਦੇ ਕਾਨੂੰਨੀ ਹੱਕਾਂ, ਮੇਂਟੇਨੈਂਸ, ਸੰਪਤੀ ਸਬੰਧੀ ਮਸਲਿਆਂ ਅਤੇ ਸੀਨੀਅਰ ਸਿਟੀਜ਼ਨ ਐਕਟ ਬਾਰੇ ਜਾਗਰੂਕ ਕੀਤਾ ਗਿਆ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ ਇਸੇ ਤਰ੍ਹਾਂ ਦੇ ਹੋਰ ਮੈਡੀਕਲ ਕੈਂਪ ਸ਼ਹਿਣਾ, ਮਹਿਲ ਕਲਾਂ ਅਤੇ ਧਨੌਲਾ ਵਿਖੇ ਵੀ ਲਗਾਏ ਜਾਣਗੇ, ਤਾਂ ਜੋ ਕੋਈ ਵੀ ਬਜ਼ੁਰਗ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ।

ਇਸ ਮੌਕੇ ਬੱਚਿਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਬਜ਼ੁਰਗਾਂ ਤੇ ਬੱਚਿਆਂ ਦੀਆਂ ਰੌਚਕ ਖੇਡਾਂ ਵੀ ਕਰਵਾਈਆਂ ਗਈਆਂ। ‘ਇੱਕ ਰੁੱਖ ਮਾਂ ਦੇ ਨਾਂਅ’ ਤਹਿਤ ਪੌਦੇ ਵੀ ਲਗਾਏ ਗਏ। ਇਸ ਤੋਂ ਇਲਾਵਾ ਬਜ਼ੁਰਗਾਂ ਲਈ ਯੋਗ ਕੈਂਪ ਕਰਵਾਇਆ ਗਿਆ ਅਤੇ ਬੱਚਿਆਂ ਨੇ ਬਜ਼ੁਰਗਾਂ ਦੇ ਸਤਿਕਾਰ ਤੇ ਦੇਖਭਾਲ ਲਈ ਸਹੁੰ ਵੀ ਚੁੱਕੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਨ ਸਿੰਘ ਸੈਕਟਰੀ ਰੈੱਡ ਕਰਾਸ, ਪਰਮਿੰਦਰ ਸਿੰਘ ਓਗੋਕੇ, ਸਰਪੰਚ ਹਰਵਿੰਦਰ ਸਿੰਘ ਢਿਲਵਾਂ, ਸੀਨੀਅਰ ਸਿਟੀਜ਼ਨ ਸੋਸਾਇਟੀ ਬਰਨਾਲਾ ਦੇ ਪ੍ਰਧਾਨ ਜੀ.ਸੀ. ਗੋਇਲ, ਯੂਨੀਵਰਸਿਟੀ ਕਾਲਜ ਢਿਲਵਾਂ ਦੇ ਵਿਦਿਆਰਥੀ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਸਨ।

Latest News