Punjab Infoline

ਪੰਜਾਬੀ

11 ਸਤੰਬਰ ਨੂੰ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ, ਆਇਲੂ ਪੰਜਾਬ ਨੇ ਕੀਤੀ ਸੰਘਰਸ਼ੀ ਉਮੀਦਵਾਰਾਂ ਦੀ ਹਮਾਇਤ ਦੀ ਅਪੀਲ

09 Sep, 2026 11:02 AM

ਵਕੀਲਾਂ ਦੀਆਂ ਚੋਣਾਂ ’ਚ ਸਾਫ਼ ਅਕਸ ਤੇ ਸੰਘਰਸ਼ੀ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ: ਆਇਲੂ ਪੰਜਾਬ

ਇਨ੍ਹਾਂ ਚੋਣਾਂ ਵਿੱਚ ਇਸਤਰੀਆਂ ਦਾ ਰਾਖਵਾਂਕਰਨ ਸ਼ਲਾਘਾਯੋਗ: ਦਲਿਓ/ਧੀਰਜ

ਚੰਡੀਗੜ੍ਹ, 9 ਸਤੰਬਰ (ਵਿਸ਼ਵ ਵਾਰਤਾ): ਆਲ ਇੰਡੀਆ ਲਾਇਰਜ਼ ਯੂਨੀਅਨ (ਆਇਲੂ) ਪੰਜਾਬ ਇਕਾਈ ਨੇ ਸੂਬੇ ਭਰ ਵਿੱਚ 11 ਸਤੰਬਰ ਨੂੰ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ’ਤੇ ਬਾਰ ਐਸੋਸੀਏਸ਼ਨਾਂ ਵਿੱਚ ਪ੍ਰਧਾਨ, ਸਕੱਤਰ ਅਤੇ ਹੋਰ ਅਹੁਦੇਦਾਰਾਂ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਸਮੁੱਚੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਹੈ। ਯੂਨੀਅਨ ਨੇ ਵਕੀਲਾਂ ਨੂੰ ਸਾਫ਼-ਸੁਥਰੇ ਅਕਸ ਵਾਲੇ ਅਤੇ ਸੰਘਰਸ਼ਾਂ ਵਿੱਚ ਵਧੀਆ ਭੂਮਿਕਾ ਨਿਭਾਉਣ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੱਤਾ ਹੈ।

ਅੱਜ ਇੱਥੇ ਆਇਲੂ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਧੀਰਜ ਕੁਮਾਰ ਜਲੰਧਰ, ਸੂਬਾ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸੂਬਾ ਜੁਆਇੰਟ ਸਕੱਤਰ ਐਡਵੋਕੇਟ ਹਰਬੰਸ ਸਿੰਘ ਚੌਹਾਨ ਅਤੇ ਸੂਬਾ ਵਿੱਤ ਸਕੱਤਰ ਡਾਕਟਰ ਰਾਜਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਪਿਛਲੇ ਦਿਨੀਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਵਿਰੁੱਧ ਲੜੇ ਅਤੇ ਜਿੱਤੇ ਸੰਘਰਸ਼ ਨੂੰ ਵਕੀਲ ਸਾਹਿਬਾਨ ਧਿਆਨ ਵਿੱਚ ਰੱਖਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਕੀਲਾਂ ਨੇ ਇਸ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ, ਉਨ੍ਹਾਂ ਨੂੰ ਪ੍ਰਧਾਨ, ਸਕੱਤਰ ਸਮੇਤ ਬਾਕੀ ਅਹੁਦਿਆਂ ਲਈ ਚੁਣਿਆ ਜਾਣਾ ਚਾਹੀਦਾ ਹੈ।

ਆਗੂਆਂ ਨੇ ਕਿਹਾ ਕਿ ਦੇਸ਼ ਦੇ ਰਾਜ ਪ੍ਰਬੰਧ ਵਿੱਚ ਫਾਸ਼ੀਵਾਦੀ ਰੁਝਾਨ ਇੱਕ ਖਤਰਨਾਕ ਵਰਤਾਰਾ ਹੈ। ਲੋਕਤੰਤਰ ਅਤੇ ਜਮਹੂਰੀਅਤ ਦੀ ਰਾਖੀ ਲਈ ਲੜਾਕੂ ਅਤੇ ਚੇਤੰਨ ਉਮੀਦਵਾਰਾਂ ਨੂੰ ਜਿਤਾਉਣ ਦੀ ਲੋੜ ਹੈ।

ਆਗੂਆਂ ਨੇ ਕਿਹਾ ਕਿ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਆਪਣੇ ਪੱਧਰ ’ਤੇ ਵਕੀਲ ਸਾਹਿਬਾਨ ਲਈ ਜੀਵਨ ਬੀਮਾ ਪਾਲਿਸੀ ਕਰਵਾਉਣ ਸਬੰਧੀ ਸੁਹਿਰਦਤਾ ਨਾਲ ਉਪਰਾਲੇ ਕਰਨੇ ਚਾਹੀਦੇ ਹਨ। ਕਿਸੇ ਵਕੀਲ ਦੀ ਮੌਤ ਜਾਂ ਅਪਾਹਜ ਹੋਣ ਦੀ ਸੂਰਤ ਵਿੱਚ ਇਹ ਬੀਮਾ ਵੱਡਾ ਸਹਾਰਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਬਾਕੀ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਹੋਰ ਨੁਮਾਇੰਦਿਆਂ ਵੱਲੋਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਨਾਲ ਤਾਲਮੇਲ ਕਰਕੇ ਮੌਤ ਜਾਂ ਨਕਾਰਾ ਹੋਣ ਦੀ ਸੂਰਤ ਵਿੱਚ ਘੱਟੋ-ਘੱਟ 25 ਲੱਖ ਰੁਪਏ ਮੁਆਵਜ਼ਾ ਦੇਣਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਜੇਤੂ ਨੁਮਾਇੰਦਿਆਂ ਨੂੰ ਅਗਾਊਂ ਸਲਾਹ ਦਿੰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ ਪ੍ਰਤੀ ਜਵਾਬਦੇਹੀ ਯਕੀਨੀ ਬਣਾਉਣ ਅਤੇ ਪਾਰਦਰਸ਼ਤਾ ਰੱਖਣ ਤੋਂ ਬਿਨਾਂ ਵਕੀਲ ਭਾਈਚਾਰੇ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ।

ਆਗੂਆਂ ਨੇ ਇਨ੍ਹਾਂ ਚੋਣਾਂ ਵਿੱਚ ਇਸਤਰੀਆਂ ਲਈ ਰਾਖਵਾਂਕਰਨ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ।

Posted By: Punjab Infoline Bureau

Latest News