Punjab Municipal Elections: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਉਂਸਿਪਲ ਚੋਣਾਂ ਬਣਨਗੀਆਂ ਸਿਆਸੀ ਧਿਰਾਂ ਲਈ ਸੈਮੀਫਾਈਨਲ, 28 ਨਵੰਬਰ ਨੂੰ ਵੋਟਿੰਗ
Punjab Municipal Elections: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਪਟਿਆਲਾ ਅਤੇ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ ਦੇ ਕੁੱਲ 52 ਵਾਰਡਾਂ ਵਿੱਚ ਹੋਣ ਵਾਲੀਆਂ ਮੁੜ ਚੋਣਾਂ ਸਿਆਸੀ ਪਾਰਟੀਆਂ ਲਈ ਸੈਮੀਫਾਈਨਲ ਸਾਬਤ ਹੋ ਸਕਦੀਆਂ ਹਨ। ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਇਨ੍ਹਾਂ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਾਢੇ ਚਾਰ ਸਾਲਾਂ ਵਿੱਚ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਦਾ ਫੀਡਬੈਕ ਮਿਲੇਗਾ। ਦੂਜੇ ਪਾਸੇ, ਵਿਰੋਧੀ ਪਾਰਟੀਆਂ ਨੂੰ ਵੀ ਸਰਕਾਰ ਨੂੰ ਘੇਰਨ ਅਤੇ ਉਸ ਦੇ ਕੰਮਕਾਜ ’ਤੇ ਸਵਾਲ ਚੁੱਕਣ ਦਾ ਮੌਕਾ ਮਿਲੇਗਾ।
ਨਗਰ ਨਿਗਮ ਪਟਿਆਲਾ ਦੇ 60 ਵਿੱਚੋਂ 30 ਵਾਰਡਾਂ ਵਿੱਚ ਮੁੜ ਚੋਣ ਹੋ ਰਹੀ ਹੈ। ਇਨ੍ਹਾਂ ਵਾਰਡਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਕਈ ਸੂਬਾਈ ਆਗੂਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਪਟਿਆਲਾ ਦੇ ਵਾਰਡ ਨੰਬਰ 38 ਤੋਂ ਪੀ.ਆਰ.ਟੀ.ਸੀ. ਪੰਜਾਬ ਦੇ ਚੇਅਰਮੈਨ ਹਰਪਾਲ ਜੁਨੇਜਾ ਜੇਤੂ ਰਹੇ ਸਨ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੇ ਵਾਰਡ ਨੰਬਰ 28 ਅਤੇ ਡਿਪਟੀ ਮੇਅਰ ਜਗਦੀਪ ਜੱਗਾ ਦੇ ਵਾਰਡ ਵਿੱਚ ਵੀ ਮੁੜ ਚੋਣ ਹੋ ਰਹੀ ਹੈ।
ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਦੇ ਵਾਰਡ ਨੰਬਰ 34 ਵਿੱਚ ਵੀ ਦੁਬਾਰਾ ਵੋਟਿੰਗ ਹੋਵੇਗੀ। ਦੂਜੇ ਪਾਸੇ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਨੁਜ ਖੋਸਲਾ ਦੇ ਵਾਰਡ ਨੰਬਰ 40, ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਦੇ ਵਾਰਡ ਨੰਬਰ 50 ਅਤੇ ਜਨਰਲ ਸਕੱਤਰ ਵਰੁਣ ਜਿੰਦਲ ਦੇ ਵਾਰਡ ਨੰਬਰ 46 ਸਮੇਤ ਕਈ ਹੋਰ ਸੀਨੀਅਰ ਆਗੂਆਂ ਦੇ ਵਾਰਡਾਂ ਵਿੱਚ ਵੀ ਮੁੜ ਚੋਣ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਕੰਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਭਾਜਪਾ ਵੱਲੋਂ ਕੇਂਦਰ ਸਰਕਾਰ ਦੇ ਲੋਕ ਹਿੱਤ ਵਿੱਚ ਕੀਤੇ ਕੰਮਾਂ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਚੋਣਾਂ ਸਿਆਸੀ ਪਾਰਟੀਆਂ ਦੇ ਦਾਅਵਿਆਂ ਅਤੇ ਕੰਮਾਂ ਪ੍ਰਤੀ ਲੋਕਾਂ ਦੀ ਰਾਏ ਸਾਹਮਣੇ ਲਿਆਉਣਗੀਆਂ।
ਨਗਰ ਨਿਗਮ ਪਟਿਆਲਾ ਦੇ 30, ਨਗਰ ਕੌਂਸਲ ਬਾਘਾਪੁਰਾਣਾ ਦੇ 15 ਅਤੇ ਧਰਮਕੋਟ ਦੇ 7 ਵਾਰਡਾਂ ਲਈ 28 ਨਵੰਬਰ ਨੂੰ ਵੋਟਿੰਗ ਹੋਵੇਗੀ।
ਕਾਂਗਰਸ ਨੇ ਪਟਿਆਲਾ ਨਿਗਮ ਦੇ 30 ਉਮੀਦਵਾਰ ਐਲਾਨੇ
ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ 30 ਵਾਰਡਾਂ ਤੋਂ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਐਲਾਨੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਜਸਵੀਰ ਕੌਰ, ਵਾਰਡ ਨੰਬਰ 4 ਤੋਂ ਲਵਜੋਤ ਸਿੰਘ, ਵਾਰਡ ਨੰਬਰ 6 ਤੋਂ ਸਦਾ ਰਾਮ, ਵਾਰਡ ਨੰਬਰ 12 ਤੋਂ ਐਡਵੋਕੇਟ ਭੂਪੇਸ਼ ਤਿਵਾੜੀ ਅਤੇ ਵਾਰਡ ਨੰਬਰ 14 ਤੋਂ ਮਨੋਜ ਠਾਕੁਰ ਨੂੰ ਟਿਕਟ ਦਿੱਤੀ ਗਈ ਹੈ।
ਇਸੇ ਤਰ੍ਹਾਂ ਵਾਰਡ ਨੰਬਰ 15 ਤੋਂ ਸੁਖਵਿੰਦਰ ਕੌਰ, ਵਾਰਡ ਨੰਬਰ 16 ਤੋਂ ਕੈਲਾਸ਼ ਪੁਰੋਹਿਤ, ਵਾਰਡ ਨੰਬਰ 22 ਤੋਂ ਨੇਹਾ ਸ਼ਰਮਾ, ਵਾਰਡ ਨੰਬਰ 26 ਤੋਂ ਰਾਜਨ ਕੁਮਾਰ, ਵਾਰਡ ਨੰਬਰ 28 ਤੋਂ ਰਾਜੇਸ਼ ਸ਼ਰਮਾ, ਵਾਰਡ ਨੰਬਰ 32 ਤੋਂ ਰੇਖਾ ਅਗਰਵਾਲ ਅਤੇ ਵਾਰਡ ਨੰਬਰ 33 ਤੋਂ ਰਜਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਵਾਰਡ ਨੰਬਰ 34 ਤੋਂ ਗੌਰਵ ਕੁਮਾਰ, ਵਾਰਡ ਨੰਬਰ 36 ਤੋਂ ਪ੍ਰਦੀਪ ਕੁਮਾਰ, ਵਾਰਡ ਨੰਬਰ 37 ਤੋਂ ਕਮਲਦੀਪ ਕੌਰ, ਵਾਰਡ ਨੰਬਰ 38 ਤੋਂ ਡਾ. ਕਰਮਜੀਤ ਸਿੰਘ ਢਿੱਲੋਂ, ਵਾਰਡ ਨੰਬਰ 40 ਤੋਂ ਵਿਨੋਦ ਕੁਮਾਰ, ਵਾਰਡ ਨੰਬਰ 41 ਤੋਂ ਰਾਜ ਰਾਣੀ ਅਤੇ ਵਾਰਡ ਨੰਬਰ 43 ਤੋਂ ਗੁਰਲੀਨ ਕੌਰ ਚੋਣ ਮੈਦਾਨ ਵਿੱਚ ਹੋਣਗੇ।
ਇਸ ਤੋਂ ਇਲਾਵਾ ਵਾਰਡ ਨੰਬਰ 44 ਤੋਂ ਗੌਤਮ, ਵਾਰਡ ਨੰਬਰ 45 ਤੋਂ ਮੋਹਿਨੀ ਦੇਵੀ, ਵਾਰਡ ਨੰਬਰ 46 ਤੋਂ ਰਾਜੇਸ਼ ਕੁਮਾਰ, ਵਾਰਡ ਨੰਬਰ 48 ਤੋਂ ਸੁਰਿੰਦਰ ਸਿੰਘ ਸੱਚਦੇਵਾ, ਵਾਰਡ ਨੰਬਰ 50 ਤੋਂ ਅਵਤਾਰ ਸਿੰਘ, ਵਾਰਡ ਨੰਬਰ 51 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 52 ਤੋਂ ਵਿਕਾਸ, ਵਾਰਡ ਨੰਬਰ 53 ਤੋਂ ਪੂਨਮ ਸ਼ਰਮਾ, ਵਾਰਡ ਨੰਬਰ 55 ਤੋਂ ਨਿਸ਼ਾ, ਵਾਰਡ ਨੰਬਰ 57 ਤੋਂ ਪੂਜਾ ਅਤੇ ਵਾਰਡ ਨੰਬਰ 58 ਤੋਂ ਗੋਪਾਲ ਸਿੰਘ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ ਹੈ।