Punjab Infoline

ਪੰਜਾਬੀ

ਕੈਨੇਡਾ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ 7 ਹਜ਼ਾਰ ਮੁਲਾਜ਼ਮਾਂ ਦਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ

26 Nov, 2026 09:41 AM

Canada Airport Security: ਕੈਨੇਡਾ ਦੇ ਕੁਝ ਕੌਮਾਂਤਰੀ ਹਵਾਈ ਅੱਡਿਆਂ ’ਤੇ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ੇ ਅਤੇ ਹੋਰ ਗ਼ੈਰ-ਕਾਨੂੰਨੀ ਵਸਤਾਂ ਦੀ ਤਸਕਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਹਵਾਈ ਅੱਡਿਆਂ ’ਤੇ ਕੰਮ ਕਰਦੇ ਮੁਲਾਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਦੌਰਾਨ ਕਰੀਬ 7 ਹਜ਼ਾਰ ਕਾਮਿਆਂ ਦਾ ਰਿਕਾਰਡ ਠੀਕ ਨਹੀਂ ਪਾਇਆ ਗਿਆ।

ਮੰਤਰੀ ਨੇ ਸਪੱਸ਼ਟ ਕੀਤਾ ਕਿ ਅਪਰਾਧਿਕ ਰਿਕਾਰਡ ਵਿੱਚ ਛੋਟੇ-ਮੋਟੇ ਅਪਰਾਧ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਵੱਡੀਆਂ ਟਰੈਫਿਕ ਉਲੰਘਣਾਵਾਂ ਵੀ ਆਉਂਦੀਆਂ ਹਨ। ਹੁਣ ਇਨ੍ਹਾਂ ਮੁਲਾਜ਼ਮਾਂ ਦੇ ਪਿਛੋਕੜ ਦੀ ਹੋਰ ਜਾਂਚ ਕੀਤੀ ਜਾਵੇਗੀ, ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਮੁਲਾਜ਼ਮਾਂ ਤੋਂ ਅਣਜਾਣੇ ਵਿੱਚ ਗ਼ਲਤੀਆਂ ਹੋਈਆਂ ਹਨ ਅਤੇ ਕਿਹੜਿਆਂ ਦੀ ਨੀਅਤ ’ਤੇ ਸਵਾਲ ਹਨ।

ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਰਕਾਰ ਦੀ ਪਹਿਲ ਹੈ। ਇਸ ਲਈ ਮੁਲਾਜ਼ਮਾਂ ਦੇ ਪਿਛੋਕੜ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ ਦੀ ਪੜਤਾਲ ਕੀਤੀ ਜਾਵੇਗੀ।

ਟੋਰਾਂਟੋ ਹਵਾਈ ਅੱਡੇ ’ਤੇ ਸੋਨੇ ਦੀ ਵੱਡੀ ਖੇਪ ਚੋਰੀ ਹੋਣ ਦਾ ਮਾਮਲਾ

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਵਾਪਰੀਆਂ ਕਈ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਤਿੰਨ ਸਾਲ ਪਹਿਲਾਂ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਕਾਰਗੋ ਰਾਹੀਂ ਆਏ ਸੈਂਕੜੇ ਕਰੋੜ ਰੁਪਏ ਦੇ ਸੋਨੇ ਦੀ ਡਿਲਿਵਰੀ ਫ਼ਰਜ਼ੀ ਬਿਲਟੀ ਰਾਹੀਂ ਲੈ ਲਈ ਗਈ ਸੀ।

ਇਸ ਮਾਮਲੇ ਵਿੱਚ ਏਅਰ ਕੈਨੇਡਾ ਵਿੱਚ ਮੈਨੇਜਰ ਵਜੋਂ ਕੰਮ ਕਰਦੇ ਭਾਰਤੀ ਮੂਲ ਦੇ ਇੱਕ ਵਿਅਕਤੀ ’ਤੇ ਦੋਸ਼ ਲੱਗੇ ਸਨ। ਹਾਲਾਂਕਿ, ਪੁਲਿਸ ਚੋਰੀ ਹੋਏ ਸੋਨੇ ਜਾਂ ਨਕਦੀ ਵਿੱਚੋਂ 2 ਫ਼ੀਸਦ ਹਿੱਸਾ ਵੀ ਬਰਾਮਦ ਨਹੀਂ ਕਰ ਸਕੀ।

ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ਾ ਤਸਕਰੀ ਦਾ ਮਾਮਲਾ

ਪਿਛਲੇ ਮਹੀਨੇ ਹਵਾਈ ਅੱਡਿਆਂ ਦੇ ਕੁਝ ਮੁਲਾਜ਼ਮਾਂ ਵੱਲੋਂ ਆਮ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਤਸਕਰਾਂ ਦੇ ਸੂਟਕੇਸਾਂ ਨਾਲ ਬਦਲ ਕੇ ਉਨ੍ਹਾਂ ਨੂੰ ਬਾਹਰ ਕਢਵਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਕਾਰਨ ਉਨ੍ਹਾਂ ਆਮ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਸੂਟਕੇਸਾਂ ’ਤੇ ਨਸ਼ਿਆਂ ਵਾਲੇ ਸੂਟਕੇਸਾਂ ਦੇ ਟੈਗ ਲਗਾ ਦਿੱਤੇ ਗਏ ਸਨ।

ਇਸ ਮਾਮਲੇ ਦੀ ਗੂੰਜ ਔਟਵਾ ਸਥਿਤ ਕੈਨੇਡਾ ਦੀ ਸੰਸਦ ਵਿੱਚ ਵੀ ਪਈ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਹੁਣ ਸਰਕਾਰ ਵੱਲੋਂ ਹਵਾਈ ਅੱਡਿਆਂ ’ਤੇ ਕੰਮ ਕਰਦੇ ਮੁਲਾਜ਼ਮਾਂ ਦੀ ਜਾਂਚ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।

Latest News